ਸਵੇਰੇ ਮੂੰਹ ਹਨੇਰੇ ADC ਨੇ ਕੀਤੀ ਢਾਬਿਆਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੀਆਂ ਦੀ ਦੁਕਾਨਾਂ ਦੀ ਚੈਕਿੰਗ
ਤਿਉਹਾਰਾਂ ਦੇ ਮੱਦੇ ਨਜ਼ਰ ਮਿਲਾਵਟੀ ਸਮਾਨ ਅਤੇ ਪਨੀਰ ਵੇਚਣ ਵਾਲਿਆਂ ਤੇ ਲਗਾਤਾਰ ਰੱਖੀ ਜਾਏਗੀ ਨਜ਼ਰ_ ਏਡੀਸੀ ਬੇਦੀ
ਰੋਹਿਤ ਗੁਪਤਾ
ਗੁਰਦਾਸਪੁਰ , 15 ਅਕਤੂਬਰ 2025- ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਨੂੰ ਖ਼ੁਰਾਕ ਪਦਾਰਥਾਂ ਵਿੱਚ ਮਿਲਾਵਟ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਮੁਹਿੰਮ ਵਿੱਢੀ ਗਈ ਹੈ। ਇਸ ਕੜੀ ਤਹਿਤ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਤੇ ਵਧੀਕ ਫੂਡ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂ ਅੱਜ ਸਵੇਰੇ ਤੜਕਸਾਰ ਹੀ ਸਰਹੱਦੀ ਇਲਾਕਿਆਂ, ਪਿੰਡਾਂ ਅਤੇ ਹਾਈਵੇ ਰੋਡਾਂ ਤੇ ਨਾਕਾਬੰਦੀ ਕਰਕੇ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਦੁਕਾਨਾਂ, ਢਾਬਿਆਂ, ਦੁੱਧ ਡੇਅਰੀਆਂ ਅਤੇ ਖ਼ੁਰਾਕ ਸਮਾਨ ਵੇਚਣ ਵਾਲਿਆਂ ਤੋਂ ਨਮਕ, ਆਟਾ, ਦੇਸੀ ਘਿਉ, ਰਸ, ਅਚਾਰ, ਦੁੱਧ ਅਤੇ ਪਨੀਰ ਦੇ ਸੈਂਪਲ ਇਕੱਠੇ ਕਰਕੇ ਉਨ੍ਹਾਂ ਨੂੰ ਜਾਂਚ ਲਈ ਫੂਡ ਲੈਬੋਰੇਟਰੀ ਖਰੜ ਭੇਜਿਆ।
ADC ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਤਿਉਹਾਰਾਂ ਦੇ ਸਮੇਂ ਬਾਜ਼ਾਰਾਂ ਵਿੱਚ ਮਿਲਾਵਟ ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਪ੍ਰਸ਼ਾਸਨ ਵੱਲੋਂ ਕਿਸੇ ਵੀ ਮਿਲਾਵਟੀ ਖ਼ੁਰਾਕ ਪਦਾਰਥ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਮਿਲਾਵਟ ਕਰਦੇ ਜਾਂ ਵਿਕਰੀ ਕਰਦੇ ਹੋਏ ਫੜੇ ਜਾਣਗੇ, ਉਨ੍ਹਾਂ ਖ਼ਿਲਾਫ਼ ਖ਼ੁਰਾਕ ਸੁਰੱਖਿਆ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।