ਯੂਨੀਵਰਸਿਟੀ ਬਿਜਨਸ ਸਕੂਲ ਵਿੱਚ ਦੂਜਾ ਸਾਲਾਨਾ ਖੇਡ ਮੁਕਾਬਲਾ ‘ਵਾਰ ਆਫ਼ ਟਾਈਟਨਜ਼’ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 14 ਅਕਤੂਬਰ 2026: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ.) ਵੱਲੋਂ ਦੂਜਾ ਸਾਲਾਨਾ ਵਿਭਾਗੀ ਖੇਡ ਮੁਕਾਬਲਾ ‘ਵਾਰ ਆਫ਼ ਟਾਈਟਨਜ਼’ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਇਸ ਖੇਡ ਮੁਕਾਬਲੇ ਵਿੱਚ 350 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਇਸ ਮੌਕੇ ਕ੍ਰਿਕਟ, ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਸ਼ਤਰੰਜ, ਰੱਸਾਕਸ਼ੀ ਅਤੇ 100 ਮੀਟਰ ਤੇ 400 ਮੀਟਰ ਦੌੜਾਂ ਸਮੇਤ ਵੱਖ-ਵੱਖ ਇਨਡੋਰ ਅਤੇ ਆਊਟਡੋਰ ਖੇਡਾਂ ਕਰਵਾਈਆਂ ਗਈਆਂ। ਯੂ.ਬੀ.ਐਸ. ਦੀਆਂ ਮਹਿਲਾ ਅਧਿਆਪਕਾਂ ਨੇ ਵੀ ਵੱਖ-ਵੱਖ ਮਨੋਰੰਜਕ ਖੇਡਾਂ ਵਿੱਚ ਭਾਗ ਲਿਆ, ਜਿਸ ਨਾਲ ਸਮਾਗਮ ਦਾ ਉਤਸ਼ਾਹ ਅਤੇ ਰੌਣਕ ਹੋਰ ਵਧ ਗਈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਅਜਿਹੇ ਯੋਗ ਪੇਸ਼ੇਵਰਾਂ ਵਜੋਂ ਤਿਆਰ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਵਿੱਚ ਪ੍ਰਬੰਧਕੀ, ਤਕਨੀਕੀ ਅਤੇ ਆਪਸੀ ਤਾਲਮੇਲ ਨਾਲ ਕੰਮ ਕਰਨ ਦੀਆਂ ਮਜ਼ਬੂਤ ਯੋਗਤਾਵਾਂ ਹੋਣ।
ਖੇਡ ਮੁਕਾਬਲੇ ਦਾ ਉਦਘਾਟਨ ਐਮ.ਆਰ.ਐਸ.ਪੀ.ਟੀ.ਯੂ. ਦੇ ਐਸੋਸੀਏਟ ਡੀਨ, ਅਕਾਦਮਿਕ ਮਾਮਲੇ, ਪ੍ਰੋ. ਅਮਿਤ ਭਾਟੀਆ ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਲਈ ਯੂ.ਬੀ.ਐਸ. ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ, ਟੀਮ ਵਰਕ, ਅਨੁਸ਼ਾਸਨ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਯੂ.ਬੀ.ਐਸ. ਦੇ ਮੁਖੀ ਡਾ. ਪ੍ਰਿਤਪਾਲ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਸ਼ਖ਼ਸੀਅਤ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਸਮੁੱਚੀ ਤਰੱਕੀ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਵਿੱਚ ਅਗਵਾਈ ਕਰਨ, ਫ਼ੈਸਲੇ ਲੈਣ, ਆਲੋਚਨਾਤਮਕ ਸੋਚ ਵਿਕਸਿਤ ਕਰਨ ਅਤੇ ਟੀਮ ਭਾਵਨਾ ਨਾਲ ਕੰਮ ਕਰਨ ਵਰਗੇ ਗੁਣ ਪੈਦਾ ਹੁੰਦੇ ਹਨ ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਅਮਿਤ ਭਾਟੀਆ ਅਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਿੱਤ ਅਧਿਕਾਰੀ ਪ੍ਰੋ. ਹਰੀਸ਼ ਗਰਗ ਨੇ ਕੀਤੀ। ਜੇਤੂਆਂ ਨੂੰ ਵਧਾਈ ਦਿੰਦਿਆਂ ਪ੍ਰੋ. ਹਰੀਸ਼ ਗਰਗ ਨੇ ਸਾਰੇ ਭਾਗੀਦਾਰਾਂ ਦੇ ਜੋਸ਼, ਸਮਰਪਣ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ।
ਖੇਡ ਮੁਕਾਬਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਡਾ. ਪੁਨੀਤ ਬਾਂਸਲ, ਸ੍ਰੀ ਚਰਨਜੀਤ ਸਿੰਘ ਅਤੇ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਵੱਖ-ਵੱਖ ਪ੍ਰਬੰਧਾਂ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
- Download Babushahi App
-
-