ਲੁਧਿਆਣਾ, 23 ਜਨਵਰੀ 2021 - ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸਧਾਰ ਨੇ ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ ਦੇ ਸਹਿਯੋਕ ਨਾਲ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਹਿੰਦ ਦੀ ਚਾਦਰ ਅਨੋਖੀ ਕੁਰਬਾਨੀ ਕਰਵਾਇਆ।
ਤਕਰੀਬਨ ਇੱਕ ਸਾਲ ਚੱਲੇ ਕੋਵਿਡ-19 ਦੇ ਸਮੇਂ ਕਾਲ ਤੋਂ ਬਾਅਦ ਕਾਲਜ ਦਾ ਇਹ ਪਹਿਲਾ ਰਾਸ਼ਟਰੀ ਪੱਧਰ ਦਾ ਸੈਮੀਨਾਰ ਹੈ, ਜਿਸ ਨੂੰ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਚਲਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਪਾਠ ਸ੍ਰੀ ਸੁਖਮਨੀ ਸਾਹਿਬ ਤੋਂ ਕੀਤੀ ਗਈ। ਇਸ ਮਗਰੋਂ ਸਮੂਹ ਸੰਗਤ, ਜਿਸ ਵਿੱਚ ਜੀ. ਐੱਚ. ਜੀ. ਖ਼ਾਲਸਾ ਗਵਰਨਿੰਗ ਕਾਂਸਲ ਦੇ ਪ੍ਰਧਾਨ ਸਾਹਿਬ ਸ. ਮਨਜੀਤ ਸਿੰਘ ਗਿੱਲ; ਸਕੱਤਰ ਸ੍ਰੀ. ਐੱਸ. ਐੱਸ. ਥਿੰਦ; ਸਮੂਹ ਅਧਿਆਪਕ ਵਰਗ; ਬੀ.ਐੱਡ. ਅਤੇ ਐੱਮ. ਐੱਡ. ਦੇ ਵਿਦਿਆਰਥੀਆਂ ਨੇ ਕਾਲਜ ਸ਼ਬਦ ‘ਦੇਹ ਸਿਵਾ ਵਰ ਮੋਹਿ ਇਹੈ’ ਤੋਂ ਕੀਤੀ ਗਈ। ਇਸ ਮਗਰੋਂ ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਜੀ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ। ਉਦਘਾਟਨੀ ਸਮਾਰੋਹ ਵਿੱਚ ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ ਦੇ ਪ੍ਰਿੰਸੀਪਲ ਡਾ. ਭਾਗਵਨ ਬਲਾਨੀ ਨੇ ਇਸ ਸੈਮੀਨਾਰ ਦੇ ਉਦੇਸ਼ਾਂ ਬਾਰੇ ਸਮੂਹ ਸਾਧ ਸੰਗਤ ਨੂੰ ਜਾਣੂ ਕਰਵਾਇਆ।
ਇਸ ਮੌਕੇ ’ਤੇ ਕਾਲਜ ਦੇ ਛਿਮਾਹੀ ਜਨਰਲ ਜੀ. ਐੱਚ. ਜੀ. ਜਨਰਲ ਆਫ਼ ਸਿਕਸਥ ਥੌਟ ਦਾ ਵਿਸ਼ੇਸ਼ ਅੰਕ, ਜੋ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜਾਰੀ ਕੀਤਾ ਗਿਆ। ਇਸ ਜਨਰਲ ਵਿੱਚ ਪ੍ਰੋਫ਼ੈਸਰ ਸਹਿਬਾਨਾ ਅਤੇ ਖੋਜਾਰਥੀਆਂ ਦੇ 25 ਪੇਪਰ ਸ਼ਾਮਿਲ ਕੀਤੇ ਗਏ, ਜੋ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਉੱਪਰ ਅਧਾਰਿਤ ਸਨ।
ਇਸ ਮਗਰੋਂ ਡਾ. ਬਲਵਿੰਦਰ ਪਾਲ ਸਿੰਘ, ਮੁਖੀ (ਰਿਟਾ.) ਅਰਥ ਵਿਗਿਆਨ ਵਿਭਾਗ, ਜੀ. ਐੱਚ. ਜੀ. ਖ਼ਾਲਸਾ ਕਾਲਜ, ਗੁਰੂਸਰ ਸਧਾਰ; ਡਾ. ਰਾਜੀਵ ਝਾ, ਐਸੋਸੀਏਟ ਪ੍ਰੋਫ਼ੈਸਰ, ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ; ਡਾ. ਰਾਜੂ ਤਲਰੇਜਾ, ਸਹਾਇਕ ਪ੍ਰੋਫ਼ੈਸਰ, ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ; ਡਾ. ਪੰਨਾ ਪੁਰੋਹਿਤ, ਖੋਜਾਰਥੀ, ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ ਅਤੇ ਡਾ. ਜਗਜੀਤ ਸਿੰਘ, ਸਹਾਇਕ ਪ੍ਰੋਫ਼ੈਸਰ, ਜੀ. ਐੱਚ. ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸਧਾਰ ਨੇ ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਆਪੋ ਆਪਣੇ ਪਰਚੇ ਪੜ੍ਹੇ।
ਇਸ ਮਗਰੋਂ ਡਾ. ਆਰ. ਐੱਸ. ਚੰਦੋਕ, ਪ੍ਰਿੰਸੀਪਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਜਬਲਪੁਰ; ਸ੍ਰੀ. ਅਭਿਨਾਸ਼ ਮਹਾਂਪਾਤਰਾ, ਪ੍ਰਧਾਨ, ਪ੍ਰਧਾਨ ਕਾਨੂੰਨੀ ਸੈੱਲ, ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਬਿਹਾਰ, ਡਾ. ਮਨਦੀਪ ਕੋਚਰ, ਐਸੋਸੀਏਟ ਪ੍ਰੋਫ਼ੈਸਰ, ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ ਅਤੇ ਡਾ. ਇੰਦਰਜੀਤ ਸਿੰਘ ਵਾਸੂ, ਸ੍ਰੀ ਗੁਰੂ ਅੰਗਦ ਦੇਵ ਇਨਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਨੇ ਅੱਜ ਦੇ ਸੈਮੀਨਾਰ ਦੇ ਵਿਸ਼ੇ ਬਾਰੇ ਪ੍ਰਭਾਵਸ਼ੀਲ ਚਰਚਾ ਕੀਤੀ। ਜੀ. ਐੱਚ. ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸਧਾਰ ਦੇ ਐਸੋਸੀਏਟ ਪ੍ਰੋਫ਼ੈਸਰ, ਡਾ. ਮਨੂੰ ਚੱਢਾ ਜੀ ਅਤੇ ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ, ਮੁੰਬਈ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਮਨਦੀਪ ਕੌਰ ਕੋਚਰ ਜੀ ਨੇ ਇਸ ਸੈਮੀਨਾਰ ਵਿੱਚ ਪ੍ਰਬੰਧਕੀ ਸਕੱਤਰ ਵਜੋਂ ਭੂਮਿਕਾ ਨਿਭਾਈ। ਅਖੀਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹੋਏ, ਕੜਾਹ ਪ੍ਰਸਾਦਿ ਅਤੇ ਲੰਗਰ ਛਕਦੇ ਹੋਏ ਇਸ ਸੈਮੀਨਾਰ ਦੀ ਸਮਾਪਤੀ ਕੀਤੀ ਗਈ।