ਸਰਹਿੰਦ ਨਹਿਰ ‘ਚ ਪਏ ਪਾੜ ਦੀ DC ਨੇ ਉੱਚ ਪੱਧਰੀ ਪੜਤਾਲ ਲਈ ਗਠਿਤ ਕੀਤੀ ਕਮੇਟੀ
•ਸਰਹਿੰਦ ਨਹਿਰ ਦੇ 1.75 ਕਿੱਲੋਮੀਟਰ ਲੰਮੇ ਬਰਮ ਨੂੰ ਮਜਬੂਤ, ਚੌੜਾ ਅਤੇ ਉੱਚਾ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ
ਰੂਪਨਗਰ/ਸ੍ਰੀ ਚਮਕੌਰ ਸਾਹਿਬ, 2 ਸਤੰਬਰ : ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਸ੍ਰੀ ਚਮਕੌਰ ਸਾਹਿਬ ਦੇ ਨਜਦੀਕ ਸਰਹਿੰਦ ਨਹਿਰ ਦੇ ਬਰਮ ਵਿੱਚ ਪਏ ਪਾੜ ਦਾ ਸਖਤ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਲਈ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਅਧੀਨ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਮੌਕੇ ਹਾਲਾਤਾਂ ਦਾ ਜਾਇਜਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਰੂਪਨਗਰ ਵਿਖੇ ਸਰਹਿੰਦ ਨਹਿਰ ਦੇ ਮੁਕੰਮਲ ਬਰਮ ਦਾ ਅੱਜ ਤੋਂ ਹੀ ਸਰਵੇਖਣ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਆਉਣ ਵਾਲੇ ਸਮੇਂ ਵਿੱਚ ਵਾਪਰਨ ਤੋਂ ਰੋਕਿਆ ਜਾ ਸਕੇ। ਜਿਸ ਲਈ ਪੰਜਾਬ ਸਰਕਾਰ ਨੂੰ ਸ੍ਰੀ ਚਮਕੌਰ ਸਾਹਿਬ (ਪਿੰਡ ਜਟਾਣਾ) ਵਿਖੇ ਘਟਨਾ ਵਾਲੀ ਥਾਂ ਤੋਂ ਲੈ ਕੇ 1.75 ਕਿੱਲੋਮੀਟਰ ਲੰਮੇ ਬਰਮ ਨੂੰ ਹੋਰ ਉੱਚਾ, ਚੌੜਾ ਅਤੇ ਮਜਬੂਤ ਕੀਤਾ ਜਾਵੇਗਾ।
ਸ੍ਰੀ ਅਦਿੱਤਿਆ ਡੇਚਲਵਾਲ ਨੇ ਅੱਗੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਅਤੇ ਬੇਲਾ ਬਹਿਰਾਮਪੁਰ ਨੂੰ ਜੋੜਨ ਵਾਲੇ ਮੁੱਖ ਪੁਲ ਨੂੰ ਹੋਰ ਚੌੜਾ ਅਤੇ ਉੱਚਾ ਕਰਨ ਦੀ ਤਜਵੀਜ਼ ਵੀ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਇਲਾਕਾ ਵਾਸੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਇਸ ਘਟਨਾ ਦੀ ਪੜਤਾਲ ਸਬੰਧੀ ਗਠਿਤ ਕੀਤੀ ਗਈ ਕਮੇਟੀ ਵੱਲੋਂ ਕਿਸੇ ਅਧਿਕਾਰੀ ਦੀ ਅਣਗਹਿਲੀ ਬਾਰੇ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਯਕੀਨੀ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਬੰਧਤ ਵਿਭਾਗ ਆਪਣੀ ਕਾਰਗੁਜਾਰੀ ਨੂੰ ਜਿੰਮੇਵਾਰੀ ਨਾਲ ਨੇਪਰੇ ਚਾੜ੍ਹੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਘਟਨਾ ਦੌਰਾਨ ਜ਼ਖਮੀ ਹੋਏ ਮਰੀਜਾਂ ਦਾ ਇਲਾਜ ਪੂਰਨ ਤੌਰ ਉੱਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਹੋਰ ਵੀ ਨੁਕਸਾਨ ਸਾਹਮਣੇ ਆਉਂਦਾ ਹੈ ਤਾਂ ਉਸ ਸਬੰਧੀ ਮੁਆਵਜਾ ਵੀ ਦਿੱਤਾ ਜਾਵੇਗਾ।
ਸ੍ਰੀ ਅਦਿੱਤਿਆ ਡੇਚਲਵਾਲ ਨੇ ਸ੍ਰੀ ਚਮਕੌਰ ਸਾਹਿਬ ਦੇ ਇਲਾਕਾ ਵਾਸੀਆਂ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਅੱਜ ਅਸੀਂ ਇਸ ਘਟਨਾ ਨੂੰ ਸਮਾਂ ਰਹਿੰਦੇ ਠੀਕ ਕਰ ਪਾਏ ਹਾਂ ਅਤੇ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਬਚਣ ਲਈ ਨਹਿਰੀ ਵਿਭਾਗ ਦੀ ਜਿੰਮੇਵਾਰੀ ਸਖਤੀ ਨਾਲ ਤੈਅ ਕੀਤੀ ਜਾਵੇਗੀ।
ਇਸ ਮੌਕੇ ਨਹਿਰੀ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਰਹਿੰਦ ਨਹਿਰ ਆਪਣੀ ਪੂਰੀ ਸਮਰੱਥਾ (ਫੁੱਲ ਕਪੈਸਿਟੀ) 'ਤੇ ਚੱਲ ਰਹੀ ਹੈ। ਜਿਸ ਕਰਕੇ ਸਵੇਰੇ ਲਗਭਗ 05:30 ਵਜੇ ਸਰਹਿੰਦ ਨਹਿਰ ਦੀ ਬੁਰਜੀ ਨੰਬਰ 55600/ਆਰ (ਚਮਕੌਰ ਸਾਹਿਬ ਨੇੜੇ) 'ਤੇ ਲੀਕੇਜ ਹੋ ਗਈ ਅਤੇ ਨਾਲ ਲੱਗਦੀ ਬੈਂਕ ਉੱਤੇ ਬਣੀ ਸੜਕ ਬੈਠ ਗਈ। ਝੋਨੇ ਦੇ ਸੀਜ਼ਨ ਦੌਰਾਨ ਨਹਿਰ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਮਿੱਟੀ ਨਾਲ ਭਰੇ ਈ.ਸੀ. ਬੈਗਾਂ ਦਾ ਪ੍ਰਬੰਧ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਇਸਤੇਮਾਲ ਕਰਦੇ ਹੋਏ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਲੀਕੇਜ ਨੂੰ ਸਵੇਰੇ 08:30 ਵਜੇ ਤੱਕ ਹੀ ਪਲੱਗ ਕਰ ਦਿੱਤਾ ਗਿਆ ਅਤੇ ਬੈਠੇ ਹੋਏ ਰਸਤੇ ਨੂੰ ਮਸ਼ੀਨਰੀ/ਟਿੱਪਰਾ ਨਾਲ ਮਿੱਟੀ ਲਿਆ ਕੇ ਮੁੜ ਚਲਾਇਆ ਗਿਆ।
- Download Babushahi App
-
-