Canada: ਅਰਪਨ ਲਿਖਾਰੀ ਸਭਾ ਕੈਲਗਰੀ ਦੀ ਸਾਹਿਤਕ ਮਹਿਫਿਲ ਵਿੱਚ ਕਵਿਤਾ, ਗੀਤਾਂ ਤੇ ਕਵੀਸ਼ਰੀ ਦੇ ਰੰਗ
ਹਰਦਮ ਮਾਨ
ਕੈਲਗਰੀ, 18 ਨਵੰਬਰ 2026- ਅਰਪਨ ਲਿਖਾਰੀ ਸਭਾ ਕੈਲਗਰੀ ਦੀ ਸਾਹਿਤਕ ਮਿਲਣੀ ਕਵਿਤਾ, ਗੀਤਾਂ, ਕਵੀਸ਼ਰੀ ਅਤੇ ਵਿਚਾਰਾਂ ਦੀ ਸਾਂਝ ਨਾਲ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਵਿਛੜੇ ਸਾਹਿਤਕਾਰਾਂ ਕੇ. ਐੱਲ. ਗਰਗ, ਹਰਭਜਨ ਸਿੰਘ ਹੁੰਦਲ ਅਤੇ ਇੰਗਲੈਂਡ ਵਾਸੀ ਗੁਰਨਾਮ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਨਿਰਦੋਸ਼ ਪੀੜਤਾਂ ਨੂੰ ਵੀ ਯਾਦ ਕੀਤਾ ਗਿਆ।
ਸਾਹਿਤਕ ਪੇਸ਼ਕਾਰੀਆਂ ਵਿੱਚ ਮੋਹਨ ਸਿੰਘ ਪਪਰਾਲਾ ਨੇ ਕੰਡਕਟਰ ਦੀ ਸੀਟੀ ਨਾਲ ਜੁੜੇ ਵਿਅੰਗ ਰਾਹੀਂ ਹਾਸਰਸ ਪੈਦਾ ਕੀਤਾ। ਮਾਸਟਰ ਹਰਭਜਨ ਸਿੰਘ ਨੇ ‘ਸਨਮਾਨ ਨਹੀਂ ਤਾਂ ਹੋਰ ਕੀ ਐ’, ਗੁਰਰਾਜ ਸਿੰਘ ਵਿਰਕ ਨੇ ‘ਮਾਂ ਮੇਰੀ ਜ਼ਿੰਦਗੀ ਮੇਰੀ ਸ਼ਾਨ ਸੀ’, ਜਰਨੈਲ ਤੱਗੜ ਨੇ ਨਸ਼ਿਆਂ ਬਾਰੇ ‘ਟੀਕੇ ਲਾ ਲਾ ਮਰਦੇ ਨੇ’ ਅਤੇ ਪਰਮਜੀਤ ਭੰਗੂ ਨੇ ‘ਕੋਈ ਕੰਡਿਆਂ ਨਾਲ ਨਿਭਾ ਜਾਂਦਾ’ ਕਵਿਤਾਵਾਂ ਪੇਸ਼ ਕੀਤੀਆਂ। ਜਸਵੀਰ ਸਿਹੋਤਾ ਨੇ ਪਰਵਾਸ ਦੇ ਦਰਦ ਨੂੰ ਆਪਣੀ ਕਵਿਤਾ ਰਾਹੀਂ ਬਿਆਨ ਕੀਤਾ, ਜਦਕਿ ਤਾਰ ਬਰਾੜ ਨੇ ‘ਚੱਲ ਆਪਾਂ ਕਿਤੇ ਬਹਿ ਰਾਤ ਚਾਨਣੀ ਪਿੰਡੇ ’ਤੇ ਮਲੀਏ’ ਅਤੇ ‘ਸੁਪਨਿਆਂ ਦੇ ਸਿਰਨਾਵੇਂ ਲੱਭਦਾ ਥੱਕ ਗਿਆ ਹਾਂ’ ਕਵਿਤਾਵਾਂ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।
ਗੀਤ-ਸੰਗੀਤ ਦੇ ਦੌਰ ਵਿੱਚ ਗੁਰਚਰਨ ਸਿੰਘ ਹੇਹਰ ਨੇ ‘ਜੇ ਤੂੰ ਮੱਕੇ ਪਹੁੰਚਿਓਂ ਮੇਰਾ ਰਹਿ ਗਿਆ ਹੱਜ ਵੇ’, ਸੁਖਮਿੰਦਰ ਗਿੱਲ ਨੇ ‘ਕਰਮਾਂ ਦੇ ਮਾਰਿਆਂ ਦੀ ਗੱਲ ਕੌਣ ਕਰੂਗਾ’, ਦਰਸ਼ਨ ਬਰਾੜ ਨੇ ‘ਤੇਰਾ ਮੇਰਾ ਵਿਛੋੜਾ ਪੈ ਜੂਗਾ’, ਜਤਿੰਦਰ ਕੈਂਥ ਨੇ ‘ਪਿਆਰ ਦੇ ਭੁਲੇਖੇ ਕਿੰਨੇ ਸੁਹਣੇ ਸੁਹਣੇ ਖਾ ਗਏ’ ਅਤੇ ਸੋਹਣ ਸਿੰਘ ਭੁੱਚੋ ਨੇ ‘ਆ ਸੱਜਣਾਂ ਕਿਤੇ ਕੱਲੇ ਬਹਿ ਕੇ ਦੁੱਖ ਸੁੱਖ ਲਈਏ ਫੋਲ ਵੇ ਅੜਿਆ’ ਗੀਤ ਪੇਸ਼ ਕੀਤੇ। ਜਸਵੰਤ ਰਾਏ ਸ਼ਰਮਾ ਨੇ ‘ਤੈਨੂੰ ਖ਼ਬਰ ਨਾ ਕੋਈ ਜੇਹੜੀ ਸਾਡੇ ਨਾਲ ਹੋਈ’ ਗੀਤ ਨਾਲ ਮਹਿਫ਼ਲ ਵਿੱਚ ਰੰਗ ਭਰਿਆ।
ਵਿਚਾਰਾਂ ਦੀ ਸਾਂਝ ਪਾਉਂਦਿਆਂ ਜ਼ੀਰ ਸਿੰਘ ਬਰਾੜ ਨੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਤੱਥ ਸਾਂਝੇ ਕੀਤੇ। ਸਤਨਾਮ ਸ਼ੇਰਗਿੱਲ ਨੇ ਕੈਲਗਰੀ ਦੇ ਪਾਣੀ ਸਪਲਾਈ ਸਿਸਟਮ ਬਾਰੇ ਅਧਿਕਾਰੀਆਂ ਦੀ ਅਣਗਹਿਲੀ ਦਾ ਮੁੱਦਾ ਉਠਾਇਆ। ਜਸਵੰਤ ਸਿੰਘ ਕਪੂਰ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਪੇਸ਼ ਕੀਤੇ, ਜਦਕਿ ਸੁਰਿੰਦਰ ਢਿੱਲੋਂ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ‘ਕੁੱਛ ਔਰ ਭੀ ਗ਼ਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ’ ਦੇ ਹਵਾਲੇ ਨਾਲ ਪੰਜਾਬੀਆਂ ਦੇ ਹੰਢਾਏ ਸੰਤਾਪ ਦੀ ਗੱਲ ਕੀਤੀ।
ਕਵੀਸ਼ਰੀ ਦੇ ਰੰਗ ਵਿੱਚ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਡਿਉਢੇ ਛੰਦ ਰਾਹੀਂ ਪੇਸ਼ ਕੀਤਾ। ਜਸਵੰਤ ਸਿੰਘ ਸੇਖੋਂ ਨੇ ਸਿੱਖਾਂ ਦੇ ਦਿੱਲੀ ਦੇ ਤਖ਼ਤ ਨਾਲ ਇਤਿਹਾਸਕ ਟਕਰਾਵਾਂ ਨੂੰ ‘ਸਿੱਖ ਰੱਖਦੇ ਨਾ ਕਿਸੇ ਦਾ ਉਧਾਰ ਦਿੱਲੀਏ’ ਰਾਹੀਂ ਬਿਆਨ ਕੀਤਾ। ਸਤਨਾਮ ਢਾਅ ਨੇ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦੀ ਹੋ ਰਹੀ ਤਬਾਹੀ ਨੂੰ ‘ਵੇ ਮੈਂ ਬੋਲਦੀ ਆਂ ਮਿੱਟੀ ਵੇ ਪੰਜਾਬ ਦੀ’ ਤਰਜ਼ ਕਲੀ ਰਾਹੀਂ ਪੇਸ਼ ਕੀਤਾ। ਜਗਦੇਵ ਸਿੱਧੂ ਨੇ ਦੀਵਾਲੀ ਮਨਾਉਣ ਦੇ ਨਿਵੇਕਲੇ ਢੰਗ ਰਾਹੀਂ ਪੰਜਾਬ ਦਾ ਗੌਰਵ ਬਹਾਲ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਮਾਜ ਸੇਵੀ ਮੁਖਿੰਦਰਪਾਲ ਸਿੰਘ ਉੱਪਲ, ਸਵਰਨ ਧਾਰੀਵਾਲ ਅਤੇ ਸੁਖਦੇਵ ਕੌਰ ਢਾਅ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।
- Download Babushahi App
-
-