Babushahi Special ਪੁਲਿਸ ਦੀ ‘ਵੱਢੂੰ ਖਾਊਂ’ ਤੋਂ ਅੱਕੇ ਲੋਕਾਂ ਨੇ ਸ਼ੁਕਰਾਨਾ ਯਾਤਰਾ ਤੁਰਨ ਪਿੱਛੋਂ ਸ਼ੁਕਰ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 8 ਮਈ 2026 : ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ’ਤੇ ਮੁੱਖ ਮੰਤਰੀ ਦਾ ਕਾਫਲਾ ਲੰਘਣ ਮੌਕੇ ਕੜਕਦੀ ਧੁੱਪ ਅਤੇ ਤਪਦੀਆਂ ਸੜਕਾਂ ਦੌਰਾਨ ਬੰਦ ਕੀਤੀ ਆਵਾਜਾਈ ਤਾਂ ਲੋਕਾਂ ਲਈ ਜੀ ਦਾ ਜੰਜਾਲ ਸਾਬਤ ਹੋਈ। ਜਦੋਂ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਅਗਲੇ ਪੜਾਅ ਵੱਲ ਚਲੀ ਗਈ ਤਾਂ ਨਾਂ ਕੇਵਲ ਆਮ ਲੋਕਾਂ ਨੇ ਸ਼ੁਕਰ ਮਨਾਇਆ ਬਲਕਿ ਪੁਲਿਸ ਪ੍ਰਸ਼ਾਸ਼ਨ ਨੇ ਵੀ ਸੁੱਖ ਦਾ ਸਾਹ ਲਿਆ। ਗੌਰਤਲਬ ਹੈ ਕਿ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਨਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪੰਜਾਬ ਭਰ ’ਚ ਸ਼ੁਕਰਾਨਾ ਯਾਤਰਾ ਕੱਢ ਰਹੇ ਹਨ। ਇਸ ਯਾਤਰਾ ਦਾ ਅੱਜ ਤਿੰਨ ਕੋਣੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਅਮਰੀਕ ਸਿੰਘ ਰੋਡ (ਨਜ਼ਦੀਕ ਉੜਾਂਗ ਸਿਨੇਮਾ) ਵਿਖੇ ਰੁਕਣ ਦਾ ਪ੍ਰੋਗਰਾਮ ਸੀ।
ਮੁੱਖ ਮੰਤਰੀ ਦੀ ਆਮਦ ਅਤੇ ਇਸ ਮੌਕੇ ਹੋਣ ਵਾਲੇ ਸੰਭਾਵੀ ਇਕੱਠ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਸ਼ਹਿਰ ਦੇ ਚੱਪੇ ਚੱਪੇ ’ਤੇ ਸੁਰੱਖਿਆ ਲਈ ਸਖਤ ਪਹਿਰਾ ਲਾਇਆ ਹੋਇਆ ਸੀ। ਪਤਾ ਲੱਗਿਆ ਹੈ ਕਿ ਜਲੰਧਰ ਅਤੇ ਅੰਮ੍ਰਿਤਸਰ ‘ਚ ਹੋਏ ਬੰਬ ਧਮਾਕਿਆਂ ਕਾਰਨ ਪੁਲਿਸ ਅਧਿਕਾਰੀ ਕੋਈ ਖਤਰਾ ਮੁੱਲ ਲੈਣ ਦੇ ਰੌਂਅ ’ਚ ਨਹੀਂ ਹਨ। ਪੁਲਿਸ ਬਠਿੰਡਾ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ‘ਅਤੀਸੰਵੇਦਨਸ਼ੀਲ ਮੰਨਕੇ ਚੱਲ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵੀ ਕਿਸਮ ਦੀ ਅਣਹੋਣੀ ਘਟਨਾਂ ਵਾਪਰਨ ਤੋਂ ਰੋਕਣ ਲਈ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਸਨ । ਇਸ ਪੱਤਰਕਾਰ ਨੇ ਸ਼ਹਿਰ ਦੇ ਕੁੱਝ ਇਲਾਕਿਆਂ ਦਾ ਚੱਕਰ ਲਾਇਆ ਤਾਂ ਕਰੀਬ ਦੋ ਦਰਜਨ ਤੋਂ ਵੱਧ ਸੜਕਾਂ ਪੁਲਿਸ ਛਾਉਣੀ ਬਣੀਆਂ ਦਿਖਾਈ ਦੇ ਰਹੀਆਂ ਸਨ। ਮੁੱਖ ਮੰਤਰੀ ਦਾ ਕਾਫਲਾ ਲੰਘਣ ਵਾਲੀ ਸੜਕ ’ਤੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਹੋਈ ਸੀ ਜਦੋਂਕਿ ਖੁਫੀਆ ਵਿੰਗ ਆਪਣੇ ਤੌਰ ’ਤੇ ਨਜ਼ਰ ਰੱਖ ਰਿਹਾ ਸੀ।
ਇਸ ਦੌਰਾਨ ਜਿੳਂੁ ਹੀ ਸ਼ਹਿਰ ਦੀ ਅਮਰੀਕ ਸਿੰਘ ਰੋਡ ਤੋਂ ਮੁੱਖ ਮੰਤਰੀ ਦਾ ਕਾਫਲਾ ਮਾਲ ਰੋਡ ਵੱਲ ਵਧਿਆ ਤਾਂ ਹੁਕਮਾਂ ’ਚ ਬੱਝੀ ਪੁਲਿਸ ਨੇ ਆਵਾਜਾਈ ਰੋਕ ਦਿੱਤੀ ਜਿਸ ਕਾਰਨ ਰਾਹਗੀਰ ਪੁਲਿਸ ਨਾਲ ਉਲਝਦੇ ਨਜ਼ਰ ਆਏ। ਕਈ ਥਾਵਾਂ ’ਤੇ ਲੋਕਾਂ ਅਤੇ ਮੁਲਾਜਮਾਂ ਵਿਚਕਾਰ ਡਾਢੀ ਤਕਰਾਰ ਵੀ ਹੋਈ ਜਿਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਆਪਣੀ ਰਿਵਾਇਤੀ ਬੋਲਬਾਣੀ ਨਾਲ ਨਿਵਾਜਿਆ। ਇੱਕ ਜਗ੍ਹਾ ਧੱਕੇ ਨਾਲ ਲੰਘਣ ਦੀ ਕੋਸ਼ਿਸ਼ ਕਰ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪੁਲਿਸ ਨੇ ਭੁਗਤ ਸੁਆਰਨ ਦੀ ਚਿਤਾਵਨੀ ਵੀ ਦਿੱਤੀ। ਇਹ ਨਹੀਂ ਕਿ ਸਾਰੀ ਪੁਲਿਸ ਨੇ ਹੀ ਭਾਫਾਂ ਕੱਢੀਆਂ ਬਲਕਿ ਇੱਕ ਜਗ੍ਹਾ ਤਾਂ ਪੁਲਿਸ ਮੁਲਾਜਮ ਲੋਕਾਂ ਨੂੰ ਰੋਕਣ ਲਈ ਹੱਥ ਜੋੜਦੇ ਵੀ ਦਿਖਾਈ ਦਿੱਤੇ। ਠੰਢ ਦੌਰਾਨ ਵੀ ਅਕਸਰ ਗਰਮ ਮਿਜਾਜ ਰੱਖਣ ਵਾਲਾ ਪੁਲਿਸ ਅਧਿਕਾਰੀ ਵੀ ਅੱਜ ਕਾਫੀ ਠਰੰਮ੍ਹੇ ਨਾਲ ਗੱਲਬਾਤ ਕਰਦਾ ਨਜ਼ਰ ਆਇਆ। ਹੋਰ ਵੀ ਵੱਖ ਵੱਖ ਥਾਵਾਂ ’ਤੇ ਪੁਲਿਸ ਮੁਲਜਮਾਂ ਦਾ ਵਤੀਰਾ ਤਕਰੀਬਨ ਰਲਿਆ ਮਿਲਿਆ ਰਿਹਾ।
ਹਿਰਾਸਤ ’ਚ ਲਏ ਕਿਸਾਨ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੱਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਅੱਜ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਪੁਲਿਸ ਵੱਲੋਂ ਖੇਤਾਂ ’ਚ ਭਜਾਉਣ ਤੋਂ ਬਾਅਦ ਫੜੇ ਕਿਸਾਨਾਂ ਨੇ ਜੋਰਦਾਰ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਗੁੰਮ ਹੋਏ ਕਿਸਾਨਾਂ ਦੇ ਸਾਮਾਨ ਦੀ ਭਰਪਾਈ ਸਮੇਤ ਆਪਣੀਆਂ ਹੋਰ ਮੰਗਾਂ ਦੀ ਪੂਰਤੀ ਦੀ ਮੰਗ ਕਰਨਾ ਚਾਹੁੰਦੇ ਸਨ ਪਰ ਸਰਕਾਰ ਧੱਕੇ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਖੁਦ ਲੋਕਾਂ ਨੂੰ ਸਰਕਾਰਾਂ ਨੂੰ ਸਵਾਲ ਪੁੱਛਣ ਲਈ ਪ੍ਰੇਰਿਆ ਕਰਦੇ ਸਨ, ਪਰ ਹੁਣ ਖ਼ੁਦ ਅਜਿਹੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਟਾਲਾ ਵੱਟਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਖਦੇ ਸਨ ਕਿ ਸਰਕਾਰ ਸੱਥਾਂ ਚੋਂ ਚੱਲਿਆ ਕਰੇਗੀ ਪਰ ਹੁਣ ਉਹ ਕਿਸਾਨਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ।
ਪ੍ਰਸ਼ਾਸ਼ਨ ਨੇ ਲਿਆ ਸੌਖਾ ਸਾਹ
ਇਸ ਦੌਰਾਨ ਸ਼ੁਕਰਾਨਾ ਯਾਤਰਾ ਅਮਰੀਕ ਸਿੰਘ ਰੋਡ ਤੋਂ ਸ਼ੁਰੂ ਹੋਕੇ ਗੋਲ ਡਿੱਗੀ ਤੋਂ ਹਨੂੰਮਾਨ ਚੌਂਕ, ਬੱਸ ਸਟੈਂਡ ਬਠਿੰਡਾ ਹੁੰਦੀ ਹੋਈ ਕੋਟਸ਼ਮੀਰ (ਨਜ਼ਦੀਕ ਸ਼ੁਸਾਂਤ ਸ਼ਿਟੀ) ਵਿਖੇ ਰੁਕਣ ਉਪਰੰਤ ਇਹ ਯਾਤਰਾ ਭਾਗੀਵਾਂਦਰ ਵਿਖੇ ਰੁਕੀ ਜਿਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਤਲਵੰਡੀ ਸਾਬੋ ( ਤਖਤ ਸ੍ਰੀ ਦਮਦਮਾ ਸਾਹਿਬ) ਵਿਖੇ ਪਹੁੰਚੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਤਖਤ ਸਾਹਿਬ ਵਿਖੇ ਨਤਮਸਤਕ ਹੋਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਵੀ ਪੁਲਿਸ ਪ੍ਰਸ਼ਸ਼ਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਹੋਏ ਸਨ। ਬਠਿੰਡਾ ਤੋਂ ਤਲਵੰਡੀ ਸਾਬੋ ਤੱਕ ਦਾ ਸਮੁੱਚਾ ਰਸਤਾ ਪੁਲਿਸ ਨੇ ਸੁਰੱਖਿਆ ਘੇਰੇ ’ਚ ਲਿਆ ਹੋਇਆ ਸੀ। ਯਾਤਰਾ ਦੇ ਅਗਲੇ ਪੜਾਅ ਵੱਲ ਚਲੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
- Download Babushahi App
-
-