ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਛਾਜਲੀ ’ਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੀ.ਡੀ.ਪੀ.ਓ. ਦਫ਼ਤਰ ਦਾ ਨੀਂਹ ਪੱਥਰ; ਟੱਕ ਲਗਾ ਕੇ ਉਸਾਰੀ ਕਾਰਜਾਂ ਦੀ ਕੀਤੀ ਸ਼ੁਰੂਆਤ
ਛੇ ਮਹੀਨਿਆਂ ’ਚ ਮੁਕੰਮਲ ਹੋਵੇਗਾ 6600 ਵਰਗ ਫੁੱਟ ਦਾ ਪ੍ਰਸ਼ਾਸਕੀ ਕੇਂਦਰ; ਨਵੇਂ ਬਲਾਕ ਨਾਲ ਪੇਂਡੂ ਵਿਕਾਸ ਨੂੰ ਮਿਲੇਗੀ ਹੋਰ ਰਫ਼ਤਾਰ: ਹਰਪਾਲ ਸਿੰਘ ਚੀਮਾ
ਛਾਜਲੀ/ਸੰਗਰੂਰ, 7 ਸਤੰਬਰ:
ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਛਾਜਲੀ ਵਿਖੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ.ਡੀ.ਪੀ.ਓ.) ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਤੇ ਟੱਕ ਲਗਾ ਕੇ ਉਸਾਰੀ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਪੇਂਡੂ ਪ੍ਰਸ਼ਾਸਨ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਦੇ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ।
ਇਲਾਕਾ ਵਾਸੀਆਂ, ਪੰਚਾਇਤ ਸੰਮਤੀ ਮੈਂਬਰਾਂ, ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਪੰਚਾਂ-ਸਰਪੰਚਾਂ ਨੂੰ ਮੁਬਾਰਕਬਾਦ ਦਿੰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੁਝ ਮਹੀਨੇ ਪਹਿਲਾਂ ਇਸ ਬਲਾਕ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨਵਾਂ ਬਲਾਕ ਦਫ਼ਤਰ ਹੋਂਦ ਵਿੱਚ ਆਉਣ ਨਾਲ ਪੰਚਾਇਤਾਂ ਨੂੰ ਆਪਣੇ ਕੰਮਾਂ ਲਈ ਦੂਰ-ਦੁਰਾਡੇ ਦੇ ਬਲਾਕ ਦਫ਼ਤਰਾਂ ਵਿੱਚ ਜਾਣ ਦੀ ਲੋੜ ਖ਼ਤਮ ਹੋਵੇਗੀ ਅਤੇ ਸੇਵਾਵਾਂ ਸਥਾਨਕ ਪੱਧਰ ’ਤੇ ਵਧੇਰੇ ਸੁਖਾਲੀਆਂ ਹੋਣਗੀਆਂ।
ਵਿੱਤ ਮੰਤਰੀ ਨੇ ਦੱਸਿਆ ਕਿ 6600 ਵਰਗ ਫੁੱਟ ਵਿੱਚ ਉਸਾਰੇ ਜਾਣ ਵਾਲੇ ਇਸ ਭਵਨ ਨੂੰ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇੱਥੇ ਰਿਸੈਪਸ਼ਨ, ਚੇਅਰਮੈਨ ਰੂਮ, ਬੀ.ਡੀ.ਪੀ.ਓ. ਰੂਮ, ਸਟਾਫ਼ ਹਾਲ, ਮੀਟਿੰਗ ਹਾਲ, ਰਿਕਾਰਡ ਰੂਮ, ਵੇਟਿੰਗ ਏਰੀਆ, ਨਰੇਗਾ ਸਟਾਫ਼ ਰੂਮ ਅਤੇ ਪਖਾਨਿਆਂ ਸਮੇਤ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸ. ਚੀਮਾ ਨੇ ਕਿਹਾ ਕਿ ਸਰਕਾਰ ਦੀ ਵਿਕਾਸ-ਦ੍ਰਿਸ਼ਟੀ ਸਿਰਫ਼ ਇਮਾਰਤਾਂ ਉਸਾਰਨ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦਾ ਸਮਾਂ ਬਚਾਉਣ, ਪ੍ਰਸ਼ਾਸਕੀ ਪਹੁੰਚ ਸੁਖਾਲੀ ਬਣਾਉਣ ਅਤੇ ਪੇਂਡੂ ਜੀਵਨ ਵਿੱਚ ਸਹੂਲਤਾਂ ਦਾ ਘੇਰਾ ਵਧਾਉਣ ਨਾਲ ਜੁੜੀ ਹੋਈ ਹੈ।ਉਨ੍ਹਾਂ ਕਿਹਾ ਕਿ ਛਾਜਲੀ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸੜਕਾਂ, ਖੇਡ ਮੈਦਾਨਾਂ/ਸਟੇਡੀਅਮ, ਐਸਟਰੋਟਰਫ, ਸਕੂਲ ਆਫ਼ ਐਮੀਨੈਂਸ ਅਤੇ ਸਿਹਤ ਸਹੂਲਤਾਂ ਦੇ ਵਿਸਥਾਰ ਨਾਲ ਵਿਕਾਸ ਨੂੰ ਬਹੁਪੱਖੀ ਦਿਸ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਖੇਡ ਸਹੂਲਤਾਂ ਦੇ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣਾ ਵੀ ਸਰਕਾਰ ਦੀ ਤਰਜੀਹ ਹੈ। ਵਿੱਤ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ।
- Download Babushahi App
-
-