ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ 2021-ਤੇਲ ਕੀਮਤਾਂ ਦੇ ਲਗਾਤਾਰ ਹੋ ਰਹੇ ਵਾਧੇ ਨਾਲ ਮਹਿੰਗਾਈ ਲੋਕਾਂ ਦੇ ਸਿਰ ਚੜ੍ਹਕੇ ਬੋਲਣ ਲੱਗੀ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਵਹੀਕਲਾਂ ’ਤੇ ਸਫ਼ਰ ਕਰਨਾ ਆਮ ਲੋਕਾਂ ਦੇ ਵੱਸੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪੈਟਰੋਲ ਪੰਪਾਂ ’ਤੇ ਅੱਜ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੰਪਾਂ ’ਤੇ ਪੈਟਰੋਲ 92.44 ਰੁਪਏ ਤੇ ਡੀਜ਼ਲ 83.47 ਰੁਪਏ ਪ੍ਰਤੀ ਲੀਟਰ ਲੋਕਾਂ ਨੂੰ ਮਿਲਣ ਲੱਗਾ ਹੈ। ਲਗਾਤਾਰ ਵਾਧੇ ਤਹਿਤ ਇਹ ਤੀਜੀ ਵਾਰ ਹੋਇਆ ਹੈ ਕਿ ਪੈਟਰੋਲ 23 ਪੈਸੇ ਤੇ ਡੀਜ਼ਲ 15 ਪੈਸੇ ਮਹਿੰਗਾ ਹੋਇਆ ਹੈ, ਜਿਸ ਕਾਰਨ ਲੋਕ ਨਿਰਾਸ਼ਾ ’ਚ ਹਨ ਤੇ ਕੇਂਦਰ ਸਰਕਾਰ ’ਤੇ ਲਗਾਤਾਰ ਰੋਸ ਜ਼ਾਹਿਰ ਕਰ ਰਹੇ ਹਨ। ਵਰਣਨਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਤੇਲ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਬਜ਼ਟ ਤੋਂ ਬਾਅਦ ਪਹਿਲੇ ਗੇੜ ਤਹਿਤ ਪੈਟਰੋਲ 91.86 ਤੇ ਡੀਜ਼ਲ 82.97 ਰੁਪਏ ਹੋਇਆ, ਦੂਜੇ ਗੇੜ ਵਿਚ ਪੈਟਰੋਲ 92.21 ਰੁਪਏ ਤੇ ਡੀਜ਼ਲ 83.32 ਰੁਪਏ ਹੋਇਆ, ਜਦੋਂਕਿ ਅੱਜ ਤੀਜੇ ਗੇੜ ਤਹਿਤ ਪੈਟਰੋਲ ਦਾ ਰੇਟ 92.44 ਰੁਪਏ ਤੇ ਡੀਜ਼ਲ ਦਾ ਰੇਟ 83.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।