ਸਿਵਲ ਸਰਜਨ ਬਠਿੰਡਾ ਵੱਲੋਂ ਬਾਜ਼ਾਰੂ ਖਾਣਿਆਂ ਤੋਂ ਦੂਰ ਰਹਿਣ ਅਤੇ ਘਰੇਲੂ ਖਾਣੇ ਨੂੰ ਤਰਜੀਹ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 19 ਫਰਵਰੀ 2026 :ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਕੌਰ ਦੀ ਅਗਵਾਈ ਹੇਠ ਚਾਈਲਡਹੁੱਡ ਕੈਂਸਰ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਮੈਡੀਕਲ ਅਫਸਰ ਡਾਕਟਰ ਨੇਹਾ, ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਵੱਲੋਂ ਬੱਚਿਆਂ ਵਿੱਚ ਕੈਂਸਰ ਦੇ ਆਮ ਲੱਛਣਾਂ, ਸਮੇਂ ਸਿਰ ਪਛਾਣ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਲੰਬੇ ਸਮੇਂ ਤੱਕ ਬੁਖਾਰ ਰਹਿਣਾ, ਬਿਨਾਂ ਕਾਰਨ ਵਜ਼ਨ ਘਟਣਾ, ਬਹੁਤ ਜ਼ਿਆਦਾ ਥਕਾਵਟ, ਸਰੀਰ ‘ਤੇ ਨੀਲੇ ਦਾਗ ਪੈ ਜਾਣਾ ਜਾਂ ਗਰਦਨ ਅਤੇ ਪੇਟ ਵਿੱਚ ਗੰਢ ਬਣ ਜਾਣਾ ਆਦਿ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸਮੇਂ ‘ਤੇ ਜਾਂਚ ਅਤੇ ਢੰਗ ਦੇ ਇਲਾਜ ਨਾਲ ਕਈ ਮਾਮਲਿਆਂ ਵਿੱਚ ਬੱਚੇ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ।
ਇਸ ਮੌਕੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਕਿ ਜੇ ਬੱਚੇ ਵਿੱਚ ਕੋਈ ਵੀ ਅਸਧਾਰਣ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਸੰਤੁਲਿਤ ਭੋਜਨ ਦੀ ਮਹੱਤਤਾ ਸਮੇਤ ਬਜਾਰੂ ਖਾਣਿਆਂ ਦੇ ਨੁਕਸਾਨ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪਾਈਆਂ ਜਾਣ ਅਤੇ ਬਾਜ਼ਾਰੂ ਖਾਣਿਆਂ ਦੀ ਥਾਂ ਘਰੇਲੂ ਅਤੇ ਪੋਸ਼ਟਿਕ ਭੋਜਨ ਨੂੰ ਤਰਜੀਹ ਦਿੱਤੀ ਜਾਵੇ। ਇਸ ਦੇ ਨਾਲ ਹੀ ਹਾਜ਼ਰ ਔਰਤਾਂ ਨੂੰ ਔਰਤਾਂ ਵਿਚ ਆਮ ਪਾਏ ਜਾਣ ਵਾਲੇ ਕੈਂਸਰ ਦੀ ਰੋਕਥਾਮ ਲਈ ਛਾਤੀ ਕੈਂਸਰ, ਸਰਵਾਈਕਲ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੇ ਲੱਛਣਾਂ, ਬਚਾਅ ਅਤੇ ਸਮੇਂ-ਸਿਰ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੀਰਪਾਲ ਕੌਰ ਐਨ.ਸੀ.ਡੀ ਸਟਾਫ਼ ਸਮੇਤ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।