ਵਪਾਰੀ ਦੀ ਸੁਰੱਖਿਆ 'ਚ ਤਾਇਨਾਤ ASI ਦੀ ਅਚਾਨਕ ਫਾਇਰਿੰਗ ਦੌਰਾਨ ਗਈ ਜਾਨ, ਪਰਿਵਾਰ 'ਚ ਸੋਗ ਦੀ ਲਹਿਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 13 ਨਵੰਬਰ
ਅੰਮ੍ਰਿਤਸਰ ਵਿੱਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਆਪਣੀ ਸਰਵਿਸ ਅਸਾਲਟ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਏ.ਐੱਸ.ਆਈ. ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਇੱਕ ਵਪਾਰੀ ਦੀ ਸੁਰੱਖਿਆ ਲਈ ਗਨਮੈਨ ਵਜੋਂ ਤਾਇਨਾਤ ਸਨ।
ਮੌਕੇ 'ਤੇ ਪਹੁੰਚੇ ਏ.ਸੀ.ਪੀ. ਸਾਊਥ ਵੱਲੋਂ ਘਟਨਾ ਸਬੰਧੀ ਜਾਣਕਾਰੀ ਦਿੱਤੀ

ਕਿ ਏ.ਐੱਸ.ਆਈ. ਜੋਗਿੰਦਰ ਸਿੰਘ ਦੀ ਡਿਊਟੀ ਇੱਕ ਵਪਾਰੀ ਸਾਹਿਲ ਮਹਾਜਨ ਦੀ ਸੁਰੱਖਿਆ ਵਿੱਚ ਬਤੌਰ ਗਨਮੈਨ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਹ ਆਪਣੇ ਘਰ ਦੇ ਨੇੜੇ ਸਥਿਤ ਪਾਰਕ ਵਿੱਚ ਪਰਿਵਾਰਕ ਮੈਂਬਰਾਂ ਨਾਲ ਬੈਠੇ ਹੋਏ ਸਨ।
ਇਸ ਦੌਰਾਨ ਉਹ ਆਪਣੀ ਸਰਵਿਸ ਅਸਾਲਟ ਰਾਈਫਲ ਦੀ ਸਫ਼ਾਈ ਕਰਨ ਲੱਗ ਪਏ। ਪੁਲਿਸ ਅਧਿਕਾਰੀ ਅਨੁਸਾਰ ਰਾਈਫਲ ਦੇ ਚੈਂਬਰ ਵਿੱਚ ਗੋਲੀ ਹੋਣ ਵੱਲ ਧਿਆਨ ਨਾ ਜਾਣ ਕਾਰਨ ਅਚਾਨਕ ਫਾਇਰ ਹੋ ਗਿਆ, ਜਿਸ ਕਾਰਨ ਏ.ਐੱਸ.ਆਈ. ਜੋਗਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਏ.ਸੀ.ਪੀ. ਸਾਊਥ ਪ੍ਰੀਤ ਇੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੀ.ਐੱਨ.ਐੱਸ.ਐੱਸ. ਦੀ ਧਾਰਾ 194 ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-