ਸਫ਼ਾਈ ਕਰਮਚਾਰੀਆਂ ਦੇ ਰੋਸ ਵਿਖਾਵਿਆਂ ਵਿੱਚ ਪੁੱਜੇ ਖੇਤ ਮਜ਼ਦੂਰਾਂ ਵੱਲੋਂ ਸਰਕਾਰੀ ਨੀਤੀਆਂ 'ਤੇ ਹਮਲੇ
ਅਸ਼ੋਕ ਵਰਮਾ
ਚੰਡੀਗੜ੍ਹ,30 ਜੁਲਾਈ 2026 :ਅੱਜ਼ ਸਫਾਈ ਕਰਮਚਾਰੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਪੰਜਾਬ ਭਰ ਵਿੱਚ ਕੀਤੇ ਪ੍ਰਦਰਸ਼ਨਾਂ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੱਖ ਵੱਖ ਥਾਵਾਂ 'ਤੇ ਪਹੁੰਚ ਕੇ ਭਰਾਤਰੀ ਸਹਿਯੋਗ ਕੀਤਾ ਗਿਆ। ਪ੍ਰੈਸ ਦੇ ਨਾਂਅ ਬਿਆਨ ਜ਼ਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੱਜ ਬਠਿੰਡਾ,ਬਰਾਨਾਲਾ , ਭਗਤਾ ,ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਨਕੋਦਰ, ਫਰੀਦਕੋਟ , ਮਾਲੇਰਕੋਟਲਾ,ਮੂਣਕ ਆਦਿ ਥਾਵਾਂ 'ਤੇ ਸ਼ਮੂਲੀਅਤ ਕੀਤੀ ਗਈ। ਵੱਖ ਵੱਖ ਥਾਵਾਂ 'ਤੇ ਜੁੜੇ ਇਕੱਠਾਂ ਨੂੰ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ , ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਸਮੇਤ ਜ਼ਿਲਾ ਆਗੂਆਂ ਨੇ ਸੰਬੋਧਨ ਕੀਤਾ।
ਖੇਤ ਮਜ਼ਦੂਰ ਆਗੂਆਂ ਨੇ ਸਫਾਈ ਕਰਮਚਾਰੀਆਂ ਦੇ ਅੱਜ਼ ਦੇ ਪ੍ਰਦਰਸ਼ਨ ਨੂੰ ਸਾਬੋਤਾਜ ਕਰਨ ਲਈ ਆਪ ਸਰਕਾਰ ਤੇ ਇਸਦੇ ਆਈ ਟੀ ਸੈਲ ਵੱਲੋਂ ਘੋਲ ਵਾਪਸ ਲੈਣ ਦੀਆਂ ਝੂਠੀਆਂ ਖਬਰਾਂ ਫੈਲਣ ਅਤੇ ਬਰਨਾਲਾ 'ਚ ਜ਼ਬਰ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਬਰਨਾਲਾ ਲਾਠੀਚਾਰਜ ਦੇ ਦੋਸ਼ੀ ਡੀ ਐਸ ਪੀ ਸਮੇਤ ਸਾਰੇ ਦੋਸ਼ੀ ਅਧਿਕਾਰੀਆਂ 'ਤੇ ਐਸ ਸੀ / ਐਸ ਟੀ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ, ਜ਼ਖਮੀਆਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ, ਕੰਮ ਭਾਰ ਅਨੁਸਾਰ ਸਫ਼ਾਈ ਕਰਮਚਾਰੀਆਂ ਦੀਆਂ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ, ਪੈਨਸ਼ਨ ਦਾ ਹੱਕ ਬਹਾਲ ਕੀਤਾ ਜਾਵੇ ਅਤੇ ਠੇਕਾ ਭਰਤੀ ਤੇ ਆਊਟਸੋਰਸ ਦੀ ਨੀਤੀ ਰੱਦ ਕਰਕੇ ਸਭਨਾਂ ਵਿਭਾਗਾਂ ਚ ਪੱਕੀ ਭਰਤੀ ਦੀ ਨੀਤੀ ਲਾਗੂ ਕੀਤੀ ਜਾਵੇ।
- Download Babushahi App
-
-