Babushahi Special ਨਿਹੰਗਾਂ ਵੱਲੋਂ ਸੋਸ਼ਲ ਮੀਡੀਆ ’ਤੇ ਗੰਦਗੀ ਪਰੋਸਣ ਕਰਕੇ ਚੁੰਮਿਆਂ ਵਾਲੀ ਰਣਜੀਤ ਕੌਰ ਦੀ ਲਾਹ ਪਾਹ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2026 : ਸੋਸ਼ਲ ਮੀਡੀਆ ’ਤੇ ਅਸ਼ਲੀਲ ਹਰਕਤਾਂ ਕਰਨ , ਗੰਦੇ ਵੀਡੀਓ ਪਾਉਣ ਅਤੇ ਲੱਚਰਤਾ ਫੈਲਾਉਣ ਕਾਰਨ ਨਿਹੰਗ ਸਿੰਘਾਂ ਦੇ ਇੱਕ ਜੱਥੇ ਨੇ ਚੁੰਮਿਆਂ ਵਾਲੀ ਭਾਬੀ ਦੇ ਨਾਮ ਨਾਲ ਜਾਣੀ ਜਾਂਦੀ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਅਤੇ ਉਸਦੇ ਪ੍ਰੀਵਾਰਕ ਮੈਂਬਰਾਂ ਦੀ ਚੰਗੀ ਲਾਹ ਪਾਹ ਕੀਤੀ। ਸੋਸ਼ਲ ਮੀਡੀਆ ’ਤੇ ਇਸ ਸਬੰਧੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਅੱਗੇ ਦੀ ਅੱਗੇ ਸ਼ੇਅਰ ਕਰ ਰਹੇ ਹਨ। ਵੀਡੀਓ ’ਚ ਕਰੀਬ ਅੱਧੀ ਦਰਜਨ ਨਿਹੰਗ ਸਿੰਘ ਨਜ਼ਰ ਆ ਰਹੇ ਹਨ ਜਿੰਨ੍ਹਾਂ ਵੱਲੋਂ ਰਣਜੀਤ ਕੌਰ ਨੂੰ ਭਵਿੱਖ ’ਚ ਅਜਿਹਾ ਨਾ ਕਰਨ ਦੀ ਤਾੜਨਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਖਾਲਸਾ ਫੌਜਾਂ ਨੇ ਰਣਜੀਤ ਕੌਰ ਦੇ ਪਤੀ ਨੂੰ ਵੀ ਅਜਿਹੇ ਵੀਡੀਓ ਨਾਂ ਪਾਉਣ ਸਬੰਧੀ ਚਿਤਾਵਨੀ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਧੀਅ ਨੂੰ ਵੀ ਬਾਜ ਆਉਣ ਦੀ ਨਸੀਹਤ ਵੀ ਦਿੱਤੀ।
ਨਿਹੰਗ ਸਿੰਘਾਂ ਨੇ ਕਿਹਾ ਕਿ ਤੁਸੀ ਤਾਂ ਜੋ ਕਰਨਾ ਸੀ ਕਰ ਲਿਆ ਪਰ ਹੁਣ ਇਸ ਬੱਚੀ ਨੂੰ ਧੀਅ ਬਨਾਓ ਅਤੇ ਉਸ ਦੀ ਜਿੰਦਗੀ ਖਰਾਬ ਨਾਂ ਕਰੋ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਆਪਣੀ ਧੀਅ ਦਾ ਵਿਆਹ ਕੀਤਾ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਿਆ ਸਹਾਇਤਾ ਵਜੋਂ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਰਣਜੀਤ ਕੌਰ ਅਤੇ ਉਸ ਦੇ ਪਤੀ ਨੂੰ ਕਿਰਤ ਕਰਕੇ ਆਪਣਾ ਪ੍ਰੀਵਾਰ ਪਾਲਣਾ ਚਾਹੀਦਾ ਹੈ ਨਾਂ ਕਿ ਸਮਾਜ ਨੂੰ ਨਿਘਾਰ ਵੱਲ ਲਿਜਾਣ ਵਾਲੀਆਂ ਵੀਡੀਓ ਪਾਈਆਂ ਜਾਣ। ਹਾਲਾਂਕਿ ਇਹ ਜਾਣਕਾਰੀ ਤਾਂ ਨਹੀਂ ਮਿਲ ਸਕੀ ਕਿ ਨਿਹੰਗ ਸਿੰਘ ਕੌਣ ਸਨ ਅਤੇ ਕਿਸ ਜੱਥੇ ਨਾਲ ਸਬੰਧਤ ਹਨ ਪਰ ਵੀਡੀਓ ਵਿੱਚ ਇਹ ਸਾਫ ਦਿਖਾਈ ਦਿੰਦਾ ਹੈ ਕਿ ਉਹ ਗੰਦਗੀ ਪਰੋਸਣ ਕਾਰਨ ਰਣਜੀਤ ਕੌਰ ਨਾਲ ਕਾਫੀ ਨਰਾਜ਼ ਸਨ। ਉਨ੍ਹਾਂ ਸਪਸ਼ਟ ਕੀਤਾ ਕਿ ਤੁਸੀਂ ਅੱਧੇ ਨੰਗੇ ਕੱਪੜੇ ਨਹੀਂ ਪਾਉਣੇ ਅਤੇ ਲੱਚਰ ਵੀਡੀਓ ਨਾਂ ਪਾਉਣ ਦੀ ਹਦਾਇਤ ਕੀਤੀ।
ਉੁਨ੍ਹਾਂ ਕਿਹਾ ਕਿ ਵੀਡੀਓ ’ਚ ਕੋਈ ਨਾਚਾ ਟਾਪਾ ਨਹੀਂ ਹੋਣਾ ਚਾਹੀਦਾ ਅਤੇ ਚੁੰਮੇ ਚੱਟੇ ਵਾਲੀਆਂ ਵੀਡੀਓ ਬੰਦ ਕੀਤੀਆਂ ਜਾਣ। ਖਾਲਸਾ ਫੌਜਾਂ ’ਚ ਸ਼ਾਮਲ ਇੱਕ ਸਿੰਘ ਨੇ ਕਿਹਾ ਕਿ ਮਾੜੀ ਗੱਲ ਹੈ ਕਿ ਆਪਣੀ ਧੀਅ ਨੂੰ ਕਿਹੋ ਜਿਹੇ ਕੰਮ ’ਤੇ ਲਾ ਦਿੱਤਾ ਹੈ ਜਿਸ ਦਾ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਰਣਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਨੂੰ ਆਪਣਾ ਮੋਬਾਇਲ ਫੋਨ ਨੰਬਰ ਵੀ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਨੰਗੇਜ ਦਿਖਾਉਣ ਅਤੇ ਲੱਚਰਤਾ ਭਰੀਆਂ ਵੀਡੀਓ ਸੋਸ਼ਲ ਮੀਡੀਆ ਪਾਉਣ ਤੋਂ ਵੀ ਵਰਜਿਆ। ਵੀਡੀਓ ਵਿੱਚ ਨਿਹੰਗ ਸਿੰਘ ਨੇ ਰਣਜੀਤ ਕੌਰ ਦੇ ਪਰਿਵਾਰ ਨੂੰ ਕੋਈ ਬਹੁਤੀ ਜਿਆਦਾ ਤਿੱਖੀ ਚਿਤਾਵਨੀ ਤਾਂ ਨਹੀਂ ਦਿੱਤੀ ਪਰ ਉਹਨਾਂ ਦੇ ਹਾਵ ਭਾਵ ਤੋਂ ਨਜ਼ਰ ਆ ਰਿਹਾ ਸੀ ਕਿ ਜੇਕਰ ਰਣਜੀਤ ਕੌਰ ਅਤੇ ਉਸ ਦਾ ਪ੍ਰੀਵਾਰ ਨਾ ਸੁਧਰਿਆ ਤਾਂ ਕੋਈ ਸਖਤ ਫੈਸਲਾ ਲੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਦਰਅਸਲ ਪਿਛਲੇ ਲੰਮੇ ਸਮੇਂ ਤੋਂ ਚੁੰਮਿਆਂ ਵਾਲੀ ਰਣਜੀਤ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਵੀਡੀਓ ਨੂੰ ਲੈਕੇ ਲੋਕਾਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਸੀ ਅਤੇ ਕਾਫੀ ਭੱਦੇ ਕਮੈਂਟ ਵੀ ਕੀਤੇ ਜਾਂਦੇ ਸਨ। ਇਸ ਦੇ ਬਾਵਜੂਦ ਵੀ ਇਹ ਲੋਕ ਆਪਣੀਆਂ ਲਚਰ ਵੀਡੀਓ ਪਾੳਣ ਤੋਂ ਰੁਕ ਨਹੀਂ ਰਹੇ ਸਨ। ਕੁੱਝ ਸਮਾਂ ਪਹਿਲਾਂ ਤਾਂ ਇੱਕ ਵੀਡੀਓ ’ਚ ਰਣਜੀਤ ਕੌਰ ਦਾ ਪਤੀ ਔਰਤਾਂ ਵਾਲੇ ਕੱਪੜੇ ਪਾਕੇ ਬੇਹੂਦਾ ਹਰਕਤਾਂ ਕਰਦਾ ਦਿਖਿਆ ਸੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜਿਨਾਂ ਧੀਆਂ ਵੱਲ ਲੋਕ ਅੱਖ ਵੀ ਨਹੀਂ ਚੁੱਕਣ ਦਿੰਦੇ ਇਹ ਲੋਕ ਆਪਣੀਆਂ ਵੀਡੀਓ ਵਿੱਚ ਆਪਣੀ ਲੜਕੀ ਨੂੰ ਵੀ ਨਾਲ ਹੀ ਮਿਲਾ ਲਿਆ ਸੀ। ਜਦੋਂ ਮਾਮਲਾ ਹੱਦ ਤੋਂ ਵੱਧਦਾ ਦਿਖਾਈ ਦਿੱਤਾ ਤਾਂ ਖਾਲਸਾ ਫੌਜਾਂ ਨੇ ਇਸ ਦਾ ਨੋਟਿਸ ਲਿਆ ’ਤੇ ਰਣਜੀਤ ਕੌਰ ਦੇ ਘਰ ਤੱਕ ਪੁੱਜ ਗਈਆਂ ਅਤੇ ਅਸ਼ਲੀਲਤਾ ਭਰਪੂਰ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।
ਰਣਜੀਤ ਕੌਰ ਵੱਲੋਂ ਤਿੱਖਾ ਜਵਾਬ
ਨਿਹੰਗ ਸਿੰਘਾਂ ਵੱਲੋਂ ਤਾੜਨਾ ਕਰਨ ਤੋਂ ਬਾਅਦ ਰਣਜੀਤ ਕੌਰ ਨੇ ਵੀਡੀਓ ਜਾਰੀ ਕਰਕੇ ਇਸ ਸਬੰਧੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਅਜਿਹਾ ਕਰਨਾ ਬੰਦ ਕਰਨ ਲਈ ਗੁਜਾਰੇ ਵਜੋਂ 50 ਹਜ਼ਾਰ ਦੇਣ ਲਈ ਕਿਹਾ । ਉਨ੍ਹਾਂ ਕਿਹਾ ਕਿ ਜੇਕਰ ਨਿਹੰਗਾਂ ਨੂੰ ਇਤਰਾਜ ਸੀ ਤਾਂ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਸੀ ਇਸ ਤਰਾਂ ਕਿਸੇ ਦੇ ਘਰ ਜਾਣਾ ਸਹੀ ਨਹੀਂ ਹੈ । ਰਣਜੀਤ ਕੌਰ ਦੇ ਪਤੀ ਨੇ ਦੱਸਿਆ ਕਿ ਨਾਮ ਚੱਲਦਾ ਹੈ ਜਿਸ ਕਰਕੇ ਰਣਜੀਤ ਕੌਰ ਦਾ ਇਹ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ’ਚ ਲੋਕ ਕਿਹੋ ਜਿਹੇ ਕੱਪੜੇ ਤੁਰੇ ਫਿਰਦੇ ਹਨ ਉਨ੍ਹਾਂ ਕੋਲ ਤਾਂ ਇਹ ਜਾਂਦੇ ਨਹੀਂ। ਰਣਜੀਤ ਕੌਰ ਨੇ ਕਿਹਾ ਕਿ ਅਸੀਂ ਕਿਹੜਾ ਚੋਰੀਆਂ ਠੱਗੀਆਂ ਕਰਦੇ ਹਾਂ , ਗਰੀਬ ਰੋਟੀ ਖਾਂਦਾ ਹੈ ਤਾਂ ਖਾ ਲੈਣ ਦਿਓ।
ਉੱਠਦਾ ਰਹਿੰਦਾ ਲਚਰਤਾ ਦਾ ਮੁੱਦਾ
ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਅਤੇ ਦੂਹਰੇ ਅਰਥਾਂ ਵਾਲੀਆਂ ਵੀਡੀਓਜ਼ ਦਾ ਮਾਮਲਾ ਸਮਾਜਿਕ ਹਲਕਿਆਂ ’ਚ ਅਕਸਰ ਸੁਰਖੀਆਂ ਬਣਦਾ ਰਹਿੰਦਾ ਹੈ। ਕਈ ਜੱਥੇਬੰਦੀਆਂ ਵਿਰੋਧ ਕਰਦੀਆਂ ਹਨ ਜਿਸਦਾ ਕੋੲਂ ਅਸਰ ਨਹੀਂ ਹੋ ਰਿਹਾ ਹੈ। ਪਿਛਲੇ ਸਾਲ ਇਸੇ ਕਾਰਨ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਦੋਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀਆਂ ਸਿਰ ਲੱਗਿਆ ਹੈ ਅਤੇ ਉਹ ਜੇਲ੍ਹ ’ਚ ਬੰਦ ਹਨ। ਇਸ ਮੌਕੇ ਸੋਸ਼ਲ ਮੀਡੀਆ ’ਤੇ ਅਜਿਹੀਆਂ ਹੀ ਵੀਡੀਓ ਪਾਉਣ ਵਾਲਿਆਂ ਨੂੰ ਚਿਤਾਵਨੀਆਂ ਦੇਣ ਦਾ ਸਿਲਸਲਾ ਚੱਲਿਆ ਸੀ।
- Download Babushahi App
-
-