ਸਤੀਸ਼ ਜੌੜਾ ਵਰਲਡ ਬੁੱਧਿਸਟ ਯੂਨਾਈਟਿਡ ਨੇਸ਼ਨ ਦੇ ਪੰਜਾਬ ਪ੍ਰਧਾਨ ਨਿਯੁਕਤ
ਇਸ ਮੰਚ ਨੂੰ ਸਿਰਫ ਇੱਕ ਅਹੁੱਦੇ ਵਜੋਂ ਨਹੀਂ, ਸਗੋਂ ਸਮਾਜ ਦੀ ਸੇਵਾ ਕਰਨ ਦੇ ਇੱਕ ਵੱਡੇ ਮੌਕੇ ਵਜੋਂ ਦੇਖਦੇ ਹਨ : ਸਤੀਸ਼ ਜੌੜਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਮਈ, 2026:
ਵਰਲਡ ਪੀਸ ਇੰਸਟੀਚਿਊਟ ਯੂਨਾਈਟਿਡ ਨੇਸ਼ਨ ਅਤੇ ਵਰਲਡ ਬੁੱਧਿਸਟ ਯੂਨਾਈਟਿਡ ਨੇਸ਼ਨ ਵੱਲੋਂ ਸਮਾਜਿਕ ਅਤੇ ਸ਼ਾਂਤੀ ਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸਤੀਸ਼ ਜੌੜਾ ਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ।
ਇਹ ਨਿਯੁਕਤੀ ਐਂਬੈਸਡਰ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜੋ ਵਿਸ਼ਵ ਪੱਧਰ 'ਤੇ ਸ਼ਾਂਤੀ, ਮਨੁੱਖਤਾ ਅਤੇ ਸਮਾਜਿਕ ਸੇਵਾਵਾਂ ਲਈ ਆਪਣੀ ਵਿਲੱਖਣ ਪਛਾਣ ਰੱਖਦੇ ਹਨ।
ਇਸ ਮੌਕੇ ਸਤੀਸ਼ ਜੌੜਾ ਨੇ ਐਂਬੈਸਡਰ ਡਾ. ਪਰਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਬੁੱਧ ਧਰਮ ਦੀ ਵਿਚਾਰਧਾਰਾ, ਜਿਸ ਵਿੱਚ ਸ਼ਾਂਤੀ, ਪਿਆਰ, ਭਾਈਚਾਰਾ ਅਤੇ ਮਨੁੱਖਤਾ ਦਾ ਸੰਦੇਸ਼ ਸ਼ਾਮਲ ਹੈ, ਨੂੰ ਪੰਜਾਬ ਦੇ ਹਰ ਵਰਗ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।
ਸਤੀਸ਼ ਜੌੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਸ਼ਾਂਤੀ ਅਤੇ ਏਕਤਾ ਦੇ ਸੰਦੇਸ਼ ਦੀ ਸੱਭ ਤੋਂ ਵੱਧ ਲੋੜ ਹੈ। ਬੁੱਧ ਧਰਮ ਸਿਰਫ ਇੱਕ ਧਰਮ ਨਹੀਂ, ਸਗੋਂ ਜੀਵਨ ਜਿਊਣ ਦੀ ਇੱਕ ਅਜਿਹੀ ਕਲਾ ਹੈ ਜੋ ਮਨੁੱਖ ਨੂੰ ਸੱਚ, ਅਹਿੰਸਾ ਅਤੇ ਕਰੁਣਾ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਇਸ ਵਿਚਾਰਧਾਰਾ ਨਾਲ ਜੋੜਨ ਲਈ ਵੱਖ-ਵੱਖ ਜਾਗਰੂਕਤਾ ਮੁਹਿੰਮਾਂ, ਸੈਮੀਨਾਰਾਂ ਅਤੇ ਸਮਾਜਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਨੇ ਡਾ. ਪਰਵਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇੱਕ ਬਹੁਤ ਹੀ ਨੇਕ ਦਿਲ, ਦੂਰਦਰਸ਼ੀ ਅਤੇ ਮਨੁੱਖਤਾ ਪ੍ਰੇਮੀ ਵਿਅਕਤੀ ਹਨ। ਡਾ. ਪਰਵਿੰਦਰ ਸਿੰਘ ਹਮੇਸ਼ਾ ਵਿਸ਼ਵ ਪੱਧਰ 'ਤੇ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਂਤੀ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਸਮਾਜ ਵਿੱਚ ਵਧ ਰਹੀ ਨਫਰਤ, ਹਿੰਸਾ ਅਤੇ ਟਕਰਾਅ ਨੂੰ ਘਟਾਇਆ ਜਾ ਸਕੇ।ਸਤੀਸ਼ ਜੌੜਾ ਨੇ ਕਿਹਾ ਕਿ ਡਾ. ਪਰਵਿੰਦਰ ਸਿੰਘ ਨੇ ਹਮੇਸ਼ਾ ਵਿਸ਼ਵ ਪੱਧਰ 'ਤੇ ਚੱਲ ਰਹੇ ਟਕਰਾਵਾਂ ਅਤੇ ਲੜਾਈਆਂ ਨੂੰ ਰੋਕਣ ਲਈ ਪੀਸਫੁੱਲ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਸੋਚ ਅਤੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਉਹ ਵੀ ਪੰਜਾਬ ਵਿੱਚ ਸ਼ਾਂਤੀ, ਸਹਿਯੋਗ ਅਤੇ ਸਮਾਜਿਕ ਵਿਕਾਸ ਲਈ ਲਗਾਤਾਰ ਕੰਮ ਕਰਨਗੇ।
ਇਸ ਨਿਯੁਕਤੀ ਨਾਲ ਪੰਜਾਬ ਵਿੱਚ ਵਰਲਡ ਬੁੱਧਿਸਟ ਯੂਨਾਈਟਿਡ ਨੇਸ਼ਨ ਦੀਆਂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਵੱਡੇ ਪੱਧਰ 'ਤੇ ਲੋਕਾਂ ਨੂੰ ਸ਼ਾਂਤੀ, ਮਨੁੱਖਤਾ ਅਤੇ ਬੁੱਧ ਧਰਮ ਦੇ ਸਿਧਾਂਤਾਂ ਨਾਲ ਜੋੜਿਆ ਜਾਵੇਗਾ। ਸਮਾਜਿਕ ਵਰਗਾਂ ਵੱਲੋਂ ਵੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਗਿਆ ਅਤੇ ਸਤੀਸ਼ ਜੌੜਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ।
ਅੰਤ ਵਿੱਚ ਜੌੜਾ ਨੇ ਕਿਹਾ ਕਿ ਉਹ ਇਸ ਮੰਚ ਨੂੰ ਸਿਰਫ ਇੱਕ ਅਹੁਦੇ ਵਜੋਂ ਨਹੀਂ, ਸਗੋਂ ਸਮਾਜ ਦੀ ਸੇਵਾ ਕਰਨ ਦੇ ਇੱਕ ਵੱਡੇ ਮੌਕੇ ਵਜੋਂ ਦੇਖਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਸ਼ਾਂਤੀ, ਸਿੱਖਿਆ ਅਤੇ ਸਮਾਜਿਕ ਉਤਥਾਨ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਕੰਮ ਕਰਨਗੇ।
- Download Babushahi App
-
-