CGC ਲਾਂਡਰਾਂ ਵਿਖੇ ਅਸਮਿਤਾ ਵੇਟਲਿਫਟਿੰਗ ਲੀਗ ਦਾ ਆਯੋਜਨ
ਮਹਿਲਾ ਵੇਟਲਿਫਟਰਾਂ ਨੂੰ ਸਸ਼ਕਤ ਬਣਾਉਣ ਦਾ ਵਿਸ਼ੇਸ਼ ਉਪਰਾਲਾ
ਚੰਡੀਗੜ੍ਹ 21 ਜਨਵਰੀ 2026- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਅਸਮਿਤਾ ਵੇਟਲਿਫਟਿੰਗ ਲੀਗ 2025-2026 ਦੀ ਮੇਜ਼ਬਾਨੀ ਕੀਤੀ ਗਈ। ਇਹ ਮੁਕਾਬਲਾ ਸਪੋਰਟਸ ਅਥਾਰਟੀ ਆਫ਼ ਇੰਡੀਆ, ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਅਤੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਸਣੇ ਟ੍ਰਾਈਸਿਟੀ ਖੇਤਰ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸੁਤੰਤਰ ਖੇਡ ਕਲੱਬਾਂ ਦੀਆਂ 70 ਤੋਂ ਵੱਧ ਮਹਿਲਾ ਵੇਟਲਿਫਟਰਾਂ ਨੇ ਹਿੱਸਾ ਲਿਆ। ਭਾਗੀਦਾਰਾਂ ਨੇ ਜੂਨੀਅਰ, ਸੀਨੀਅਰ ਅਤੇ ਯੂਥ ਭਾਗਾਂ ਦੇ ਤਹਿਤ ਅੱਠ ਭਾਰ ਵਰਗਾਂ ਵਿੱਚ ਮੁਕਾਬਲਾ ਕੀਤਾ। ਅਸਮਿਤਾ ਵੇਟਲਿਫਟਿੰਗ ਲੀਗ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ਤੇ ਔਰਤਾਂ ਦੀ ਭਾਗੀਦਾਰੀ ਨੂੰ ਬੜਾਵਾ ਦੇਣਾ ਅਤੇ ਐਥਲੀਟਾਂ ਲਈ ਪੇਸ਼ੇਵਰ ਮੁਕਾਬਲੇ ਵਿੱਚ ਅੱਗੇ ਵਧਣ ਲਈ ਰਾਹ ਬਣਾਉਣਾ ਸੀ।
ਇਹ ਮੁਕਾਬਲਾ ਭਾਰਤ ਵਿੱਚ ਔਰਤਾਂ ਲਈ ਇੱਕ ਸਮਾਵੇਸ਼ੀ ਅਤੇ ਟਿਕਾਊ ਖੇਡ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਵੀ ਉਜਾਗਰ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਰਮਨਪ੍ਰੀਤ ਕੌਰ, ਪੰਜਾਬ ਦੀ ਸਰਵੋਤਮ ਮਹਿਲਾ ਵੇਟਲਿਫਟਰ 2024-25 ਅਤੇ 2025-26 ਅਤੇ ਸੀਨੀਅਰ ਰਾਸ਼ਟਰੀ ਚੈਂਪੀਅਨ ਨੇ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਕੈਪਟਨ ਵਿਨੋਦ ਜਸਵਾਲ, ਐੱਚਓਡੀ, ਸਪੋਰਟਸ, ਸੀਜੀਸੀ ਲਾਂਡਰਾਂ, ਸੰਸਥਾ ਦੇ ਡੀਨ ਅਤੇ ਡਾਇਰੈਕਟਰ ਸ਼ਾਮਲ ਹੋਏ। ਸੀਜੀਸੀ ਲਾਂਡਰਾਂ ਦੀਆਂ ਮਹਿਲਾ ਵੇਟਲਿਫਟਰਾਂ ਨੇ ਮੁਕਾਬਲੇ ਵਿੱਚ 11 ਤਗਮੇ ਜਿੱਤੇ ਜਿਸ ਵਿੱਚ ਛੇ ਚਾਂਦੀ ਦੇ ਤਗਮੇ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਸਨ। ਹੋਰ ਸ਼੍ਰੇਣੀਆਂ ਵਿੱਚ ਜੇਤੂਆਂ ਵਿੱਚੋਂ 69 ਕਿਲੋਗ੍ਰਾਮ ਭਾਰ ਵਰਗ (ਸੀਨੀਅਰ) ਵਿੱਚ ਭੂਮੀਜ਼ਾ ਵੈਦ ਨੇ ਸੋਨਾ ਜਿੱਤਿਆ, ਅਰਸ਼ਦੀਪ ਕੌਰ ਨੇ ਚਾਂਦੀ ਅਤੇ ਸੀਜੀਸੀ ਲਾਂਡਰਾਂ ਦੀ ਪੂਜਾ ਕੁਮਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਸੇ ਤਰ੍ਹਾਂ 77 ਕਿਲੋਗ੍ਰਾਮ ਭਾਰ ਵਰਗ (ਸੀਨੀਅਰ) ਵਿੱਚ, ਸ਼ਾਲਿਨੀ, ਦੀਕਸ਼ਾ ਅਤੇ ਸੋਹਾਨੀ ਨੇ ਕ੍ਰਮਵਾਰ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 77 ਕਿਲੋਗ੍ਰਾਮ ਭਾਰ ਵਰਗ (ਜੂਨੀਅਰ) ਵਿੱਚ, ਅਨਿਆ ਰਕਵਾਲ ਨੇ ਸੋਨ ਤਮਗਾ, ਬੇਦੀਕਾ ਕੌਸ਼ਲ ਨੇ ਚਾਂਦੀ ਦਾ ਤਮਗਾ ਜਦੋਂ ਕਿ ਦੀਕਸ਼ਾ ਨੇ ਕਾਂਸੀ ਦਾ ਤਮਗਾ ਜਿੱਤਿਆ। 86 ਕਿਲੋਗ੍ਰਾਮ ਭਾਰ ਵਰਗ (ਜੂਨੀਅਰ) ਵਿੱਚ, ਜੈਸਮੀਨ ਕੌਰ ਸੰਧੂ, ਕਿਰਨ ਕੰਵਰ ਅਤੇ ਰੁਚੀ ਨੇ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 86 ਪਲੱਸ ਕਿਲੋਗ੍ਰਾਮ ਭਾਰ ਵਰਗ (ਜੂਨੀਅਰ) ਵਿੱਚ, ਨਵਜੋਤ ਚੌਧਰੀ, ਸਨਾ ਅਤੇ ਬ੍ਰਿੰਦਾਵਣੀ ਪੰਚਾਨੀ ਨੇ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 69 ਕਿਲੋਗ੍ਰਾਮ ਭਾਰ ਵਰਗ (ਯੂਥ) ਵਿੱਚ ਕੰਗਨਾ ਅਤੇ ਭੂਮੀਜ਼ਾ ਵੈਦ ਨੇ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ 58 ਕਿਲੋਗ੍ਰਾਮ ਭਾਰ ਵਰਗ (ਯੂਥ) ਵਿੱਚ ਸਿਮਰਨ, ਜਯੋਤਸਨਾ ਅਤੇ ਆਨੰਦਿਤਾ ਕੁਮਾਰੀ ਨੇ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਇਸ ਮੌਕੇ ਗੱਲਬਾਤ ਕਰਦਿਆਂ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਅਸਮਿਤਾ ਵੇਟਲਿਫਟਿੰਗ ਲੀਗ ਔਰਤਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਖੇਡਾਂ ਰਾਹੀਂ ਆਤਮਵਿਸ਼ਵਾਸ ਹਾਸਲ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਵਿਖੇ ਇਸ ਮੁਕਾਬਲੇ ਦੀ ਮੇਜ਼ਬਾਨੀ ਮਹਿਲਾ ਐਥਲੀਟਾਂ ਨੂੰ ਸਮਰਥਨ ਦੇਣ ਅਤੇ ਮੁੱਖ ਧਾਰਾ ਦੇ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਜ਼ਮੀਨੀ ਪੱਧਰ ’ਤੇ ਭਾਗੀਦਾਰੀ ਨੂੰ ਮਜ਼ਬੂਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮੁਕਾਬਲੇ ਦੀ ਅੰਪਾਇਰਿੰਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਰੈਫਰੀਆਂ ਵੱਲੋਂ ਕੀਤੀ ਗਈ, ਜਿਸ ਨਾਲ ਪੂਰੇ ਪ੍ਰੋਗਰਾਮ ਦੌਰਾਨ ਉੱਚ ਤਕਨੀਕੀ ਮਿਆਰਾਂ ਅਤੇ ਨਿਰਪੱਖ ਖੇਡ ਨੂੰ ਯਕੀਨੀ ਬਣਾਇਆ ਗਿਆ।