Canada Breaking: ਐਬੋਟਸਫੋਰਡ 'ਚ ਚੱਲਦੀ ਗੱਡੀ 'ਤੇ ਚੱਲੀਆਂ ਗੋਲੀਆਂ; ਬਾਅਦ 'ਚ ਸੜਦੀ ਹੋਈ ਮਿਲੀ SUV
ਗੱਡੀ 'ਚ ਸਵਾਰਾਂ ਦੀ ਪਛਾਣ ਅਣਪਛਾਤੀ; ਮਸ਼ਹੂਰ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਚਰਚਾਵਾਂ, ਪਰ ਅਧਿਕਾਰਤ ਪੁਸ਼ਟੀ ਨਹੀਂ
ਬਾਬੂਸ਼ਾਹੀ ਨੈਟਵਰਕ ਬਿਊਰੋ
ਐਬੋਟਸਫੋਰਡ (ਬੀ.ਸੀ.) / ਚੰਡੀਗੜ੍ਹ, 7 ਸਤੰਬਰ 2026:
ਸ਼ਨੀਵਾਰ ਦੇਰ ਰਾਤ ਐਬੋਟਸਫੋਰਡ ਵਿੱਚ ਇੱਕ ਚੱਲਦੀ ਗੱਡੀ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੁਲਿਸ ਟਾਰਗੇਟਿਡ ਸ਼ੂਟਿੰਗ (ਲਖਿਤ ਹਮਲਾ) ਮੰਨ ਰਹੀ ਹੈ। ਇਸ ਘਟਨਾ ਦੇ ਕੁਝ ਸਮੇਂ ਬਾਅਦ ਹੀ ਇੱਕ ਹੋਰ ਜਗ੍ਹਾ 'ਤੇ ਇੱਕ SUV ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਮਿਲੀ। ਇਸ ਗੋਲੀਬਾਰੀ 'ਚ ਕੋਈ ਜ਼ਖਮੀ ਨਹੀਂ ਹੋਇਆ, ਪਰ ਹਾਲਾਤ ਨੂੰ ਦੇਖਦਿਆਂ ਗੱਡੀ 'ਚ ਸਵਾਰ ਲੋਕਾਂ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
ਐਬੋਟਸਫੋਰਡ ਪੁਲਿਸ ਡਿਪਾਰਟਮੈਂਟ (AbbyPD) ਅਨੁਸਾਰ, 5 ਸਤੰਬਰ ਦੀ ਰਾਤ ਲਗਭਗ 11 ਵਜੇ ਮੈਕਕਲਮ ਰੋਡ ਦੇ 2500 ਬਲਾਕ 'ਚ ਜਾ ਰਹੀ ਇੱਕ ਗੱਡੀ 'ਤੇ ਦੂਜੀ ਗੱਡੀ 'ਚ ਆਏ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਸ਼ੁਰੂਆਤੀ ਜਾਣਕਾਰੀ ਅਨੁਸਾਰ ਡਾਰਕ ਰੰਗ ਦੀ SUV 'ਚ ਆਏ ਵਿਅਕਤੀਆਂ ਨੇ ਪੀੜਤ ਗੱਡੀ 'ਤੇ ਕਈ ਫਾਇਰ ਕੀਤੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੋਲੀਬਾਰੀ ਦੀ ਪੁਸ਼ਟੀ ਕੀਤੀ। ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਪੁਲਿਸ ਵੱਲੋਂ ਗੋਲੀਬਾਰੀ ਦਾ ਸ਼ਿਕਾਰ ਹੋਈ ਗੱਡੀ 'ਚ ਸਵਾਰ ਲੋਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਧਿਕਾਰਤ ਜਾਣਕਾਰੀ ਦੇ ਨਾ ਹੋਣ ਕਾਰਨ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਗੱਡੀ 'ਚ ਇੱਕ ਮਸ਼ਹੂਰ ਪੰਜਾਬੀ ਗਾਇਕ ਮੌਜੂਦ ਸੀ ਅਤੇ ਉਹੀ ਮੁੱਖ ਨਿਸ਼ਾਨਾ ਹੋ ਸਕਦਾ ਹੈ। ਹਾਲਾਂਕਿ, ਇਹ ਦਾਅਵਾ ਅਜੇ ਅਣਪ੍ਰਮਾਣਿਤ ਹੈ ਅਤੇ 7 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:15 ਵਜੇ ਤੱਕ ਨਾ ਤਾਂ ਐਬੋਟਸਫੋਰਡ ਪੁਲਿਸ ਅਤੇ ਨਾ ਹੀ ਕਿਸੇ ਹੋਰ ਅਧਿਕਾਰਤ ਸਰੋਤ ਨੇ ਗਾਇਕ ਵਾਲੇ ਐਂਗਲ ਦੀ ਪੁਸ਼ਟੀ ਕੀਤੀ ਹੈ।
ਘਟਨਾ 'ਚ ਇੱਕ ਹੋਰ ਮੋੜ ਤਦ ਆਇਆ ਜਦੋਂ ਗੋਲੀਬਾਰੀ ਤੋਂ ਕੁਝ ਸਮੇਂ ਬਾਅਦ ਪੁਲਿਸ ਨੂੰ ਘਟਨਾ ਸਥਾਨ ਤੋਂ ਲਗਭਗ 5 ਕਿਲੋਮੀਟਰ ਦੂਰ ਸਨੀਸਾਈਡ ਪਲੇਸ ਦੇ 2400 ਬਲਾਕ 'ਚ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਇੱਕ SUV ਨੂੰ ਪੂਰੀ ਤਰ੍ਹਾਂ ਅੱਗ ਨਾਲ ਸੜਦਿਆਂ ਦੇਖਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੜਦੀ ਹੋਈ ਗੱਡੀ ਦਾ ਗੋਲੀਬਾਰੀ ਦੀ ਘਟਨਾ ਨਾਲ ਕੋਈ ਸਬੰਧ ਹੈ।
ਮੇਜਰ ਕ੍ਰਾਈਮ ਯੂਨਿਟ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ ਅਤੇ ਹਮਲੇ ਦੇ ਕਾਰਨਾਂ ਦੇ ਨਾਲ-ਨਾਲ ਦੋਵਾਂ ਘਟਨਾਵਾਂ ਦੇ ਆਪਸੀ ਸਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਸ਼ੁਰੂਆਤੀ ਸੰਕੇਤ ਇਸ ਨੂੰ ਟਾਰਗੇਟਿਡ ਸ਼ੂਟਿੰਗ ਵੱਲ ਇਸ਼ਾਰਾ ਕਰਦੇ ਹਨ।
ਅਜਿਹੀਆਂ ਰਿਪੋਰਟਾਂ ਵੀ ਹਨ ਕਿ ਗੱਡੀ 'ਤੇ ਲਗਭਗ 12 ਰੌਂਡ ਫਾਇਰ ਕੀਤੇ ਗਏ ਸਨ। ਹਾਲਾਂਕਿ, ਐਬੋਟਸਫੋਰਡ ਪੁਲਿਸ ਨੇ ਆਪਣੇ ਅਧਿਕਾਰਤ ਬਿਆਨ 'ਚ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਇਸ ਲਈ ਇਸ ਨੂੰ ਅਣਪ੍ਰਮਾਣਿਤ ਜਾਣਕਾਰੀ ਮੰਨਿਆ ਜਾ ਰਿਹਾ ਹੈ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ 5 ਸਤੰਬਰ ਦੀ ਰਾਤ 10:45 ਤੋਂ 11:30 ਵਜੇ ਦੇ ਵਿਚਕਾਰ ਮੈਕਕਲਮ ਰੋਡ ਦੇ 2500 ਬਲਾਕ ਵਿੱਚ ਜਾਂ ਰਾਤ 11 ਵਜੇ ਤੋਂ ਅੱਧੀ ਰਾਤ ਦੇ ਵਿਚਕਾਰ ਸਨੀਸਾਈਡ ਪਲੇਸ ਦੇ 2400 ਬਲਾਕ ਵਿੱਚ ਮੌਜੂਦ ਸੀ ਅਤੇ ਉਸ ਨੇ ਕੋਈ ਸ਼ੱਕੀ ਗਤੀਵਿਧੀ ਦੇਖੀ ਹੋਵੇ ਜਾਂ ਡੈਸ਼ਕੈਮ ਫੁਟੇਜ ਰਿਕਾਰਡ ਕੀਤੀ ਹੋਵੇ, ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
ਇਸ ਮਾਮਲੇ ਦੀ ਜਾਂਚ ਐਬੋਟਸਫੋਰਡ ਪੁਲਿਸ ਫਾਈਲ ਨੰਬਰ 2026-38035 ਤਹਿਤ ਕੀਤੀ ਜਾ ਰਹੀ ਹੈ। ਜਾਣਕਾਰੀ ਦੇਣ ਲਈ 604-859-5225 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫਿਲਹਾਲ ਸਭ ਤੋਂ ਵੱਡਾ ਅਣਸੁਲਝਿਆ ਸਵਾਲ ਇਹੋ ਬਣਿਆ ਹੋਇਆ ਹੈ ਕਿ ਗੱਡੀ ਅੰਦਰ ਕੌਣ ਸਵਾਰ ਸੀ ਅਤੇ ਅਸਲ ਨਿਸ਼ਾਨਾ ਕੌਣ ਸੀ?
- Download Babushahi App
-
-