ਸਰਕਾਰੀ ਹਾਈ ਸਕੂਲ, ਪੂਹਲੀ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2026: ਸਰਕਾਰੀ ਹਾਈ ਸਕੂਲ, ਪੂਹਲੀ ਵਿਖੇ ਸਮਾਜ ਸੇਵਾ ਦੀ ਭਾਵਨਾ ਨੂੰ ਪ੍ਰਗਟਾਉਂਦਿਆਂ ਸਕੂਲ ਦੀ ਹੈੱਡਮਿਸਟ੍ਰੈੱਸ ਸ਼੍ਰੀਮਤੀ ਗਗਨਦੀਪ ਕੌਰ ਦੇ ਕੈਨੇਡਾ ਨਿਵਾਸੀ ਭਤੀਜੇ ਕੇਸ਼ਵਪ੍ਰੀਤ ਸਿੰਘ ਚਾਵਲਾ ਵੱਲੋਂ ਆਪਣੇ ਸਵਰਗੀ ਦਾਦਾ-ਦਾਦੀ ਦਰਸ਼ਨ ਸਿੰਘ ਚਾਵਲਾ ਅਤੇ ਮਦਨਜੀਤ ਕੌਰ ਚਾਵਲਾ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਆਪਣੀਆਂ ਨੇਕ ਕਮਾਈਆਂ ਵਿੱਚੋਂ ਦਸਵੰਧ ਕੱਢਦਿਆਂ ਸਕੂਲ ਦੇ ਸਮੂਹ ਵਿਦਿਆਰਥੀਆਂ ਲਈ ਸਕੂਲ ਬੈਗ ਭੇਜੇ ਗਏ।
ਇਸ ਮੌਕੇ ਸਕੂਲ ਵਿੱਚ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਸਕੂਲ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ। ਸਕੂਲ ਦੇ ਸੀਨੀਅਰ ਅਧਿਆਪਕ ਰਜਨੀ ਅਰੋੜਾ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਇਸ ਨੇਕ ਉਪਰਾਲੇ ਲਈ ਕੇਸ਼ਵਪ੍ਰੀਤ ਸਿੰਘ ਚਾਵਲਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣਦੇ ਹਨ ਅਤੇ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਪੈਦਾ ਕਰਦੇ ਹਨ।
ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਕਿਰਨਜੀਤ ਕੌਰ ਨੇ ਇਸ ਵਿਸ਼ੇਸ਼ ਉਪਰਾਲੇ ਲਈ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦੇ ਹਨ। ਹੈੱਡਮਿਸਟ੍ਰੈੱਸ ਸ਼੍ਰੀਮਤੀ ਗਗਨਦੀਪ ਕੌਰ ਨੇ ਕਿਹਾ ਕਿ ਆਪਣੇ ਪੁਰਖਿਆਂ ਦੀ ਯਾਦ ਨੂੰ ਸਿੱਖਿਆ ਨਾਲ਼ ਜੋੜ ਕੇ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਹਿਯੋਗ ਨਾਲ਼ ਸਕੂਲ ਅਤੇ ਵਿਦਿਆਰਥੀਆਂ ਨੂੰ ਲਾਭ ਮਿਲਦਾ ਰਹੇਗਾ। ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਮਨਦੀਪ ਸਿੰਘ, ਜੀਵਨ ਜੋਤੀ, ਅਮਨਦੀਪ ਕੌਰ ਢਿੱਲੋਂ, ਲਖਵੀਰ ਸਿੰਘ, ਟ੍ਰੇਨੀ ਵਿਦਿਆਰਥੀ ਰਮਨਦੀਪ ਕੌਰ ਅਤੇ ਹਰਮਨਦੀਪ ਕੌਰ ਹਾਜ਼ਰ ਸਨ।
- Download Babushahi App
-
-