ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ
ਨਿਹੰਗ ਸਿੰਘਾਂ ਵਲੋਂ ਘੋੜ ਦੌੜ, ਗਤਕਾ ਕਲਾ ਦੇ ਜੰਗੀ ਕਰਤੱਬਾਂ ਦਾ ਪ੍ਰਦਰਸ਼ਨ
ਚਮਕੌਰ ਸਾਹਿਬ:- 20 ਅਕਤੂਬਰ 2026 ਪਰੰਪਰਾਗਤ ਤਿਉਹਾਰ ਦੁਸਹਿਰੇ ਮੌਕੇ ਗੁਰਦੁਆਰਾ ਰਣਜੀਤਗੜ੍ਹ, ਪਾ:10 ਵੀਂ ਛਾਉਣੀ ਬੁੱਢਾ ਦਲ ਤੋਂ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੱਢਿਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਰਣਜੀਤ ਗੜ੍ਹ ਸਾਹਿਬ ਪਾ:10 ਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਹੋਇਆ।
ਨਰਸਿੰਙਿਆਂ ਬੈਂਡ ਵਾਜਿਆਂ ਦੀ ਸਬਦੀ ਧੁਨਾਂ ਖਾਲਸਾਈ ਜੈਕਾਰਿਆਂ ਦੀ ਗੂੰਝ ਵਿੱਚ ਇਹ ਨਿਹੰਗ ਸਿੰਘਾਂ ਦਾ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਤੋਂ ਅਰੰਭ ਹੋ ਕੇ ਚਮਕੌਰ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਤੋਂ ਗੁ: ਸ਼ਹੀਦ ਬੁਰਜ ਭਾਈ ਜੈਤਾ ਜੀ, ਗੁ: ਸ੍ਰੀ ਗੜ੍ਹੀ ਸਾਹਿਬ, ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਤਾੜੀ ਸਾਹਿਬ, ਵਿਖੇ ਨਤਮਸਤਕ ਹੁੰਦਾ ਹੋਇਆ ਖੁਲ੍ਹੀ ਗਰਾਊੰਡ ਵਿੱਚ ਪੁਜਾ, ਜਿਥੇ ਨਿਹੰਗ ਸਿੰਘਾਂ ਨੇ ਘੋੜਿਆਂ ਦੀਆਂ ਦੌੜਾਂ ਕਰਾਈਆਂ। ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀਆਂ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਦੀ ਫੌਜ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ।ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਉਪਰੰਤ ਨਿਹੰਗ ਸਿੰਘਾਂ ਨੇ ਗਤਕਾ, ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇੱਕ ਤੋਂ ਦੋ, ਦੋ ਤੋਂ ਚਾਰ ਘੋੜਿਆਂ ਦੀ ਸਵਾਰੀ ਕਰਕੇ ਜੰਗੀ ਕਰਤੱਬ ਦਿਖਾਏ ਅਤੇ ਵੱਧ ਤੋਂ ਵੱਧ ਕਿੱਲੇ੍ਹ ਪੁੱਟਣ ਤੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਗਤਕੇ ਦੇ ਜੋਹਰ ਵਿਖਾਏ।
ਮਹੱਲਾ ਖੇਡਣ ਉਪਰੰਤ ਬਾਬਾ ਜੱਸਾ ਸਿੰਘ ਮੀਤ ਜਥੇਦਾਰ ਬੁੱਢਾ ਦਲ ਨੇ ਕਿਹਾ ਕਿ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਨੇ ਕੌਮ ਦੀ ਅਗਵਾਈ ਕਰਦਿਆਂ ਉਨ੍ਹਾਂ ਕੌਮ ਨੂੰ ਅਣਖ, ਦਲੇਰ, ਨਿਰਭੈਅ ਹੋ ਕੇ ਜਿਊਣ ਦਾ ਮਾਰਗ ਦਿਤਾ।ਉਸ ਮਾਰਗ ਤੇ ਚੱਲਣ ਲਈ ਅੱਜ ਦੀ ਨੌਜਵਾਨ ਪੀੜੀ ਨੂੰ ਸਿਰਜੋੜ ਕੇ ਵਿਚਾਰ ਮਈ ਹੋਣਾ ਚਾਹੀਦਾ ਹੈ।ਪੰਥ ਤੋਂ ਉਖੜ ਕੇ ਕੌਮਾਂ ਦੁਸ਼ਵਾਰੀਆਂ ਦੇ ਰਾਹ ਪੈ ਜਾਦੀਆਂ ਹਨ, ਸੱਚੇ ਮਾਰਗ ਚਲਦਿਆਂ ਗੁਰੂ ਆਪ ਅੰਗ ਸੰਗ ਸਹਾਈ ਹੁੰਦਾ ਹੈ। ਦੁਸਹਿਰੇ ਦਾ ਦਿਹਾੜਾ ਨੇਕੀ ਤੇ ਬਦੀ ਦੀ ਲੜਾਈ ਵਿੱਚ ਹੱਕ ਸੱਚ ਦੀ ਜਿੱਤ ਹੁੰਦੀ ਹੈ। ਬਦੀ ਨੇ ਇਕ ਦਿਨ ਹਾਰਨਾ ਹੁੰਦਾ ਹੈ। ਸਫਲਤਾ ਨੇਕੀ ਦੀ ਹੁੰਦੀ ਹੈ। ਧਾਰਮਿਕ ਅਜ਼ਾਦੀ ਦਾ ਅਧਿਕਾਰ ਸਿੱਖ ਗੁਰੂ ਸਾਹਿਬਾਨ ਨੇ ਆਪਣੀਆਂ ਸ਼ਹੀਦੀਆਂ ਨਾਲ ਲੈ ਕੇ ਦਿਤਾ ਹੈ ਉਹ ਅਧਿਕਾਰ ਤੇ ਅੱਜ ਸਰਕਾਰਾਂ ਛਾਪੇ ਮਾਰ ਰਹੀਆਂ ਹਨ ਤੇ ਸਾਡੇ ਤੋਂ ਆਜ਼ਾਦੀ ਖੋਹਣ ਦਾ ਕੋਝਾ ਜਤਨ ਹੋ ਰਿਹਾ ਹੈ। ਹਕੂਮਤ ਸਿੱਖੀ ਨੂੰ ਵੰਗਾਰ ਰਹੀ ਹੈ।
ਇਸ ਸਮੇਂ ਬਾਬਾ ਨਾਗਰ ਸਿੰਘ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਬਾਬਾ ਜੱਸਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਬਲਦੇਵ ਸਿੰਘ ਪਟਿਆਲਾ, ਬਾਬਾ ਕਰਮ ਸਿੰਘ, ਬਾਬਾ ਸਰਬਜੀਤ ਸਿੰਘ, ਬਾਬਾ ਸਰਬਜੀਤ ਸਿੰਘ ਬਠਿੰਡਾ, ਬਾਬਾ ਦਰਸ਼ਨ ਸਿੰਘ ਗੱਤਕਾ ਮਾਸਟਰ ਪਟਿਆਲਾ, ਬਾਬਾ ਚਰਨ ਸਿੰਘ ਫਤਿਹਗੜ੍ਹ, ਬਾਬਾ ਭਗਤ ਸਿੰਘ, ਬਾਵਾ ਦਲਬਾਰਾ ਸਿੰਘ, ਬਾਬਾ ਜੋਗਾ ਸਿੰਘ ਪਟਿਆਲਾ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਅਮਰਜੀਤ ਸਿੰਘ ਚਮਕੌਰ ਸਾਹਿਬ, ਬਾਬਾ ਨਰਿੰਦਰ ਸਿੰਘ ਸੋਨਾ, ਬਾਵਾ ਸੁਖਵਿੰਦਰ ਸਿੰਘ, ਬਾਬਾ ਰਾਜਾ ਰਾਜ ਸਿੰਘ, ਬਾਬਾ ਚੜ੍ਹਤ ਸਿੰਘ ਆਦਿ ਹਾਜ਼ਰ ਹਨ।
- Download Babushahi App
-
-