PCS ਦੀ ਮੁੱਢਲੀ ਪ੍ਰੀਖਿਆ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ
-85192 ਉਮੀਦਵਾਰਾਂ ਲਈ 6 ਜ਼ਿਲ੍ਹਿਆਂ ਵਿਖੇ 165 ਸੈਂਟਰ ਬਣਾਏ
ਪਟਿਆਲਾ, 6 ਦਸੰਬਰ:
ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ)ਵੱਲੋਂ ਪੰਜਾਬ ਰਾਜ ਸਿਵਲ ਸੇਵਾਵਾਂ (ਪੀ.ਸੀ.ਐਸ) ਦੀ 7 ਦਸੰਬਰ ਨੂੰ ਲਈ ਜਾਣ ਵਾਲੀ ਸਾਂਝੀ ਪ੍ਰਤੀਯੋਗੀ ਪ੍ਰੀਖਿਆ (ਪ੍ਰੀਲਿਮਨਰੀ) ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੀਪੀਐਸਸੀ ਦੇ ਚੇਅਰਮੈਨ, ਮੇਜਰ ਜਨਰਲ ਵਿਨਾਇਕ ਸੈਣੀ (ਸੇਵਾਮੁਕਤ), ਨੇ ਦੱਸਿਆ ਕਿ ਇਸ ਪ੍ਰੀਖਿਆ ਲਈ 85192 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।
ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਨੇ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਕਰਵਾਉਣ ਲਈ ਚੰਡੀਗੜ੍ਹ ਸਮੇਤ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 165 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਵਿਖੇ ਬਣਾਏ ਗਏ ਇਨ੍ਹਾਂ ਸੈਂਟਰਾਂ ਨੂੰ 222 ਬਲਾਕਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਲਈ ਪੰਜਾਬ ਸਰਕਾਰ ਵੱਲੋਂ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਹਰੇਕ ਜ਼ਿਲ੍ਹੇ ਦਾ ਇੰਚਾਰਜ-ਨਿਗਰਾਨ ਨਿਯੁਕਤ ਕੀਤਾ ਗਿਆ ਹੈ ਅਤੇ ਆਬਜ਼ਰਵਰ ਵੱਖਰੇ ਤੌਰ ਉਤੇ ਲਗਾਏ ਗਏ ਹਨ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ, ਚਰਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਇਹ ਪ੍ਰੀਖਿਆ ਦੋ ਸੈਸ਼ਨਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਸ਼ਾਮ 3 ਵਜੇ ਤੋਂ 5 ਵਜੇ ਤੱਕ ਲਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪਹਿਲਾ ਪੇਪਰ ਜਨਰਲ ਸਟੱਡੀਜ਼ ਦਾ ਹੋਵੇਗਾ ਅਤੇ ਦੂਸਰਾ ਪੇਪਰ ਸਿਵਲ ਸਰਵਿਸਿਜ ਐਪਟੀਚਿਊਡ ਟੈਸਟ ਦਾ ਹੈ। ਉਨ੍ਹਾਂ ਕਿਹਾ ਕਿ ਸੀਸੈਟ ਦਾ ਪੇਪਰ ਕੁਆਲੀਫਾਇੰਗ ਹੀ ਹੋਵੇਗਾ ਅਤੇ ਇਸ ਵਿੱਚ ਉਮੀਦਵਾਰਾਂ ਨੇ ਕੇਵਲ 40 ਫੀਸਦੀ ਪਾਸ ਅੰਕ ਹਾਸਲ ਕਰਨੇ ਹਨ।
ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਵੀਡੀਓਗ੍ਰਾਫ਼ੀ, ਬਾਇਉਮੀਟ੍ਰਿਕ, ਜੈਮਰਾਂ ਸਮੇਤ ਪੂਰੇ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਉ੍ਹਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਇਸ ਪ੍ਰੀਖਿਆ ਲਈ ਦਾਖਲਾ ਕਾਰਡ ਤੇ ਹਦਾਇਤਾਂ ਪ੍ਰੀਖਿਆ ਦੀ ਮਿਤੀ ਤੋਂ ਲਗਭਗ ਦਸ ਦਿਨ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਗਏ ਸਨ।