ਅਸ਼ੋਕ ਵਰਮਾ
ਨਵੀਂ ਦਿੱਲੀ, 26 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਦਿੱਲੀ ਅੰਦਰ ਮੋਦੀ ਹਕੂਮਤ ਵੱਲੋਂ ਕਿਸਾਨਾਂ 'ਤੇ ਜਬਰ ਕਰਨ ਤੇ ਯੂ ਪੀ ਦੇ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਨਾਲ ਹੀ ਕਿਸਾਨਾਂ ਨੂੰ ਫ਼ਿਰਕੂ ਤੱਤਾਂ ਤੋਂ ਸੁਚੇਤ ਰਹਿਣ ਤੇ ਉਨ੍ਹਾਂ ਦੇ ਪਾਟਕ-ਪਾਊ ਮਨਸੂਬਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸੁਣਵਾਈ ਕਰਦਿਆਂ ਕਿਹਾ ਕਿ ਅੱਜ ਦੀਆਂ ਘਟਨਾਵਾਂ ਕਿਸਾਨਾਂ ਅੰਦਰ ਫੈਲ ਰਹੇ ਤਿੱਖੇ ਰੋਹ ਵੱਲ ਸੰਕੇਤ ਕਰਦੀਆਂ ਹਨ ਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੋਂ ਮੁਨਕਰ ਹੋ ਕੇ ਇਸ ਰੋਹ ਨੂੰ ਵਿਸਫੋਟਕ ਹੋਣ ਵੱਲ ਧੱਕ ਰਹੀ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਮਿੱਥੇ ਅਨੁਸਾਰ ਅੱਜ ਦੇ ਰੋਸ ਮਾਰਚ ਨੂੰ ਅਨੁਸ਼ਾਸਨਬੱਧ ਤਰੀਕੇ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਰੋਸ ਮਾਰਚ ਕਰਨਾ ਲੋਕਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਮੋਦੀ ਹਕੂਮਤ ਇਸ ਹੱਕ ਨੂੰ ਕੁਚਲਣ ਲਈ ਕੋਈ ਨਾ ਕੋਈ ਬਹਾਨਾ ਤਲਾਸ਼ਦੀ ਆ ਰਹੀ ਹੈ। ਅੱਜ ਲੋਕਾਂ ਨੇ ਆਪਣਾ ਇਹ ਹੱਕ ਬੁਲੰਦ ਕੀਤਾ ਹੈ। ਉਨ੍ਹਾਂ ਨਾਲ ਹੀ ਫ਼ਿਰਕੂ ਤੱਤਾਂ ਵੱਲੋਂ ਅੰਦੋਲਨ ਨੂੰ ਲੀਹੋਂ ਲਾਹੁਣ ਤੇ ਆਪਣੇ ਸੌੜੇ ਮੰਤਵਾਂ ਲਈ ਵਰਤਣ ਦੇ ਮਨਸੂਬਿਆਂ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੰਗਾਂ ਲਈ ਲਡ਼ਿਆ ਜਾ ਰਿਹਾ ਸੰਘਰਸ਼ ਹੈ ਜਿਸ ਨੂੰ ਸਮਾਜ ਦੇ ਸਭ ਧਰਮਾਂ-ਜਾਤਾਂ ਦੇ ਲੋਕ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਨੂੰ ਧਰਮ ਆਧਾਰਤ ਰਾਜ ਬਣਾਉਣ ਦੇ ਮਕਸਦਾਂ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਅਨੁਸ਼ਾਸਨਬੱਧ ਕੀਤੇ ਮਾਰਚ ਨੇ ਦੁਨੀਆ ਸਾਹਮਣੇ ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਤਾਂਘ ਨੂੰ ਦਰਸਾਇਆ ਹੈ ਤੇ ਮੋਦੀ ਸਰਕਾਰ ਦੇ ਗ਼ੈਰ ਜਮਹੂਰੀ ਰਵੱਈਏ ਨੂੰ ਉਘਾਡ਼ਿਆ ਹੈ।ਅੱਜ ਦੇ ਮਾਰਚ ਦਾ ਸੰਦੇਸ਼ ਹੋਰ ਵਧੇਰੇ ਜ਼ੋਰਦਾਰ ਬਣਨਾ ਸੀ ਜੇਕਰ ਇਸਨੂੰ ਫ਼ਿਰਕੂ ਮੁੱਦਿਆਂ ਤੋਂ ਮੁਕਤ ਰੱਖਿਆ ਜਾਂਦਾ। ਧਰਮ ਆਧਾਰਿਤ ਰਾਜ ਦੇ ਝੰਡੇ ਝੁਲਾਉਣ ਦੀ ਕਾਰਵਾਈ ਨੇ ਹਕੂਮਤ ਨੂੰ ਅੰਦੋਲਨ ਖ਼ਿਲਾਫ਼ ਪ੍ਰਚਾਰ ਕਰਨ ਲਈ ਇਕ ਮੌਕਾ ਮੁਹੱਈਆ ਕਰਵਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੰਘਰਸ਼ ਦਾ ਧਰਮ ਨਿਰਪੱਖ ਤੇ ਜਮਹੂਰੀ ਕਿਰਦਾਰ ਸਲਾਮਤ ਰੱਖਣ ਲਈ ਜ਼ੋਰਦਾਰ ਯਤਨ ਜੁਟਾਉਣ ਦੀ ਲੋੜ ਹੈ ਤੇ ਅਜਿਹੇ ਅਨਸਰਾਂ ਨੂੰ ਸੰਘਰਸ਼ ਵਿੱਚੋਂ ਖਦੇੜਿਆ ਜਾਣਾ ਚਾਹੀਦਾ ਹੈ।