ਪੰਜਾਬ ’ਚ SIR ਵਿਰੋਧੀ ਧਿਰ ਨੂੰ ਪ੍ਰਵਾਨ ਹੈ ਤਾਂ ਦੂਜੇ ਸੂਬਿਆਂ ’ਚ ਇਸ ’ਤੇ ਇਤਰਾਜ਼ ਕਿਉਂ? ਸੁਨੀਲ ਜਾਖੜ ਦਾ ਸਵਾਲ
— ਕਿਹਾ, ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਆਪਣਾ ਗੁਆਚਿਆ ਜਨ ਆਧਾਰ ਮੁੜ ਹਾਸਲ ਕਰਨ ਲਈ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰ ਰਹੀਆਂ ਹਨ
— ਜਿਨ੍ਹਾਂ ਯੋਗ ਵੋਟਰਾਂ ਦੇ ਨਾਂ ਗ਼ਲਤ ਤਰੀਕੇ ਨਾਲ ਕੱਟੇ ਗਏ ਹਨ, ਉਹ ਸਾਹਮਣੇ ਆਉਣ ਤਾਂ ਜੋ ਉਨ੍ਹਾਂ ਦੇ ਨਾਂ ਮੁੜ ਵੋਟਰ ਸੂਚੀਆਂ ਵਿੱਚ ਦਰਜ ਕਰਵਾਏ ਜਾ ਸਕਣ
— ਸਿਆਸੀ ਕਾਰਨਾਂ ਕਰਕੇ ਇਸ ਪ੍ਰਕਿਰਿਆ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦੀ ਨਿੰਦਾ ਕੀਤੀ
— ਕਿਹਾ, “ਐਸਆਈਆਰ ਦਾ ਮਤਲਬ ਵੋਟਾਂ ਕੱਟਣਾ ਨਹੀਂ, ਸਗੋਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਉਨ੍ਹਾਂ ਨੂੰ ਅਪਡੇਟ ਕਰਨਾ ਹੈ”
— ਨਿਯਮਾਂ ਅਨੁਸਾਰ ਐਸਆਈਆਰ ਮੁਕੰਮਲ ਕਰਨ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀ ਸ਼ਲਾਘਾ ਕੀਤੀ
ਚੰਡੀਗੜ੍ਹ, 14 ਅਕਤੂਬਰ ( )- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ ਆਪਣਾ ਜਨ ਆਧਾਰ ਗੁਆਉਣ ਤੋਂ ਬਾਅਦ ਉਹ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੋਟਰ ਸੂਚੀਆਂ ਦਾ ਵਿਸ਼ੇਸ਼ ਗਹਿਰਾ ਪੁਨਰੀਖਣ (ਐਸਆਈਆਰ) ਮੁਕੰਮਲ ਹੋ ਚੁੱਕਾ ਹੈ, ਪਰ ਇਸੇ ਕਾਂਗਰਸ ਨੇ ਇੱਥੇ ਇਸ ਪ੍ਰਕਿਰਿਆ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ।
ਜਾਖੜ ਨੇ ਨਿਯਮਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਮੁਕੰਮਲ ਕਰਨ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀ ਸ਼ਲਾਘਾ ਕੀਤੀ। ਪੰਜਾਬ ਕਾਂਗਰਸ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ, ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੇ ਨਾ ਆਪਣੇ ਹਲਕੇ ਵਿੱਚ ਅਤੇ ਨਾ ਹੀ ਸੂਬੇ ਵਿੱਚ ਇਸ ਪ੍ਰਕਿਰਿਆ ’ਤੇ ਕੋਈ ਇਤਰਾਜ਼ ਜਤਾਇਆ।
ਜਾਖੜ ਨੇ ਕਿਹਾ ਕਿ ਐਸਆਈਆਰ ਪ੍ਰਕਿਰਿਆ ਲਈ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੇ ਮਿਲ ਕੇ 89 ਹਜ਼ਾਰ ਬੂਥ ਲੈਵਲ ਏਜੰਟ (ਬੀਐਲਏ) ਤਾਇਨਾਤ ਕੀਤੇ ਸਨ। ਉਨ੍ਹਾਂ ਅਨੁਸਾਰ ਚੋਣ ਕਮਿਸ਼ਨ ਨੇ ਹਰ ਪੜਾਅ ’ਤੇ ਇਨ੍ਹਾਂ ਏਜੰਟਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਪ੍ਰਕਿਰਿਆ ਸਬੰਧੀ ਉਨ੍ਹਾਂ ਦੀ ਲਿਖਤੀ ਸਹਿਮਤੀ ਵੀ ਲਈ। ਉਨ੍ਹਾਂ ਦਾਅਵਾ ਕੀਤਾ ਕਿ ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ਵਿੱਚ ਇੱਕ ਵੀ ਯੋਗ ਵੋਟਰ ਸਾਹਮਣੇ ਆ ਕੇ ਇਹ ਨਹੀਂ ਕਹਿ ਸਕਿਆ ਕਿ ਉਸਦਾ ਨਾਂ ਵੋਟਰ ਸੂਚੀ ਵਿੱਚੋਂ ਗ਼ਲਤ ਤਰੀਕੇ ਨਾਲ ਕੱਟਿਆ ਗਿਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਸ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਆਗੂ ਐਸਆਈਆਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ 10 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਇਸ ਪ੍ਰਕਿਰਿਆ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ, ਜਦਕਿ 12 ਅਕਤੂਬਰ ਨੂੰ ਦੋਵਾਂ ਪਾਰਟੀਆਂ ਦੇ ਨੁਮਾਇੰਦੇ ਮੁੱਖ ਚੋਣ ਅਫ਼ਸਰ ਦਾ ਧੰਨਵਾਦ ਕਰਕੇ ਆਏ ਸਨ।
ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਆਪਣਾ ਗੁਆਚਿਆ ਜਨ ਆਧਾਰ ਮੁੜ ਹਾਸਲ ਕਰਨ ਲਈ ਇਸ ਪ੍ਰਕਿਰਿਆ ਨੂੰ ਸਿਆਸੀ ਮੁੱਦਾ ਬਣਾ ਰਹੀ ਹੈ, ਜਦਕਿ ਉਨ੍ਹਾਂ ਅਨੁਸਾਰ ਇਹ ਪੂਰੇ ਦੇਸ਼ ਵਿੱਚ ਇੱਕੋ ਜਿਹੀ ਵਿਧੀ ਨਾਲ ਹੋ ਰਹੀ ਹੈ ਅਤੇ ਅਜਿਹੀ ਸੁਧਾਈ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਹੁਤੇ ਸੂਬਿਆਂ ਵਿੱਚ ਕਾਂਗਰਸ ਕੋਲ ਜ਼ਮੀਨੀ ਪੱਧਰ ’ਤੇ ਵਰਕਰ ਹੀ ਨਹੀਂ ਹਨ ਅਤੇ ਉਹ ਉਨ੍ਹਾਂ ਇਲਾਕਿਆਂ ਵਿੱਚ ਬੀਐਲਏ ਵੀ ਨਿਯੁਕਤ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਬਜਾਏ ਕਾਂਗਰਸ ਆਪਣਾ ਸਾਰਾ ਜ਼ੋਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲਗਾ ਰਹੀ ਹੈ।
ਜਾਖੜ ਨੇ ਸਵਾਲ ਕੀਤਾ, “ਜਦੋਂ ਪੰਜਾਬ ਵਿੱਚ ਐਸਆਈਆਰ ਸਹੀ ਤਰੀਕੇ ਨਾਲ ਮੁਕੰਮਲ ਹੋ ਗਿਆ ਹੈ ਤਾਂ ਉਨ੍ਹਾਂ ਹੀ ਨਿਯਮਾਂ ਅਨੁਸਾਰ ਦੂਜੇ ਸੂਬਿਆਂ ਵਿੱਚ ਹੋ ਰਹੀ ਇਹੀ ਪ੍ਰਕਿਰਿਆ ਗ਼ਲਤ ਕਿਵੇਂ ਹੋ ਸਕਦੀ ਹੈ?”
ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਜੇਕਰ ਕਿਸੇ ਯੋਗ ਵੋਟਰ ਦਾ ਨਾਂ ਗ਼ਲਤ ਤਰੀਕੇ ਨਾਲ ਕੱਟਿਆ ਗਿਆ ਹੈ ਤਾਂ ਅਜਿਹਾ ਮਾਮਲਾ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਦੁਹਰਾਇਆ ਕਿ ਯੋਗ ਵੋਟਰਾਂ ਦੇ ਨਾਂ ਹੁਣ ਵੀ ਵੋਟਰ ਸੂਚੀਆਂ ਵਿੱਚ ਦਰਜ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ, “ਐਸਆਈਆਰ ਦਾ ਮਤਲਬ ਵੋਟਾਂ ਕੱਟਣਾ ਨਹੀਂ, ਸਗੋਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਉਨ੍ਹਾਂ ਨੂੰ ਅਪਡੇਟ ਕਰਨਾ ਹੈ।”
ਕਾਂਗਰਸ ਦੇ ਉਨ੍ਹਾਂ ਰਾਜ ਸਭਾ ਆਗੂਆਂ ’ਤੇ ਤੰਜ ਕੱਸਦਿਆਂ, ਜੋ ਅਜੇ ਵੀ ਪਾਰਟੀ ਦੇ ਫ਼ੈਸਲੇ ਕਰ ਰਹੇ ਹਨ, ਜਾਖੜ ਨੇ ਕਿਹਾ ਕਿ ਜਿਨ੍ਹਾਂ ਨੇ ਕਦੇ ਚੋਣ ਲੜੇ ਬਿਨਾਂ ਆਪਣਾ ਪੂਰਾ ਸਿਆਸੀ ਜੀਵਨ ਰਾਜ ਸਭਾ ਵਿੱਚ ਬਿਤਾ ਦਿੱਤਾ, ਉਨ੍ਹਾਂ ਨੂੰ ਕੀ ਪਤਾ ਕਿ ਵੋਟਰਾਂ ਦੇ ਨਾਂ ਸੂਚੀਆਂ ਵਿੱਚ ਕਿਵੇਂ ਦਰਜ ਹੁੰਦੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਮ੍ਰਿਤਕ ਵੋਟਰਾਂ, ਆਪਣਾ ਰਿਹਾਇਸ਼ੀ ਸਥਾਨ ਬਦਲ ਚੁੱਕੇ ਵੋਟਰਾਂ ਦੇ ਨਾਂ ਹਟਾਉਣਾ ਜਾਂ ਦੋਹਰੀਆਂ ਐਂਟਰੀਆਂ ਵਿੱਚੋਂ ਇੱਕ ਐਂਟਰੀ ਕੱਟਣਾ ਗ਼ੈਰਕਾਨੂੰਨੀ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸਲ ਸਵਾਲ ਇਹ ਹੈ ਕਿ ਕੀ ਕਿਸੇ ਯੋਗ ਵੋਟਰ ਦਾ ਨਾਂ ਗ਼ਲਤ ਤਰੀਕੇ ਨਾਲ ਕੱਟਿਆ ਗਿਆ ਹੈ। ਅਜਿਹੇ ਵੋਟਰ ਸਾਹਮਣੇ ਆਉਣ ਤਾਂ ਜੋ ਚੋਣ ਕਮਿਸ਼ਨ ਉਨ੍ਹਾਂ ਦੇ ਨਾਂ ਮੁੜ ਵੋਟਰ ਸੂਚੀਆਂ ਵਿੱਚ ਦਰਜ ਕਰ ਸਕੇ।
ਜਾਖੜ ਨੇ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਨਿੰਦਾ ਕੀਤੀ, ਨਸ਼ਾ ਤਸਕਰਾਂ ਨੂੰ ਸਰਕਾਰੀ ਸਰਪ੍ਰਸਤੀ ਮਿਲਣ ਦਾ ਦੋਸ਼ ਲਾਇਆ
ਮਾਨਸਾ ਵਿੱਚ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ’ਤੇ ਦੁੱਖ ਪ੍ਰਗਟ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਕਹਾਉਣ ਦਾ ਹੱਕ ਗੁਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਨਸ਼ਾ ਵਿਕ ਰਿਹਾ ਹੈ। ਜਾਖੜ ਨੇ ਸਵਾਲ ਕੀਤਾ ਕਿ ਝੋਟਾ ਦੀ ਹੱਤਿਆ ਦੇ ਮੁਲਜ਼ਮ ਖ਼ਿਲਾਫ਼ ਚਾਰ ਕੇਸ ਦਰਜ ਹੋਣ ਦੇ ਬਾਵਜੂਦ ਉਸਦਾ ਅਸਲਾ ਲਾਇਸੈਂਸ ਕਿਵੇਂ ਬਣ ਗਿਆ। ਉਨ੍ਹਾਂ ਪੁੱਛਿਆ ਕਿ ਕੀ ਇਹ ਇਸ ਗੱਲ ਦਾ ਸੰਕੇਤ ਨਹੀਂ ਕਿ ਨਸ਼ਾ ਤਸਕਰਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਏਜੰਡਾ ਸਮਾਜ ਵਿੱਚ ਇੰਨਾ ਡਰ ਪੈਦਾ ਕਰਨਾ ਹੈ ਕਿ ਕੋਈ ਵੀ ਆਵਾਜ਼ ਚੁੱਕਣ ਦੀ ਹਿੰਮਤ ਨਾ ਕਰੇ ਅਤੇ ਜਿਸ ਨੂੰ ਉਨ੍ਹਾਂ ਨੇ ਸਰਕਾਰ ਦਾ “ਲੁੱਟ ਦਾ ਤੰਤਰ” ਕਿਹਾ, ਉਹ ਚੱਲਦਾ ਰਹੇ।
- Download Babushahi App
-
-