Political Special: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉੱਡੀਆਂ ਸਿਆਸੀ ਲੋਕਾਂ ਦੀਆਂ ਨੀਂਦਰਾਂ
ਅਸ਼ੋਕ ਵਰਮਾ
ਬਠਿੰਡਾ, 9 ਮਈ 2026 : ਪੰਜਾਬ ਦੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਤੇ ਸੀਨੀਅਰ ‘ਆਪ’ ਆਗੂ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਨੇ ਸੂਬੇ ਦੇ ਸਿਆਸੀ ਮਹੌਲ ’ਚ ਤਰਥੱਲੀ ਮਚਾ ਦਿੱਤੀ ਹੈ। ਹਾਲਾਂਕਿ ਇਹ ਮਾਮਲਾ ਸੱਤਾਧਾਰੀ ਧਿਰ ਨਾਲ ਜੁੜਿਆ ਹੋਇਆ ਹੈ ਪਰ ਈਡੀ ਦੀ ਕਾਰਵਾਈ ਨੇ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੇ ਫਿਕਰ ਵਧਾ ਦਿੱਤੇ ਹਨ। ਅਪਰੈਲ ਮਹੀਨੇ ’ਚ ਵੀ ਈਡੀ ਨੇ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ਤੇ ਛਾਪੇ ਮਾਰੇ ਸਨ । ਇਸ ਤੋਂ ਕਰੀਬ 3 ਹਫਤੇ ਸੰਜੀਵ ਅਰੋੜਾ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਨੂੰ ਸਿਆਸੀ ਤੌਰ ’ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਵਿੱਚ ਈਡੀ ਦਾ ਫੋਕਸ ਸਪੱਸ਼ਟ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਵੱਲ ਤਬਦੀਲ ਹੋ ਗਿਆ ਹੈ।
ਵਾਰ-ਵਾਰ ਵੱਜਣ ਵਾਲੇ ਛਾਪਿਆਂ ਅਤੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਸਿੱਟੇ ਦੇ ਚੱਲ ਰਹੀ ਵੱਖ ਵੱਖ ਮਾਮਲਿਆਂ ਦੀ ਚੱਲ ਰਹੀ ਜਾਂਚ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਗੂਆਂ ਨੂੰ ‘ਚੋਣਵਾਂ ਨਿਸ਼ਾਨਾ’ ਬਣਾਉਣ ਦੇ ਦੋਸ਼ਾਂ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਛਾਪਿਆਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ‘ਲੋਕਤੰਤਰ ਦਾ ਕਤਲ’ ਅਤੇ ਭਾਜਪਾ ਸਰਕਾਰ ਦੀ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ। ਪਿਛਲੇ ਕੁੱਝ ਸਮੇਂ ਤੋਂ ਈਡੀ ਪੰਜਾਬ ’ਚ ਲੋੜ ਤੋਂ ਵੱਧ ਸਰਗਰਮ ਨਜ਼ਰ ਆ ਰਹੀ ਹੈ। ਪੰਜਾਬ ਦੀ ਹਰ ਵੱਡੀ ਚੋਣ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਸਰਗਰਮੀਆਂ ’ਚ ਵਾਧਾ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਮਹਿਜ਼ ਕੁੱਝ ਹਫਤੇ ਪਹਿਲਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਦੇ ਭਤੀਜੇ ਨੂੰ ਵੀ ਰੇਤ ਦੀ ਨਾਜਾਇਜ਼ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ।
ਇਸ ਕਾਰਵਾਈ ਉਪਰੰਤ ਸਥਿਤੀ ਇਕਦਮ ਬਦਲ ਗਈ ਅਤੇ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਹਲਕਿਆਂ ਤੋਂ ਹਾਰ ਗਏ ਸਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਈਡੀ ਦੀ ਕਾਰਵਾਈ ’ਚ ਚੋਣ ਮੁਹਿੰਮ ਨੂੰ ਲੀਹੋਂ ਲਾਹੁਣ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਹੈ ਜਿਸ ਕਰਕੇ ਸਿਆਸੀ ਲੋਕਾਂ ਡਰ ਦਾ ਮਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਿਰ ’ਤੇ ਹੋਣ ਕਾਰਨ ਈਡੀ ਦੀ ਸਰਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਹਾਕਮ ਧਿਰ ਦੀਆਂ ਸਿਆਸੀ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਈਡੀ ਦੇ ਰਾਡਾਰ ’ਤੇ ਪੰਜਾਬ ਦੇ ਆਗੂਆਂ ਦੀ ਸੂਚੀ ਕਾਫੀ ਲੰਬੀ ਹੈ ਜਿਸ ਵਿੱਚ ਤਕਰੀਬਨ ਹਰ ਵੱਡੀ ਸਿਆਸੀ ਪਾਰਟੀ ਦੇ ਨੇਤਾ ਸ਼ਾਮਲ ਹਨ। ਇਸ ਮੌਕੇ ਪ੍ਰਸ਼ਾਸਕੀ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਭਾਰੂ ਹੈ ਕਿ ਚੋਣਾਂ ਤੱਕ ਈਡੀ ਦੀਆਂ ਪੰਜਾਬ ’ਚ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਤੇ ਅਚਨਚੇਤ ਛਾਪਿਆਂ ਦੇ ਮਾਮਲੇ ਵਧ ਸਕਦੇ ਹਨ।
ਪੰਜਾਬ ਵਿੱਚ ਈਡੀ ਦੀ ਸਰਗਰਮੀ 2014-16 ਤੋਂ ਸ਼ੁਰੂ ਹੋਈ ਸੀ ਜਦੋਂ ਈਡੀ ਅਧਿਕਾਰੀ ਨਿਰੰਜਨ ਸਿੰਘ (ਹੁਣ ਸੇਵਾਮੁਕਤ) ਨੇ ਕਥਿਤ ਕਰੋੜਾਂ ਦੇ ਭੋਲਾ ਡਰੱਗ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਉਸ ਮਗਰੋਂ ਅਕਾਲੀ ਆਗੂ ਬਿਕਰਮ ਮਜੀਠੀਆ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ (ਹੁਣ ਸਵਰਗੀ), ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਵੀਰ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ (ਹੁਣ ਭਾਜਪਾ ਵਿੱਚ), ਉਨ੍ਹਾਂ ਦੇ ਭਰਾ ਸਟੀਵਨ ਕਲੇਰ (ਹੁਣ ‘ਆਪ’ ਵਿੱਚ) ਵਰਗੇ ਆਗੂਆਂ ਨੂੰ ‘ਫੇਮਾ’ ਦੀਆਂ ਉਲੰਘਣਾਵਾਂ ਦਾ ਮੁਲਾਂਕਣ ਕਰਨ ਲਈ ਤਲਬ ਕੀਤਾ ਗਿਆ ਸੀ। ਈਡੀ ਨੇ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਘਰਾਂ ’ਤੇ ਵੀ ਛਾਪੇ ਮਾਰੇ ਸਨ ਜਦੋਂਕਿ ਧਰਮਸੋਤ ਨੂੰ ਤਾਂ ਗ੍ਰਿਫ਼ਤਾਰ ਵੀ ਕਰ ਲਿਆ ਸੀ। ਈਡੀ ਨੇ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਪਹਿਲੀ ਵਾਰ ਜੁਲਾਈ 2016 ਵਿੱਚ ਈਡੀ ਨੇ ਤਲਬ ਕੀਤਾ ਅਤੇ ਪੁੱਛਗਿੱਛ ਕੀਤੀ ਸੀ। ਉਹ ਨਵੰਬਰ 2020 ਵਿੱਚ ਮੁੜ ਈਡੀ ਸਾਹਮਣੇ ਪੇਸ਼ ਹੋਏ। ਜਾਣਕਾਰੀ ਅਨੁਸਾਰ ਰਣਇੰਦਰ ਵਿਰੁੱਧ ਈਡੀ ਦੀ ਜਾਂਚ ਆਮਦਨ ਕਰ ਵਿਭਾਗ ਦੀ ਉਸ ਕਥਿਤ ਛਾਣਬੀਣ ਨਾਲ ਜੁੜੀ ਹੋਈ ਸੀ ਕਿ ਵਿਦੇਸ਼ਾਂ ਵਿੱਚ ਉਨ੍ਹਾਂ ਦੁਆਰਾ ਹਾਸਲ ਕੀਤੀਆਂ ਗਈਆਂ ਕੁੱਝ ਸੰਪਤੀਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਅਤੇ ਰਣਇੰਦਰ ਫਰਵਰੀ ਵਿੱਚ ‘ਫੇਮਾ’ ਤਹਿਤ ਜਲੰਧਰ ਤਲਬ ਕੀਤੇ ਸਨ, ਪਰ ਇਹ ਹੁਕਮ ਜਾਰੀ ਕਰਨ ਵਾਲੇ ਅਧਿਕਾਰੀ ਦਾ ਆਪਣਾ ਹੀ ਤਬਾਦਲਾ ਕਰ ਦਿੱਤਾ ਗਿਆ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਨੂੰ ਈਡੀ ਦੀਆਂ ਗ੍ਰਿਫ਼ਤਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਇੱਕ ਸਿਆਸੀ ਆਗੂ ਦੇ ਚੰਡੀਗੜ੍ਹ ਸਥਿਤ ਘਰ ਨੂੰ ਵੀ ਆਰਜ਼ੀ ਤੌਰ ’ਤੇ ਕੁਰਕ ਕੀਤਾ ਹੈ।
ਕਿਆਸਅਰਾਈਆਂ ਦਾ ਦੌਰ
ਸਿਆਸੀ ਹਲਕਿਆਂ ਵਿੱਚ ਇੰਨ੍ਹਾਂ ਚੋਣਾਂ ਤੋਂ ਪਹਿਲਾਂ ਸਾਹਮਣੇ ਆਉਣ ਵਾਲੇੇ ਸੰਭਾਵੀ ਨਾਵਾਂ ਅਤੇ ਸੱਤਾਧਾਰੀ ‘ਆਪ’ ਦੀ ਚੋਣ ਮੁਹਿੰਮ ’ਤੇ ਇਸ ਕਾਰਵਾਈ ਦੇ ਲੰਮੇ ਸਮੇਂ ਦੇ ਪ੍ਰਭਾਵ ਬਾਰੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ। ਜਿੰਨੇਂ ਮੂੰਹ ਉਨੀਆਂ ਹੀ ਗੱਲਾਂ ਵਾਂਗ ਕੋਈ ਇਸ ਨੂੰ ਭਾਜਪਾ ਦੀ ਪੰਜਾਬ ਲਈ ਚੋਣ ਮੈਨੇਜਮੈਂਟ ਦੱਸ ਰਿਹਾ ਹੈ ਹੈ ਅਤੇ ਕਈ ਬੀਜੇਪੀ ਦੀ ਸਿਆਸੀ ਵਾਸ਼ਿੰਗ ਮਸ਼ੀਨ ਨਾਲ ਜੋੜਕੇ ਦੇਖ ਰਹੇ ਹਨ।
- Download Babushahi App
-
-