Babushahi Special : ਚਿੱਟੇ ਦੇ ਕਾਲੇ ਧੰਦੇ ਨੂੰ ਲੈਕੇ ਸਖਤ ਹੋਈ ਹਾਈਕੋਰਟ ਨੇ ਕਸੀ ਪੰਜਾਬ ਸਰਕਾਰ ਦੀ ਚੂੜੀ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ 2025: ਪੰਜਾਬ ’ਚ ਨਸਲਾਂ ਨੂੰ ਤਬਾਹ ਕਰਨ ਵਾਲੇ ਚਿੱਟੇ ਵਰਗੇ ਖਤਰਨਾਕ ਨਸ਼ੇ ਦੀ ਵਿੱਕਰੀ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮੌੜ ਅਧੀਨ ਪੈਂਦੇ ਪਿੰਡ ਮੌੜ ਕਲਾਂ ’ਚ ਚਿੱਟੇ ਦੀ ਵਿੱਕਰੀ ਤੋਂ ਅੱਕੇ ਪਿੰਡ ਵਾਸੀਆਂ ਵੱਲੋਂ ਕੰਧਾਂ ਤੇ ‘ ਇੱਥੇ ਚਿੱਟਾ ਵਿਕਦਾ ਹੈ’ ਲਿਖਣ ਦਾ ਸੂਓ ਮੋਟੋ ਨੋਟਿਸ ਲੈਂਦਿਆਂ ਅਦਾਲਤ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਹਾਈਕੋਰਟ ਦੇ ਚੀਫ ਜਸਟਿਸ ਸ਼ੀਲਾ ਨਾਗੂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਸਖਤ ਰੁਖ ਅਖਤਿਆਰ ਕਰਦਿਆਂ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹਾਈਕੋਰਟ ਨੇ ਮੰਨਿਆ ਹੈ ਕਿ ਰਿਪੋਰਟ ਮੌੜ ਕਲਾਂ ਪਿੰਡ ਦੀ ਉਸ ਚਿੰਤਾਜਨਕ ਸਥਿਤੀ ਨੂੰ ਬੇਪਰਦ ਕਰਦੀ ਹੈ ਜਿੱਥੇ ਪਿੰਡ ਵਾਸੀਆਂ ਨੇ ਕਥਿਤ ਡਰੱਗ ਨੈਟਵਰਕ ਖਿਲਾਫ ਕੰਧਾਂ ਤੇ ਕਾਲੇ ਰੰਗ ਨਾਲ ‘ ਇੱਥੇ ਚਿੱਟਾ ਸ਼ਰੇਆਮ ਵਿਕਦਾ ’ ਹੈ ਲਿਖਕੇ ਵਿਰੋਧ ਜਤਾਇਆ ਹੈ।
ਹਾਲਾਂਕਿ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਚਿਤਾਵਨੀ ਭਰੇ ਨਾਅਰਿਆਂ ਨੂੰ ਹਟਾ ਦਿੱਤਾ ਪਰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਕਾਰਵਾਈ ਦੀ ਕਥਿਤ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਪੰਜਾਬ ਸਰਕਾਰ ਦੇ ਵਕੀਲ ਵੱਲੋਂ ਨੋਟਿਸ ਹਾਸਲ ਕਰਨ ਤੋਂ ਬਾਅਦ ਹਾਈਕੋਰਟ ਨੇ ਸਰਕਾਰ ਨੂੰ ਮੁਕੰਮਲ ਵੇਰਵੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹੁਣ ਪੰਜਾਬ ਸਰਕਾਰ ਵੱਲੋਂ ਐਫੀਡੈਵਿਟ ਦਾਖਲ ਕਰਨ ਉਪਰੰਤ ਅਗਲੀ ਸੁਣਵਾਈ ਦੌਰਾਨ ਅੱਗੇ ਦੀ ਕਾਰਵਾਈ ਤੇ ਵਿਚਾਰ ਕੀਤਾ ਜਾਏਗਾ। ਹਾਈਕੋਰਟ ਨੇ ਪਿੰਡ ’ਚ ਨਸ਼ੀਲੇ ਪਣਾਰਥਾਂ ਦੀ ਕਥਿਤ ਵਿੱਕਰੀ ਰੋਕਣ ਲਈ ਚੁੱਕੇ ਕਦਮਾਂ ਦੀ ਜਾਣਕਾਰੀ ਮੰਗੀ ਹੈ। ਇਸ ਤੋਂ ਇਲਾਵਾ ਸ਼ੱਕੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਫੌਰੀ ਤੌਰ ਤੇ ਕੀਤੀ ਕਾਰਵਾਈ , ਪੁਲਿਸ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਭਵਿੱਖ ’ਚ ਅਜਿਹੀ ਸਥਿਤੀ ਦੁਬਾਰਾ ਨਾਂ ਬਣੇ ਆਦਿ ਪਹਿਲੂਆਂ ਤੋਂ ਅਦਾਲਤ ਨੂੰ ਜਾਣੂੰ ਕਰਵਾਉਣ ਲਈ ਕਿਹਾ ਗਿਆ ਹੈ।
ਯਾਦ ਰਹੇ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਮੌੜ ਕਲਾਂ ਵਿੱਚ ਚਿੱਟੇ ਦੇ ਵਧਦੇ ਕਹਿਰ ਤੋਂ ਦੁਖੀ ਪਿੰਡ ਦੇ ਲੋਕਾਂ ਨੇ ਬੀਤੇ ਦਿਨੀ ਕੰਧਾਂ ਤੇ ‘ਚਿੱਟਾ ਇੱਥੇ ਸ਼ਰੇਅਮ ਵਿਕਦਾ’ ਹੈ ਲਿਖ ਦਿੱਤਾ ਸੀ। ਸੂਚਨਾ ਮਿਲਣ ਤੇ ਪੁਲਿਸ ਮੁਲਾਜਮਾਂ ਨੇ ਚਿੱਟੇ ਸ਼ਬਦ ਤੇ ਕਾਲਾ ਰੰਗ ਫੇਰ ਦਿੱਤਾ ਸੀ ਤਾਂ ਜੋ ਕਿਸੇ ਨੂੰ ਪਤਾ ਨਾਂ ਲੱਗ ਸਕੇ। ਥਾਣਾ ਮੌੜ ਪੁਲਿਸ ਨੇ ਮੰਨਿਆ ਕਿ ਨਸ਼ਿਆਂ ਦੀ ਸਮੱਸਿਆ ਹੈ ਪਰ ਇਸ ਸਬੰਧ ’ਚ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਮੌੜ ਕਲਾਂ ਦੀਆਂ ਔਰਤਾਂ ਮਨਜੀਤ ਕੌਰ ਅਤੇ ਕ੍ਰਿਸ਼ਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਿੱਟੇ ਦਾ ਸ਼ਿਕਾਰ ਹੋਕੇ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਦੇ ਚਲਦਿਆਂ ਕੁੜੀਆਂ ਛੋਟੀ ਉਮਰ ’ਚ ਹੀ ਵਿਧਵਾ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਘਰ ਚਲਾਉਣ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਥਿਤੀ ਐਨੀ ਗੰਭੀਰ ਬਣੀ ਹੋਈ ਹੈ ਕਿ ਨੌਜਵਾਨ ਲਗਾਤਰ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਇੰਨ੍ਹਾਂ ਔਰਤਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਫਰਿਆਦ ਸੁਣੀ ਜਾਏ ਅਤੇ ਚਿੱਟਾ ਵੇਚਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਚਿੱਟਾ ਵੇਚਣ ਵਾਲੇ ਤਸਕਰਾਂ ਦੀ ਪੁਲਿਸ ਨਾਲ ਕਥਿਤ ਮਿਲੀਭੁਗਤ ਹੈ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਦੁਖੀ ਹੋਕੇ ਹੀ ਉਨ੍ਹਾਂ ਨੇ ਕੰਧਾਂ ਤੇ ਇਹ ਸੰਦੇਸ਼ ਲਿਖਿਆ ਹੈ। ਇਸ ਸਬੰਧ ਵਿੱਚ ਕੁੱਝ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਡੀਐਸਪੀ ਮੌੜ ਕੁਲਦੀਪ ਸਿੰਘ ਬਰਾੜ ਨੇ ਵੀਡੀਓ ਜਾਰੀ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਸੀ
ਡੀਐਸਪੀ ਦੀ ਅਜੀਬ ਦਲੀਲ
ਨਸ਼ੇ ਦੀ ਵਿੱਕਰੀ ਖਿਲਾਫ ਲਿਖਣ ਪਿੱਛੋਂ ਡੀਐਸਪੀ ਮੌੜ ਕੁਲਦੀਪ ਸਿੰਘ ਬਰਾੜ ਨੇ ਕਿਹਾ ਸੀ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਲਗਤਾਰ ਫੜ ਰਹੀ ਹੈ ਪਰ ਪਿੰਡ ਦੇ ਲੋਕ ਜਮਾਨਤ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਕੱਲੀ ਮੌੜ ਕਲਾਂ ਦੀ ਹੱਦ ਅੰਦਰ ਨਸ਼ਾ ਤਸਕਰੀ ਦੇ 23 ਮੁਕੱਦਮੇ ਦਰਜ ਕੀਤੇ ਹਨ । ਇੱਕ ਮਾਰਚ ਤੋਂ ਸ਼ੁਰੂ ਹੋਏ ਯੁੱਧ ਨਸ਼ਿਆਂ ਵਿਰੁਧ ਮੌੜ ਕਲਾਂ ’ਚ 45 ਤਸਕਰ ਫੜੇ ਗਏ ਹਨ ਜਦੋਂਕਿ ਪੰਜ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ’ਚ ਦਾਖਲ ਕਰਵਾਇਆ ਹੈ।
ਨਸ਼ਿਆਂ ਨਾਲ ਜੁੜੇ ਮਾਮਲੇ
ਮੌੜ ਕਲਾਂ ’ਚ ਇੱਕ ਐਸਪੀ ਦੀ ਅਗਵਾਈ ਹੇਠ ਸਰਚ ਆਪਰੇਸ਼ਨ ਚਲਾਇਆ ਪਰ ਹੱਥ ਖਾਲੀ ਰਹੇ ਸਨ। ਚਰਚਾ ਸੀ ਕਿ ਅਗਾਊਂ ਸੂਚਨਾ ਮਿਲਣ ਤੇ ਨਸ਼ਾ ਤਸਕਰ ਚੌਕਸ ਹੋ ਗਏ। ਇਸੇ ਸਾਲ ਮੌੜ ਹਲਕੇ ਦੇ ਪਿੰਡ ਭਾਈ ਬਖਤੌਰ ’ਚ ਨਸ਼ੇ ਖਿਲਾਫ ਅਵਾਜ਼ ਚੁੱਕਣ ਤੇ ਨਸ਼ਾ ਤਸਕਰਾਂ ਨੇ ਇੱਕ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਸਨ। ਤਸਵੀਰਾਂ ਵਾਇਰਲ ਹੋਣ ਪਿੱਛੋਂ ਪੁਲਿਸ ਨੂੰ ਮੁਕੱਦਮਾ ਦਰਜ ਕਰਨਾ ਪਿਆ ਸੀ। ਉਦੋਂ ਪਿੰਡ ਵਾਸੀਆਂ ਨੇ ‘ਸਾਡਾ ਪਿੰਡ ਵਿਕਾਊ ਹੈ’ ਲਿਖਿਆ ਸੀ। ਇਸੇ ਪਿੰਡ ’ਚ ਲਖਵੀਰ ਸਿੱਧੂ ਨੇ ਮੁਹਿੰਮ ਚਲਾਈ ਤਾਂ ਨਸ਼ੇ ਨੂੰ ਲਗਾਮ ਲੱਗੀ ਸੀ ਪਰ ਕੁੱਝ ਮਹੀਨਿਆਂ ਬਾਅਦ ਫਿਰ ਤੋਂ ਨਸ਼ਾ ਵਿਕਣਾ ਸ਼ੁਰੂ ਹੋ ਗਿਆ।