Dharna Special ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਨੂੰ ਲੈਕੇ ‘ਆਪ’ ਅਤੇ ਭਾਜਪਾ ਕਾਰਕੁੰਨਾਂ ਵਿਚਕਾਰ ਖੜਕੀ
ਅਸ਼ੋਕ ਵਰਮਾ
ਬਠਿੰਡਾ, 10 ਮਈ 2026 : ਪੰਜਾਬ ਦੇ ਮੰਤਰੀ ਤੇ ਸੀਨੀਅਰ ‘ਆਪ’ ਆਗੂ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕਰਨ ਖਿਲਾਫ ਬਠਿੰਡਾ ’ਚ ਧਰਨਾ ਲਾਉਣ ਆਏ ‘ਆਮ ਆਦਮੀ ਪਾਰਟੀ ’ ਦੇ ਵਰਕਰਾਂ ਅਤੇ ‘ਭਾਜਪਾ’ ਕਾਰਕੁੰਨ ਦੇ ਆਹਮੋ-ਸਾਹਮਣੇ ਹੋਣ ਨਾਲ ਲੰਮਾਂ ਸਮਾਂ ਤਲਖ਼ੀ ਵਾਲਾ ਮਾਹੌਲ ਬਣਿਆ ਰਿਹਾ। ਬੰਗਾਲ ਜਿੱਤਣ ਤੋਂ ਬਾਅਦ ਹੌਂਸਲੇ ’ਚ ਆਏ ਭਾਜਪਾ ਕਾਰਕੁੰਨਾਂ ’ਚ ਐਨਾ ਜੋਸ਼ ਸੀ ਜਿੰਨ੍ਹਾਂ ਨੂੰ ਰੋਕਣ ਲਈ ਪੁਲਿਸ ਦੇ ਪਸੀਨੇ ਛੁੱਟ ਗਏ। ਕਰੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਦੋਵਾਂ ਧਿਰਾਂ ਨੂੰ ਰੋਕਣ ’ਚ ਕਾਮਯਾਬ ਤਾਂ ਹੋ ਗਈ ਪਰ ਇਸ ਮੌਕੇ ਇੱਕ ਦੂਸਰੇ ਖਿਲਾਫ ਕੀਤੀ ਜਾ ਰਹੀ ਨਾਅਰੇਬਾਜੀ ਕਾਰਨ ਸਥਿਤੀ ਕਈ ਵਾਰ ਬੇਕਾਬੂ ਹੁੰਦੀ ਨਜ਼ਰ ਆਈ। ਪੰਜਾਬ ਕੈਬਨਿਟ ਦੇ ਵਜ਼ੀਰ ਸੰਜੀਵ ਅਰੋੜਾ ਦੀ ਸ਼ਨੀਵਾਰ ਨੂੰ ਈ ਡੀ ਵੱਲੋਂ ਕੀਤੀ ਗਿਫ਼ਤਾਰੀ ਦੇ ਸੰਦਰਭ ’ਚ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਭਾਜਪਾ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।
ਇਸ ਸਬੰਧ ਵਿੱਚ ਭਿਣਕ ਪੈਂਦਿਆਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ , ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਬਾਲਿਆਂ ਵਾਲੀ, ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਉਮੇਸ਼ ਸਰਮਾ , ਮਹਿਲਾ ਆਗੂ ਵੀਨੂੰ ਗੋਇਲ, ਮੋਹਨ ਲਾਲ ਗੋਇਲ ਅਤੇ ਵਰਕਰ ਦਫਤਰ ’ਚ ਇਕੱਠੇ ਹੋ ਗਏ। ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਮੌਕੇ ਤੇ ਪੁੱਜੇ ਤਾਂ ਸਰੂਪ ਚੰਦ ਸਿੰਗਲਾ ਦੀ ਅਗਵਾਈ ’ਚ ਆਪਣੀ ਪਾਰਟੀ ਦੇ ਝੰਡੇ ਚੁੱਕੀ ਖੜੋਤੇ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ‘ਆਪ’ ਵਰਕਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ‘ਆਪ’ ਦੇ ਕਾਰਕੰੁਨ ਭਾਜਪਾ ਦਫ਼ਤਰ ਵੱਲ ਵਧਣ ਲੱਗੇ ਤਾਂ ਸਥਿਤੀ ਹੰਗਾਮੇ ਵਾਲੀ ਬਣ ਗਈ। ਮਾਹੌਲ ਭਖ਼ਦਾ ਦੇਖ ਦੋਵਾਂ ਧਿਰਾਂ ਦਰਮਿਆਨ ਲਾਈਨ ਬਣਾ ਕੇ ਖਲੋਤੇ ਪੁਲੀਸ ਦੇ ਜਵਾਨਾਂ ਨੇ ਚੌਕਸੀ ਨਾਲ ਦੋਵਾਂ ਧਿਰਾਂ ਨੂੰ ਧੱਕ ਕੇ, ਇੱਕ-ਦੂਜੇ ਤੋਂ ਦੂਰ ਕਰ ਦਿੱਤਾ। ਜ਼ੋਰ ਅਜ਼ਮਾਈ ਤੋਂ ਬਾਅਦ ‘ਆਪ’ ਵਰਕਰ ਮੌਕੇ ’ਤੇ ਹੀ ਧਰਨਾ ਲਾ ਕੇ ਬੈਠ ਗਏ ਅਤੇ ਨਾਅਰੇ ਮਾਰਨ ਲੱਗੇ।
ਇਸ ਮੌਕੇ ਭਾਜਪਾ ਕਾਰਕੁੰਨਾਂ ਨੇ ਜਵਾਬ ‘ਜੈ ਸ਼੍ਰੀ ਰਾਮ ’, ਭਾਰਤ ਮਾਤਾ ਕੀ ਜੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਦੇ ਰੂਪ ’ਚ ਜਵਾਬੀ ਨਾਅਰੇਬਾਜੀ ਕੀਤੀ । ਇਸ ਮੌਕੇ ਜੋਸ਼ ’ਚ ਆਏ ਦੇ ਕਈ ਕਾਰਕੁੰਨ ਪੱਟਾਂ ’ਤੇ ਥਾਪੀਆਂ ਮਾਰਦੇ ਦਿਖਾਈ ਦਿੱਤੇ ਜਿੰਨ੍ਹਾਂ ਦਾ ਕਹਿਣਾ ਸੀ ਕਿ ‘ਸਭ ਫੜੇ ਜਾਣਗੇ। ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪਾਰਟੀ ਕਾਰਕੁੰਨ ਕਥਿਤ ਭ੍ਰਿਸ਼ਟਾਚਾਰ ਖਿਲਾਫ ਕੀਤੀ ਵੱਡੀ ਕਾਰਵਾਈ ਨੂੰ ਲੈਕੇ ਮੋਦੀ ਸਰਕਾਰ ਦਾ ਧੰਨਵਾਦ ਕਰਨ ਲਈ ਮੀਟਿੰਗ ਕਰ ਰਹੇ ਸਨ ਪਰ ਹਾਕਮ ਧਿਰ ਦੇ ਆਗੂਆਂ ਨੇ ਸੱਤਾ ਦੇ ਨਸ਼ੇ ’ਚ ਮਹੌਲ ਖਰਾਬ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਭਾਜਪਾ ਵਰਕਰਾਂ ਅਤੇ ਆਗੂਆਂ ਦੀ ਜੋਰਦਾਰ ਨਾਅਰੇਬਾਜੀ ਦੌਰਾਨ ਸਰੂਪ ਸਿੰਗਲਾ ਨੇ ਈਡੀ ਦੀ ਕਾਰਵਾਈ ਅਤੇ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਨੂੰ ਪੂਰੀ ਤਰਾਂ ਕਾਨੂੰਨ ਸੰਮਤ ਕਰਾਰ ਦਿੱਤਾ।
ਭਾਜਪਾ ਦੇ ਨਾਅਰਿਆਂ ਦੇ ਜਵਾਬ ’ਚ ‘ਜਬ-ਜਬ ਮੋਦੀ ਡਰਤਾ ਹੈ, ਈਡੀ ਆਗੇ ਕਰਤਾ ਹੈ’ ਦੇ ਨਾਅਰੇ ਲਾਉਂਦਿਆਂ, ‘ਆਪ’ ਆਗੂਆਂ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਨਾਪਾਕ ਮਨਸੂਬਿਆਂ ਤੋਂ ਬਾਜ਼ ਆਵੇ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਸਿਆਸੀ ਬਦਲਾਖ਼ੋਰੀ ਦਾ ਦੋਸ਼ ਲਾਉਂਦਿਆਂ ਆਗੂਆਂ ਨੇ ਕਿਹਾ ਕਿ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਈਡੀ, ਸੀਬੀਆਈ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਭਾਜਪਾ ਨੇ ਕੋਝੀ ਹਰਕਤ ਕਰਦਿਆਂ ਅਪ੍ਰੇਸ਼ਨ ‘ਲੋਟਸ’ ਜ਼ਰੀਏ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਕਥਿਤ ਡਰਾ-ਧਮਕਾਕੇ ਆਪਣੇ ਵਿੱਚ ਰਲਾਇਆ ਅਤੇ ਹੁਣ ਉਸੇ ਕੜੀ ਤਹਿਤ ਮੰਤਰੀ ਸੰਜੀਵ ਅਰੋੜਾ ਨੂੰ ਕਥਿਤ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਕਰਤੂਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਜਬਰ ਦਾ ਟਾਕਰਾ ਇੱਟ ਦਾ ਜਵਾਬ ਪੱਥਰ ਰਾਹੀਂ ਕੀਤਾ ਹੈ ਅਤੇ ਹੁਣ ਵੀ ਉਸੇ ਇਤਿਹਾਸ ਨੂੰ ਦੁਹਰਾਇਆ ਜਾਵੇਗਾ।
ਐਸਪੀ ਨਰਿੰਦਰ ਸਿੰਘ ਨੇ ਸੰਭਾਲੀ ਸਥਿਤੀ
ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕਾਰਕੁੰਨਾਂ ਵਿਚਕਾਰ ਟਕਰਾਅ ਟਾਲਣ ’ਚ ਭਾਵੇਂ ਸਮੁੱਚੀ ਪੁਲਿਸ ਦੀ ਅਹਿਮ ਭੂਮਿਕਾ ਰਹੀ ਪਰ ਸਭ ਤੋਂ ਮਹੱਤਵਪੂਰਨ ਯੋਗਦਾਨ ਐਸਪੀ ਸਿਟੀ ਨਰਿੰਦਰ ਸਿੰਘ ਦਾ ਰਿਹਾ। ਇਸ ਮੌਕੇ ਜਦੋਂ ਹਾਕਮ ਧਿਰ ਦੇ ਕਾਰਕੁੰਨ ਅੱਗੇ ਵਧਣ ਲੱਗੇ ਤਾਂ ਐਸਪੀ ਸਿਟੀ ਨੇ ਖੁਦ ਅੱਗੇ ਆਕੇ ਉਨ੍ਹਾਂ ਨੂੰ ਰੋਕਿਆ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਜੇਕਰ ਐਸ ਪੀ ਨਰਿੰਦਰ ਸਿੰਘ ਮੌਕਾ ਨਾਂ ਸੰਭਾਲਦੇ ਤਾਂ ਦੋਵਾਂ ਧਿਰਾਂ ਵਿਚਕਾਰ ਬਣੀ ਟਕਰਾਅ ਵਾਲੀ ਸਥਿਤੀ ਗੰਭੀਰ ਰੂਪ ਧਾਰਨ ਕਰ ਸਕਦੀ ਸੀ।
ਇਹ ‘ਆਪ’ ਆਗੂ ਸਨ ਹਾਜ਼ਰ
ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਵਿੱਚ ਵਿਧਾਇਕ ਬਲਕਾਰ ਸਿੱਧੂ, ਜਗਰੂਪ ਗਿੱਲ, ਮਾਸਟਰ ਜਗਸੀਰ ਸਿੰਘ ਅਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੋਂ ਇਲਾਵਾ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਪਾਰਟੀ ਦੇ ਤਰਜ਼ਮਾਨ ਚੇਅਰਮੈਨ ਨੀਲ ਗਰਗ, ਸੂਬਾ ਸਕੱਤਰ ਤੇ ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਮਾਨ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਸਾਬਕਾ ਮੇਅਰ ਪਦਮਜੀਤ ਮਹਿਤਾ। ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਦੀਪ ਸਿੰਘ ਰਾਜਨ, ਮਨਦੀਪ ਕੌਰ ਰਾਮਗੜ੍ਹੀਆ, ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਅਤੇ ਜਿਲ੍ਹਾ ਮੀਡੀਆ ਸਕੱਤਰ ਰਿਪਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਸੀਨੀਅਰ ਆਗੂ ਅਤੇ ਪਾਰਟੀ ਵਾਲੰਟੀਅਰ ਹਾਜ਼ਰ ਸਨ।
- Download Babushahi App
-
-