ED ਦੀ ਕਾਰਵਾਈ 'ਤੇ ਅਮਨ ਅਰੋੜਾ ਦਾ ਵੱਡਾ ਬਿਆਨ; ਜੇ ਇੱਕ ਰੁਪਏ ਦੀ ਵੀ ਹੇਰਾਫੇਰੀ ਸਾਬਤ ਹੋਵੇ ਤਾਂ ਰਾਜਨੀਤੀ ਛੱਡ ਦੇਵਾਂਗਾ
Babushahi Network
ਚੰਡੀਗੜ੍ਹ, 8 ਮਈ 2026: ED ਦੀ ਕਾਰਵਾਈ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਖ਼ਤ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਪੂਰੀ ਕਹਾਣੀ ਦੱਸਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਅਤੇ "ਕੂੜ ਪ੍ਰਚਾਰ" ਕਰਾਰ ਦਿੱਤਾ। ਅਮਨ ਅਰੋੜਾ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਹ ਆਪਣੇ ਬਿਮਾਰ ਮਾਤਾ ਜੀ ਨੂੰ ਮਿਲਣ ਆਈਸੀਯੂ (ICU) ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਵਿਭਾਗੀ ਮੀਟਿੰਗਾਂ ਵਿੱਚ ਰੁੱਝੇ ਰਹੇ। ਉਨ੍ਹਾਂ ਕਿਹਾ, "ਸਵੇਰੇ ਜਦੋਂ ਮੈਂ ਵੀਡੀਓਜ਼ ਵਿੱਚ ਨੋਟਾਂ ਦੇ ਬੈਗ ਉੱਡਦੇ ਦੇਖੇ ਤਾਂ ਮੈਂ ਵੀ ਹੈਰਾਨ ਸੀ। ਪਰ ਸ਼ਾਮ ਹੁੰਦੇ-ਹੁੰਦੇ ਮੇਰੇ ਨੇੜਲੇ ਸਾਥੀ ਗੌਰਵ ਧੀਰ ਦੇ ਜ਼ਰੀਏ ਮੇਰਾ ਨਾਮ ਇਸ ਸਾਰੇ ਮਸਲੇ ਵਿੱਚ ਜਾਣਬੁੱਝ ਕੇ ਜੋੜ ਦਿੱਤਾ ਗਿਆ।" ਉਨ੍ਹਾਂ ਨੇ ED ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਾਮ ਨੂੰ ਈਡੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਜਿਸ ਵਿੱਚ ਗੌਰਵ ਧੀਰ ਦਾ ਨਾਮ ਨਹੀਂ ਸੀ, ਪਰ ਅੱਧੇ ਘੰਟੇ ਬਾਅਦ ਹੀ ਦੂਜੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ, ਜਿਸ ਵਿੱਚ ਸਿਰਫ਼ ਮੈਨੂੰ ਬਦਨਾਮ ਕਰਨ ਲਈ ਲਾਸਟ ਪੈਰਾ ਜੋੜ ਕੇ ਮੇਰਾ ਨਾਮ ਸ਼ਾਮਲ ਕਰ ਦਿੱਤਾ ਗਿਆ।
ਅਮਨ ਅਰੋੜਾ ਨੇ ਸਵੀਕਾਰ ਕੀਤਾ ਕਿ ਗੌਰਵ ਧੀਰ ਉਨ੍ਹਾਂ ਦੇ 22 ਸਾਲਾਂ ਤੋਂ ਪੁਰਾਣੇ ਦੋਸਤ ਹਨ ਅਤੇ ਭਰਾਵਾਂ ਤੋਂ ਵੱਧ ਪਿਆਰ ਹੈ। ਉਨ੍ਹਾਂ ਕਿਹਾ, "ਮੈਂ ਆਪਣੀ ਦੋਸਤੀ ਤੋਂ ਪਿੱਛੇ ਨਹੀਂ ਹਟਾਂਗਾ। ਮੇਰੀਆਂ ਲੱਤਾਂ ਇੰਨੀਆਂ ਕਮਜ਼ੋਰ ਨਹੀਂ ਕਿ ਮੈਂ ਜਾਂਚ ਦੇ ਡਰੋਂ ਆਪਣੇ ਯਾਰਾਂ ਦੀ ਬਾਂਹ ਛੱਡ ਦੇਵਾਂ। ਪਰ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਉਨ੍ਹਾਂ ਦੀ ਕਿਸੇ ਵੀ ਬਿਜ਼ਨੈੱਸ ਡੀਲਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਮੰਤਰੀ ਅਰੋੜਾ ਨੇ ED ਨੂੰ ਚੁਣੌਤੀ ਦਿੰਦਿਆਂ ਕਿਹਾ, "ਜੇਕਰ ਤੁਹਾਨੂੰ ਮੇਰੇ 'ਤੇ ਸ਼ੱਕ ਹੈ ਤਾਂ ਮੈਨੂੰ ਬੁਲਾਓ, ਮੈਂ ਖੁਦ ਆਉਣ ਨੂੰ ਤਿਆਰ ਹਾਂ। ਮੇਰੇ ਫੋਨ ਦੀ ਜਾਂਚ ਕਰੋ। ਜੇਕਰ ਸੁਰੇਸ਼ ਬਜਾਜ, ਨਿਤਿਨ ਗੋਹਲ ਜਾਂ ਅਜੇ ਸਹਿਗਲ ਵਰਗੇ ਬੰਦਿਆਂ ਦਾ ਨੰਬਰ ਵੀ ਮੇਰੇ ਫੋਨ ਵਿੱਚ ਫੀਡ ਮਿਲਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ।" ਉਨ੍ਹਾਂ ਕਿਹਾ ਕਿ ਸੁਰੇਸ਼ ਬਜਾਜ ਨੇ 2022-23 ਵਿੱਚ ਬੀਜੇਪੀ ਨੂੰ ਵੀ ਢਾਈ ਲੱਖ ਦੀ ਡੋਨੇਸ਼ਨ ਦਿੱਤੀ ਸੀ, ਪਰ ਈਡੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ।
ਅਮਨ ਅਰੋੜਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਬੀਜੇਪੀ ਉੱਥੇ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਆਗੂਆਂ ਦੀਆਂ ਬਾਹਾਂ ਮਰੋੜਦੀ ਹੈ। ਉਨ੍ਹਾਂ ਕਿਹਾ ਕਿ 1991 ਤੋਂ ਰਾਜਨੀਤੀ ਵਿੱਚ ਹਾਂ ਅਤੇ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਮੰਗਣਾ ਤਾਂ ਦੂਰ, ਝਾਕ ਵੀ ਨਹੀਂ ਰੱਖੀ। ਜ਼ਮੀਨ ਘੁਟਾਲੇ ਦੇ ਇਲਜ਼ਾਮਾਂ 'ਤੇ ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਨੂੰ ਫਰੋਡ ਦੱਸਿਆ ਜਾ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਦੇ ਸਾਰੇ ਬਕਾਏ ਜਮ੍ਹਾਂ ਕਰਵਾ ਕੇ 'ਨੋ ਡਿਊ ਸਰਟੀਫਿਕੇਟ' ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਾਫ਼-ਸੁਥਰੀ ਰਾਜਨੀਤੀ ਕਰਨ ਵਾਲੇ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ।
- Download Babushahi App
-
-