Gurdaspur : ਪਿੰਡ ਗਾਦੜੀਆਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ, 14 ਅਪ੍ਰੈਲ 2026: ਹਲਕਾ ਦੀਨਾਨਗਰ ਦੇ ਪਿੰਡ ਗਾਦੜੀਆਂ ਦੇ ਰਹਿਣ ਵਾਲੇ ਇੱਕ 24 ਸਾਲਾ ਨੌਜਵਾਨ ਜਸਮਨਪ੍ਰੀਤ ਸਿੰਘ ਦਾ ਪੁਰਾਣੀ ਰੰਜਿਸ਼ ਦੇ ਚਲਦਿਆਂ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਰਮੇਸ਼ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ।ਮ੍ਰਿਤਕ ਦੇ ਪਿਤਾ ਅਨੁਸਾਰ, ਅਭੀ ਨਾਮ ਦਾ ਇੱਕ ਨੌਜਵਾਨ (ਜੋ ਜਸਨਪ੍ਰੀਤ ਦਾ ਦੋਸਤ ਸੀ) ਉਹਨਾਂ ਦੇ ਘਰ ਆਇਆ। ਘਰ ਵਿੱਚ ਚਾਹ-ਪਾਣੀ ਪੀਣ ਤੋਂ ਬਾਅਦ ਉਹ ਜਸਮਨਪ੍ਰੀਤ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ। ਉਸ ਸਮੇਂ ਤੇਜ਼ ਹਨੇਰੀ ਅਤੇ ਮੀਂਹ ਦਾ ਮਾਹੌਲ ਸੀ, ਜਿਸਦਾ ਫ਼ਾਇਦਾ ਉਠਾਉਂਦੇ ਹੋਏ ਅਭੀ ਅਤੇ ਉਸਦੇ ਸਾਥੀਆਂ ਨੇ ਜਸਨਪ੍ਰੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ 'ਤੇ ਸੁੱਟ ਦਿੱਤਾ।ਰਮੇਸ਼ ਸਿੰਘ ਨੇ ਦੱਸਿਆ ਕਿ ਕਰੀਬ 2-4 ਮਹੀਨੇ ਪਹਿਲਾਂ ਦੂਜੀ ਪਾਰਟੀ ਦੇ ਕੁਝ ਨੌਜਵਾਨਾਂ ਨਾਲ ਜਸਨਪ੍ਰੀਤ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਉਹਨਾਂ ਇਲਜ਼ਾਮ ਲਗਾਇਆ ਕਿ ਅਭੀ ਨੇ ਸਾਜ਼ਿਸ਼ ਤਹਿਤ ਉਹਨਾਂ ਦੇ ਪੁੱਤਰ ਨੂੰ ਘਰੋਂ ਬੁਲਾਇਆ ਅਤੇ ਦੂਜੀ ਪਾਰਟੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਸਨਪ੍ਰੀਤ ਇੰਨਾ ਜ਼ਖ਼ਮੀ ਸੀ ਕਿ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਅਤੇ ਜਦੌ ਅਸੀ ਸਿਵਿਲ ਹਸਪਤਾਲ ਇਲਾਜ ਲਈ ਲੈ ਕੇ ਗਏ ਤਾਂ ਉੱਥੇ ਹੀ ਉਸਦੀ ਮੌਤ ਹੋ ਗਈ।ਮ੍ਰਿਤਕ ਜਸਨਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਡੇਢ ਸਾਲ ਦਾ ਛੋਟਾ ਬੱਚਾ ਹੈ। 24 ਸਾਲਾ ਨੌਜਵਾਨ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਫਰਾਰ ਸਾਥੀਆਂ ਨੂੰ ਵੀ ਜਲਦ ਫੜਨ ਦੀ ਮੰਗ ਕੀਤੀ ਹੈ।
ਪੁਲਿਸ ਦਾ ਪੱਖ:
ਇਸ ਸਬੰਧੀ ਜਦੋਂ ਐਸ.ਐਚ.ਓ. ਦੀਨਾਨਗਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਅਭੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ।
ਐਸ.ਐਚ.ਓ. ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਤਕਨੀਕੀ ਕਾਰਨ ਸਪੱਸ਼ਟ ਹੋਣਗੇ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਵਾਰਦਾਤ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
Click to Follow Babushahi Facebook page →