ਲੁਧਿਆਣਾ: ਸ਼ਹੀਦ ਭਗਤ ਸਿੰਘ ਨਗਰ 'ਚ ਨਜਾਇਜ਼ ਕਮਰਸ਼ੀਅਲ ਗਤੀਵਿਧੀਆਂ ਦਾ ਬੋਲਬਾਲਾ; ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ
ਸੁਖਮਿੰਦਰ ਭੰਗੂ
ਲੁਧਿਆਣਾ 12 ਅਪ੍ਰੈਲ 2026
ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ‘ਤੇ ਸਥਿਤ ਪੌਸ਼ ਇਲਾਕਾ ਸ਼ਹੀਦ ਭਗਤ ਸਿੰਘ ਨਗਰ (475 ਏਕੜ ਇੰਪ੍ਰੂਵਮੈਂਟ ਟਰੱਸਟ ਸਕੀਮ) ਇਸ ਵੇਲੇ ਗੰਭੀਰ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਮੁੱਢਲੇ ਤੌਰ ‘ਤੇ ਰਿਹਾਇਸ਼ੀ ਮਕਸਦ ਲਈ ਬਣਾਈ ਗਈ ਇਸ ਸਕੀਮ ਵਿੱਚ ਵੱਡੇ ਪੱਧਰ ‘ਤੇ ਨਜਾਇਜ਼ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਥਾਨਕ ਵਸਨੀਕਾਂ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ, ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰਿਹਾਇਸ਼ੀ ਖੇਤਰ ਨੂੰ ਧੀਰੇ-ਧੀਰੇ ‘ਕਮਰਸ਼ੀਅਲ ਹੱਬ’ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਮਾਮਲਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਚੁੱਕਾ ਹੈ, ਜਿੱਥੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਨਿਯਮਾਂ ਦੀ ਉਲੰਘਣਾ ਦੇ ਗੰਭੀਰ ਦੋਸ਼
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਮੁਤਾਬਕ, ਸਕੀਮ ਦੇ ਵੱਖ-ਵੱਖ ਬਲਾਕਾਂ—E, D, H, F, C, G ਆਦਿ ਵਿੱਚ ਬਿਨਾਂ ਮਨਜ਼ੂਰੀ ਦੁਕਾਨਾਂ, ਪੀ.ਜੀ. ਅਤੇ ਹੋਰ ਕਾਰੋਬਾਰੀ ਇਕਾਈਆਂ ਚਲ ਰਹੀਆਂ ਹਨ। ਖਾਸ ਕਰਕੇ Shop-Cum-Flats (SCF) ਵਾਲੇ ਇਲਾਕਿਆਂ ਵਿੱਚ ਕਈ ਮਾਲਕਾਂ ਵੱਲੋਂ 2-3 ਯੂਨਿਟਾਂ ਨੂੰ ਜੋੜ ਕੇ (ਕਲੱਬਿੰਗ) ਵੱਡੇ ਕਮਰਸ਼ੀਅਲ ਆਉਟਲੈਟ ਬਣਾਏ ਗਏ ਹਨ, ਜੋ ਕਿ ਨਿਯਮਾਂ ਦੇ ਖਿਲਾਫ ਹੈ। ਇਸ ਤੋਂ ਇਲਾਵਾ, ਬਲਾਕ E ਅਤੇ F ਦੇ ਘਰਾਂ ਦੇ ਪਿਛਲੇ ਹਿੱਸਿਆਂ ਨੂੰ ਵੀ ਨਜਾਇਜ਼ ਤੌਰ ‘ਤੇ ਵਪਾਰਕ ਵਰਤੋਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਰਿਹਾਇਸ਼ੀ ਢਾਂਚੇ ਦੀ ਮੂਲ ਭਾਵਨਾ ਨੂੰ ਢਹਿਰੀ ਲੱਗ ਰਹੀ ਹੈ।
ਨਰਕ ਬਣਦੀ ਜ਼ਿੰਦਗੀ: ਗੰਦਗੀ ਤੇ ਬਦਬੂ ਨੇ ਵਧਾਈ ਮੁਸ਼ਕਲਾਂ
ਇਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਕਾਰਨ ਇਲਾਕੇ ਵਿੱਚ ਗੰਦਗੀ ਦੇ ਢੇਰ ਲੱਗ ਰਹੇ ਹਨ। ਹਲਕੀ ਬਾਰਿਸ਼ ਜਾਂ ਹਵਾ ਚੱਲਣ ‘ਤੇ ਅਸਹਿ ਬਦਬੂ ਫੈਲ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਦਿਨਚਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਟ੍ਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਵੀ ਲਗਾਤਾਰ ਗੰਭੀਰ ਹੋ ਰਹੀ ਹੈ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਲਿਖਤੀ ਅਤੇ ਮੌਖਿਕ ਰੂਪ ਵਿੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ, ਪਰ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ ਹੈ।
ਪ੍ਰਸ਼ਾਸਨਿਕ ਚੁੱਪ ‘ਤੇ ਸਵਾਲ
ਇਸ ਮਾਮਲੇ ਨੇ ਪ੍ਰਸ਼ਾਸਨਿਕ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਇੰਪ੍ਰੂਵਮੈਂਟ ਟਰੱਸਟ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਮੀਟ ਕੇ ਬੈਠੇ ਹਨ।
ਉੱਚ ਅਧਿਕਾਰੀਆਂ ਤੱਕ ਪਹੁੰਚਿਆ ਮਾਮਲਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸ਼ਿਕਾਇਤ ਦੀਆਂ ਕਾਪੀਆਂ ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ, ਮੁੱਖ ਚੌਕਸੀ ਅਧਿਕਾਰੀ (ਵਿਜੀਲੈਂਸ) ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਭੇਜੀਆਂ ਗਈਆਂ ਹਨ।
ਸਵਾਲ ਖੜ੍ਹੇ
ਅਰਵਿੰਦ ਸ਼ਰਮਾ ਨੇ ਸ਼ਿਕਾਇਤ ਵਿੱਚ ਪੁੱਛਿਆ ਕਿ ਕੀ ਲੁਧਿਆਣਾ ਇੰਪ੍ਰੂਵਮੈਂਟ ਟਰੱਸਟ ਦੇ ਅਧਿਕਾਰੀ ਜਾਣ-ਬੁੱਝ ਕੇ ਅਣਦੇਖੀ ਕਰ ਰਹੇ ਹਨ?
ਰਿਹਾਇਸ਼ੀ ਸਕੀਮਾਂ ਵਿੱਚ ਕਮਰਸ਼ੀਅਲ ਗਤੀਵਿਧੀਆਂ ਨੂੰ ਕੌਣ ਦੇ ਰਿਹਾ ਹੈ ਸਹਾਰਾ?
ਕੀ ਸਰਕਾਰ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰੇਗੀ?
ਫਿਲਹਾਲ, ਇਹ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਕੇਂਦਰ ਬਣ ਚੁੱਕਾ ਹੈ ਅਤੇ ਲੋਕਾਂ ਦੀ ਨਜ਼ਰ ਹੁਣ ਸਰਕਾਰ ਦੀ ਅਗਲੀ ਕਾਰਵਾਈ ‘ਤੇ ਟਿਕੀ ਹੋਈ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਜਦੋਂ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਅਜਿਹੀਆਂ ਕਮਰਸ਼ੀਅਲ ਗਤੀਵਿਧੀਆਂ ਕਰਨ ਵਾਲਿਆ ਨੂੰ ਨੋਟਿਸ ਭੇਜੇ ਜਾ ਰਹੇ ਹਨ ਤੇ 3 ਨੋਟਿਸ ਤੋਂ ਬਾਅਦ ਓਹਨਾ ਦੀ ਅਲਾਟਮੈਂਟ ਕੈਂਸਲ ਕਰ ਦਿੱਤੀ ਜਾਵੇਗੀ।
Click to Follow Babushahi Facebook page →