ਸਾਡਾ ਚੱਲਦੈ ਧੱਕਾ ਅਸੀਂ ਤਾਂ ਕਰਦੇ...! ਸੱਤਾ ਦੇ ਨਸ਼ੇ 'ਚ ਨਜਾਇਜ਼ ਕਬਜ਼ਾ!
ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ’ਤੇ ਸਵਾਲ, ਕੀ ਰਸੂਖਦਾਰਾਂ ’ਤੇ ਵੀ ਚੱਲੇਗਾ ਕਾਨੂੰਨ ਦਾ ਡੰਡਾ?
ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਰੇਹੜੀਆਂ ਹਟਾਉਣ ਦੀ ਕਾਰਵਾਈ ਦੌਰਾਨ ਨਗਰ ਕੌਂਸਲ ਪ੍ਰਧਾਨ ਦੀ ਦੁਕਾਨ ਬਾਹਰ ਕਥਿਤ ਕਬਜ਼ੇ ਅਤੇ ਡੀਐੱਸਪੀ ਸਿਟੀ ਦਫ਼ਤਰ ਅੱਗੇ ਲੱਗੇ ਖੰਭਿਆਂ ਦੀ ਜਾਂਚ ਦੀ ਮੰਗ ਉੱਠੀ
ਜਗਰਾਉਂ (ਦੀਪਕ ਜੈਨ)
ਸ਼ਹਿਰ ਦੀਆਂ ਸੜਕਾਂ ਨੂੰ ਅਤੀਕ੍ਰਮਣ ਮੁਕਤ ਕਰਵਾਉਣ ਲਈ ਨਗਰ ਕੌਂਸਲ ਅਤੇ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਪਰ ਇਸ ਕਾਰਵਾਈ ਦੇ ਨਾਲ ਹੀ ਨਿਯਮਾਂ ਦੀ ਬਰਾਬਰ ਪਾਲਣਾ ਨੂੰ ਲੈ ਕੇ ਸਵਾਲ ਵੀ ਉੱਠਣ ਲੱਗੇ ਹਨ। ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਰੇਹੜੀਆਂ ਹਟਾਉਣ ਦੀ ਕਾਰਵਾਈ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਜੇਕਰ ਸੜਕਾਂ ’ਤੇ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਤਾਂ ਜਾਂਚ ਅਤੇ ਕਾਰਵਾਈ ਦਾ ਦਾਇਰਾ ਸਾਰੇ ਸਬੰਧਤ ਸਥਾਨਾਂ ਤੱਕ ਹੋਣਾ ਚਾਹੀਦਾ ਹੈ, ਭਾਵੇਂ ਮਾਮਲਾ ਕਿਸੇ ਆਮ ਦੁਕਾਨਦਾਰ ਦਾ ਹੋਵੇ ਜਾਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਜੁੜਿਆ ਹੋਵੇ।
ਪ੍ਰਧਾਨ ਦੀ ਦੁਕਾਨ ਬਾਹਰ ਕਥਿਤ ਕਬਜ਼ੇ ਦਾ ਮਾਮਲਾ
ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਦੀ ਰਾਏਕੋਟ ਰੋਡ ’ਤੇ ਚੁੰਗੀ ਨੰਬਰ ਪੰਜ ਨੇੜੇ ਸਥਿਤ ਦੁਕਾਨ ਦੇ ਬਾਹਰ ਸੜਕ ’ਤੇ ਕਥਿਤ ਕਬਜ਼ੇ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਇਸੇ ਤਰ੍ਹਾਂ ਡੀਐੱਸਪੀ ਸਿਟੀ ਦਫ਼ਤਰ ਦੇ ਸਾਹਮਣੇ ਲੱਗੇ ਖੰਭਿਆਂ ਦੀ ਸਥਿਤੀ ਨੂੰ ਲੈ ਕੇ ਵੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਇਨ੍ਹਾਂ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਨਤੀਜਾ ਕੱਢਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰੀ ਹੈ। ਹਾਲਾਂਕਿ, ਸ਼ਹਿਰ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਕਿਸੇ ਵੀ ਥਾਂ ’ਤੇ ਸਰਕਾਰੀ ਸੜਕ ਦੀ ਜਗ੍ਹਾ ਘਿਰੀ ਹੋਈ ਹੈ ਜਾਂ ਆਵਾਜਾਈ ਵਿੱਚ ਰੁਕਾਵਟ ਪੈਦਾ ਹੁੰਦੀ ਹੈ, ਤਾਂ ਉਸ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਸਿਫ਼ਾਰਸ਼ ’ਤੇ ਵਾਪਸ ਮਿਲ ਜਾਂਦਾ ਹੈ ਜ਼ਬਤ ਕੀਤਾ ਸਾਮਾਨ?
ਅਤੀਕ੍ਰਮਣ ਵਿਰੋਧੀ ਮੁਹਿੰਮ ਦੌਰਾਨ ਇਹ ਦੋਸ਼ ਵੀ ਲਗਾਏ ਜਾ ਰਹੇ ਹਨ ਕਿ ਕੁਝ ਮਾਮਲਿਆਂ ਵਿੱਚ ਕੌਂਸਲਰਾਂ ਦੀ ਸਿਫ਼ਾਰਸ਼ ’ਤੇ ਹਟਾਇਆ ਗਿਆ ਸਾਮਾਨ ਵਾਪਸ ਦਿਵਾ ਦਿੱਤਾ ਜਾਂਦਾ ਹੈ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਜਾਂਚ ਅਤੇ ਤੱਥਾਂ ਦੇ ਆਧਾਰ ’ਤੇ ਪੁਸ਼ਟੀ ਹੋਣੀ ਜ਼ਰੂਰੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਮੁਹਿੰਮ ਦੀ ਇਕਸਾਰਤਾ ਅਤੇ ਨਿਯਮਾਂ ਦੀ ਪਾਲਣਾ ਬਾਰੇ ਸਵਾਲ ਖੜ੍ਹੇ ਹੋ ਸਕਦੇ ਹਨ।
ਲੋਕਾਂ ਦੀ ਮੰਗ ਹੈ ਕਿ ਸੜਕਾਂ ਤੋਂ ਰੇਹੜੀਆਂ ਅਤੇ ਹੋਰ ਰੁਕਾਵਟਾਂ ਹਟਾਉਣ ਦੀ ਕਾਰਵਾਈ ਕਿਸੇ ਚੋਣਵੇਂ ਵਰਗ ਤੱਕ ਸੀਮਤ ਨਾ ਰਹੇ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਕਾਰਵਾਈ ਕਿਸ ਵਿਭਾਗ ਦੀ ਜ਼ਿੰਮੇਵਾਰੀ ਹੇਠ ਅਤੇ ਕਿਹੜੇ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ।
ਈਓ ਨੇ ਕਿਹਾ, ਪ੍ਰਧਾਨ ਹੋਵੇ ਜਾਂ ਕੌਂਸਲਰ, ਕਾਨੂੰਨ ਸਭ ਲਈ ਬਰਾਬਰ
ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਦੀ ਦੁਕਾਨ ਦੇ ਬਾਹਰ ਕਥਿਤ ਕਬਜ਼ੇ ਬਾਰੇ ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਭਾਵੇਂ ਕੋਈ ਨਗਰ ਕੌਂਸਲ ਪ੍ਰਧਾਨ ਹੋਵੇ ਜਾਂ ਕੌਂਸਲਰ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕਬਜ਼ਾ ਪਾਇਆ ਗਿਆ ਤਾਂ ਉਸ ਨੂੰ ਹਟਾਉਣ ਦੇ ਨਾਲ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਹੁਣ ਇਸ ਬਿਆਨ ਤੋਂ ਬਾਅਦ ਜਾਂਚ ਅਤੇ ਉਸ ਦੇ ਨਤੀਜੇ ਮਹੱਤਵਪੂਰਨ ਹੋਣਗੇ। ਇਹ ਵੀ ਦੇਖਣਾ ਹੋਵੇਗਾ ਕਿ ਡੀਐੱਸਪੀ ਸਿਟੀ ਦਫ਼ਤਰ ਦੇ ਸਾਹਮਣੇ ਲੱਗੇ ਖੰਭਿਆਂ ਸਬੰਧੀ ਉੱਠੇ ਸਵਾਲਾਂ ਦੀ ਜਾਂਚ ਹੁੰਦੀ ਹੈ ਜਾਂ ਨਹੀਂ ਅਤੇ ਸਿਫ਼ਾਰਸ਼ਾਂ ਰਾਹੀਂ ਸਾਮਾਨ ਵਾਪਸ ਦਿਵਾਉਣ ਦੇ ਦੋਸ਼ਾਂ ਬਾਰੇ ਕੋਈ ਤੱਥ ਸਾਹਮਣੇ ਆਉਂਦੇ ਹਨ ਜਾਂ ਨਹੀਂ।
ਪ੍ਰਧਾਨ ਤੋਂ ਪੱਖ ਲੈਣ ਦੀ ਕੋਸ਼ਿਸ਼
ਕਥਿਤ ਕਬਜ਼ੇ ਸਬੰਧੀ ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਵਾਰ-ਵਾਰ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਇਸ ਕਾਰਨ ਖ਼ਬਰ ਪ੍ਰਕਾਸ਼ਿਤ ਕਰਨ ਸਮੇਂ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ। ਸ਼ਹਿਰ ਵਿੱਚ ਅਤੀਕ੍ਰਮਣ ਹਟਾਉਣ ਦੀ ਮੁਹਿੰਮ ਦੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਸੜਕਾਂ ਨੂੰ ਆਵਾਜਾਈ ਲਈ ਖੁੱਲ੍ਹਾ ਰੱਖਣ ਦੇ ਨਾਲ ਨਿਯਮਾਂ ਦੀ ਪਾਲਣਾ ਸਾਰਿਆਂ ਤੋਂ ਇਕਸਾਰ ਕਰਵਾਈ ਜਾਂਦੀ ਹੈ ਜਾਂ ਨਹੀਂ।
- Download Babushahi App
-
-