‘ਅੰਤਰਰਾਸ਼ਟਰੀ ਸਿੱਖਿਆ ਓਲੰਪੀਆਡ ਮੁਕਾਬਲਿਆਂ ਵਿੱਚ ਛਾਏ ਆਕਸਫੋਰਡ ਸਕੂਲ ਦੇ ਵਿਦਿਆਰਥੀ
ਅਸ਼ੋਕ ਵਰਮਾ
ਭਗਤਾ ਭਾਈ, 31 ਜਨਵਰੀ 2026 : 'ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ’ ਇੱਕ ਅਜਿਹੀ ਮਾਣਮੱਤੀ ਅਤੇ ਅਗਾਂਹ ਵਧੂ ਵਿੱਦਿਅਕ ਸੰਸਥਾ ਹੈ ਜਿਥੋਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ।ਅੰਤਰਰਾਸ਼ਟਰੀ ਪੱਧਰ ਤੇ ਹੋਏ ਵੱਖੋ-ਵੱਖਰੇ ਵਿਸ਼ਿਆਂ ਨਾਲ ਸੰਬੰਧਤ ਓਲੰਪੀਆਡ ਮੁਕਾਬਲਿਆਂ ਵਿੱਚ ਆਕਸਫ਼ੋਰਡ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅੰਤਰਰਾਸ਼ਟਰੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿੱਚ 38 ਵਿਦਿਆਰਥੀਆਂ ਨੇ ਗੋਲਡ, 28 ਵਿਦਿਆਰਥੀਆਂ ਨੇ ਸਿਲਵਰ ਅਤੇ 21 ਵਿਦਿਆਰਥੀਆਂ ਨੇ ਬਰੋਨਜ਼ ਮੈਡਲ ਆਪਣੀ ਝੋਲੀ ਪੁਆਏ।ਜ਼ੋਨਲ ਪੱਧਰ ਤੇ ਦੂਸਰੀ ਜਮਾਤ ਦੇ ਵਿਦਿਆਰਥੀ ਹਰਸ਼ ਅੱਗਰਵਾਲ ਨੇ ਪਹਿਲੇ ਰੈਂਕ ਤੇ ਗੋਲਡ ਮੈਡਲ, ਟਰਾਫ਼ੀ ਅਤੇ 5000 ਰੁਪਏ ਦਾ ਨਗਦ ਇਨਾਮ ਅਤੇ ਰੁਪਿੰਦਰ ਸਿੰਘ (ਜਮਾਤ ਪਹਿਲੀ) ਨੇ ਤੀਜਾ ਸਥਾਨ ਹਾਸਲ ਕਰਦੇ ਹੋਏ ਬਰੋਨਜ਼ ਮੈਡਲ,1000 ਰੁਪਏ ਕੀਮਤ ਦਾ ਗਿਫਟ ਅਤੇ ਟਰਾਫ਼ੀ ਆਪਣੀ ਝੋਲੀ ਪੁਆ ਕੇ ਸਕੂਲ ਅਤੇ ਆਪਣੇ ਮਾਪਿਆਂ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਇਸ ਸਫ਼ਲਤਾ ਤੇ ਖੁਸ਼ੀ ਜ਼ਾਹਰ ਕਰਦਿਆਂ ਵਿਦਿਆਰਥੀਆਂ ਅਤੇ ਸਬੰਧਤ ਅਧਿਆਪਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਸਾਨੂੰ ਅਕਾਦਿਮਕ ਪੜ੍ਹਾਈ ਦੇ ਨਾਲ-ਨਾਲ ਇਹੋ-ਜਿਹੀਆਂ ਮੁਕਾਬਲੇ ਦੀਆਂ ਪਰੀਖਿਆਵਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਬਣਦੇ ਹਾਂ।ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ) , ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ,ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਸਕੂਲ ਦੇ ਕੁਆਰਡੀਨੇਟਰਜ਼ ਅਤੇ ਸਮੂਹ ਅਧਿਆਪਕ ਮੌਜੂਦ ਸਨ।