ਪਾਸ਼ ਯਾਦਗਾਰ ਦੀ ਰਾਖੀ ਤੇ ਮਜ਼ਦੂਰ ਆਗੂ ਨਾਲ ਦੁਰਵਿਹਾਰ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਧਰਨਾ
ਅਸ਼ੋਕ ਵਰਮਾ
ਬਠਿੰਡਾ,14 ਅਕੂਤਬਰ 2026: ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਯਾਦਗਾਰ ਨੂੰ ਮਾਨਤਾ ਦਿਵਾਉਣ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ 'ਤੇ ਹਮਲਾ ਕਰਨ ਤੇ ਜਾਤੀ ਸੂਚਕ ਵਰਤਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਤੇ ਹਮਾਇਤੀਆਂ ਨੂੰ ਗਿ੍ਫ਼ਤਾਰ ਕਰਾਉਣ ਲਈ ਅੱਜ ਲੇਖਕਾਂ, ਸਾਹਿਤਕਾਰਾਂ ਅਤੇ ਮਜ਼ਦੂਰ ਕਿਸਾਨ, ਮੁਲਾਜ਼ਮ ਤੇ ਜਮਹੂਰੀ ਜਥੇਬੰਦੀਆਂ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਵਿਸ਼ਾਲ ਤੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਨਸ਼ਿਆਂ ਵਿਰੁੱਧ ਅਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਬੰਦ ਦੀ ਹਮਾਇਤ ਕਰਦਿਆਂ 15 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਰੱਖੇ ਧਰਨੇ ਨੂੰ ਇੱਕ ਵਾਰ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਿਆਸੀ ਇਸ਼ਾਰੇ 'ਤੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਤੇ ਉਸਦੇ ਹਮਾਇਤੀਆਂ ਵੱਲੋਂ ਆਪਣੇ ਸੌੜੇ ਜਾਤੀ ਤੇ ਸਿਆਸੀ ਹਿੱਤਾਂ ਤਹਿਤ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ 'ਤੇ ਕਬਜ਼ੇ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜ਼ਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਤਲਵੰਡੀ ਸਲੇਮ ਪਹੁੰਚੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਤੇ ਉਸਦੇ ਸਾਥੀਆਂ ਉਤੇ ਸਰਪੰਚ ਦੀ ਢਾਣੀ ਵੱਲੋਂ ਹਮਲਾ ਕਰਨ ਤੋਂ ਇਲਾਵਾ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ।ਉਹਨਾਂ ਆਖਿਆ ਕਿ ਭਾਵੇਂ ਲੇਖਕਾਂ , ਸਾਹਿਤਕਾਰਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨਾਂ ਪਿਛੋਂ ਇੱਕ ਮਹੀਨੇ ਬਾਅਦ ਇਸ ਮਾਮਲੇ ਵਿੱਚ ਸਰਪੰਚ ਤੇ ਉਸਦੇ ਹਮਾਇਤੀਆਂ 'ਤੇ ਪੁਲਿਸ ਵੱਲੋਂ ਐਸ ਸੀ / ਐਸ ਟੀ ਐਕਟ ਤੇ ਹੋਰ ਧਰਾਵਾਂ ਤਹਿਤ ਕੇਸ ਤਾਂ ਦਰਜ਼ ਕਰ ਲਿਆ ਪ੍ਰੰਤੂ ਅਜੇ ਤੱਕ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਗਿਆ ਅਤੇ ਨਾਂ ਹੀ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਵਿਰਾਸਤੀ ਯਾਦਗਾਰ ਵਜੋਂ ਮਾਨਤਾ ਦਿੱਤੀ ਗਈ ਹੈ।
ਅੱਜ ਦੇ ਧਰਨੇ ਨੂੰ ਉੱਘੇ ਲੇਖਕ ਤੇ ਪ੍ਰਗਤੀਸੀਲ ਲੇਖਕ ਸੰਘ ਪੰਜਾਬ ਦੇ ਨੁੰਮਾਇਦੇ ਹਰਮੀਤ ਵਿਦਿਆਰਥੀ ਤੇ ਜਸਪਾਲ ਮਾਨਖੇੜਾ, ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ )ਦੇ ਨੁਮਾਇੰਦੇ ਡਾਕਟਰ ਸੁਰਜੀਤ ਬਰਾੜ,ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਹਰਮੇਸ਼ ਮਾਲੜੀ, ਡੀ ਟੀ ਐਫ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਪੀ ਐਸ ਯੂ ਦੀ ਆਗੂ ਹਰਵੀਰ ਕੌਰ ਗੰਧੜ , ਬੀਕੇਯੂ ਏਕਤਾ ਉਗਰਾਹਾਂ ਦੀ ਮਹਿਲਾ ਆਗੂ ਹਰਿੰਦਰ ਬਿੰਦੂ ,ਪਲਸ ਮੰਚ ਦੇ ਆਗੂ ਜਗਸੀਰ ਜੀਦਾ, ਤਰਕਸ਼ੀਲ ਸੁਸਾਇਟੀ ਦੇ ਆਗੂ ਰਾਮ ਸਵਰਨ ਲੱਖੇਵਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਅਜਿੱਤਗਿੱਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਦਿਆਲ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ।
ਧਰਨੇ ਦੌਰਾਨ ਮੰਚ ਤੋਂ ਪੜੇ ਗਏ ਮਤਿਆ ਐਸ .ਆਈ. ਆਰ .ਰੱਦ ਕਰਾਉਣ ਲਈ ਦਿੱਲੀ 'ਚ ਪ੍ਰਦਰਸ਼ਨਕਾਰੀ ਨੌਜਵਾਨ ਵਿਦਿਆਰਥੀਆਂ ਤੇ ਪੁਲਿਸ ਕਹਿਰ ਢਾਹੁਣ ਦੀ ਸਖ਼ਤ ਨਿੰਦਾ ਕਰਦਿਆਂ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਤੇ ਉਹਨਾਂ ਸਿਆਸੀ ਅਤੇ ਪ੍ਰਸ਼ਾਸਨਿਕ ਸਰਪ੍ਰਸਤਾਂ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਪੰਡਾਲ਼ ਵਿੱਚ ਜੁੜੇ ਵਿਸ਼ਾਲ ਇਕੱਠ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲਛਮਣ ਸਿੰਘ ਸੇਵੇਵਾਲਾ ਵੱਲੋਂ ਨਿਭਾਈ ਗਈ। ਇਸ ਮੌਕੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ, ਸਾਹਿਤਕਾਰ ਰਣਬੀਰ ਰਾਣਾ , ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਜਸਪਾਲ ਸਿੰਘ ਨੰਗਲ,ਨੱਥਾ ਸਿੰਘ ਰੋੜੀਕਪੂਰਾ, ਮਜ਼ਦੂਰ ਆਗੂ ਗੁਰਪਾਲ ਸਿੰਘ ਨੰਗਲ ਸਮੇਤ ਵੱਡੀ ਗਿਣਤੀ 'ਚ ਆਗੂ ਮੌਜੂਦ ਸਨ। ਧਰਨੇ ਦੌਰਾਨ ਮੰਚ ਤੋਂ ਉੱਘੇ ਸਾਹਿਤਕਾਰ ਬਲਦੇਵ ਸੜਕਨਾਮਾ ਵੱਲੋਂ ਮੰਗਾਂ ਦੇ ਸਮਰਥਨ ਵਿੱਚ ਭੇਜਿਆ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ।
- Download Babushahi App
-
-