ਵਿਸ਼ਵ ਅੰਗਦਾਨ ਦਿਵਸ ਨੂੰ ਸਮਰਪਿਤ- CGC ਲਾਂਡਰਾਂ ਵਿਖੇ ਅੰਗਦਾਨ ਜਾਗਰੂਕਤਾ ਮੁਹਿੰਮ ਦਾ ਆਯੋਜਨ
ਮੋਹਾਲੀ, 13 ਅਗਸਤ 2026- ਵਿਸ਼ਵ ਅੰਗਦਾਨ ਦਿਵਸ ਮੌਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ‘ਜੀਵਾਂਸ਼-ਲਾਈਫ ਬਿਓਂਡ ਲਾਈਫ’ ਨਾਮਕ ਇੱਕ ਕਮਿਊਨਿਟੀ ਕੇਂਦਰਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਦਾ ਮੁੱਖ ਉਦੇਸ਼ ਅੰਗਦਾਨ ਸੰਬੰਧੀ ਜਾਗਰੂਕਤਾ ਵਧਾਉਣਾ ਅਤੇ ਇਸ ਵਿਸ਼ੇ ਸੰਬੰਧੀ ਨੌਜਵਾਨਾਂ ਸਣੇ ਆਮ ਲੋਕਾਂ ਵਿੱਚ ਜਾਣਕਾਰੀ ਭਰਪੂਰ ਗੱਲਬਾਤ ਨੂੰ ਬੜਾਵਾ ਦੇਣਾ ਹੈ।ਸੀਜੀਸੀ ਲਾਂਡਰਾਂ ਦੀ ਸੰਸਥਾਗਤ ਸਮਾਜਿਕ ਜ਼ਿੰਮੇਵਾਰੀ (ਇੰਸਟੀਚਿਊਸ਼ਨਲ ਸੋਸ਼ਲ ਰਿਸਪੌਂਸੇਬਿਲਟੀ (ਆਈਐਸਆਰ)) ਪਹਿਲਕਦਮੀ ਦੇ ਹਿੱਸੇ ਵਜੋਂ ਤਿਆਰ ਕੀਤੀ ਗਈ ਇਹ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ ਕੈਂਪਸ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਲਾਂਚ ਕੀਤੀ ਗਈ।ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਇੱਕ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮੁਹਿੰਮ ਦਾ ਅਧਿਕਾਰਤ ਲੋਗੋ, ਸੰਚਾਰ ਸਮੱਗਰੀ ਅਤੇ ਆਊਟਰੀਚ ਗਤੀਵਿਧਿਆਂ ਦਾ ਰੋਡਮੈਪ ਪੇਸ਼ ਕੀਤਾ। ਇਹ ਗਤੀਵਿਧਿਆਂ ਟ੍ਰਾਈਸਿਟੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਅੰਗਦਾਨ ਸੰਬੰਧੀ ਜਾਗਰੂਕਤਾ ਅਤੇ ਭਰੋਸੇਯੋਗ ਜਾਣਕਾਰੀ ਪਹੁੰਚਾਈ ਜਾ ਸਕੇ।
ਇੱਕ ਅੰਗਦਾਨ ਜਾਗਰੂਕਤਾ ਕਮਿਊਨਿਟੀ ਵਜੋਂ ਸਥਾਪਿਤ ‘ਜੀਵਾਂਸ਼’ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਚਲਾਇਆ ਜਾਣ ਵਾਲਾ ਇੱਕ ਗਰੁੱਪ ਹੈ ਜੋ ਸੀਜੀਸੀ ਲਾਂਡਰਾਂ ਦੇ ਆਸ-ਪਾਸ ਦੇ ਸਕੂਲਾਂ, ਕਾਲਜਾਂ ਅਤੇ ਸ਼ਹਿਰੀ ਭਾਈਚਾਰਿਆਂ, ਸੂਬੇ ਦੇ ਵੱਖ-ਵੱਖ ਹਿੱਸਿਆਂ ਤੇ ਜਨਤਕ ਥਾਵਾਂ ’ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਲਈ ਸਮਰਪਿਤ ਹੈ। ਇਸ ਦੇ ਨਾਲ ਹੀ ਡਿਜ਼ੀਟਲ ਮੁਹਿੰਮਾਂ ਰਾਹੀਂ ਵੀ ਅੰਗਦਾਨ ਸੰਬੰਧੀ ਜਾਣਕਾਰੀ ਪਹੁੰਚਾਈ ਜਾਵੇਗੀ।
ਇਹ ਜਾਣਦੇ ਹੋਏ ਕਿ ਇੱਕ ਅੰਗਦਾਤਾ ਕਈ ਜ਼ਿੰਦਗੀਆਂ ਬਚਾਉਣ ਵਿੱਚ ਯੋਗਦਾਨ ਪਾ ਸਕਦਾ ਹੈ, ਸੀਜੀਸੀ ਲਾਂਡਰਾਂ ਦੀ ‘ਜੀਵਾਂਸ਼’ ਕਮਿਊਨਿਟੀ ਸਿੱਖਿਆ, ਸੰਵਾਦ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਅੰਗਦਾਨ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਦਾ ਉਦੇਸ਼ ਰੱਖਦੀ ਹੈ। ਇਸ ਦੇ ਨਾਲ ਹੀ ਇਹ ਪਹਿਲਕਦਮੀ ਅੰਗਦਾਨ ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨ ਲਈ ਵੀ ਕੰਮ ਕਰੇਗੀ। ਇਸ ਉਪਰਾਲੇ ਦਾ ਮਕਸਦ ਲੋਕਾਂ ਵਿੱਚ ਅੰਗਦਾਨ ਬਾਰੇ ਤੱਥ ਆਧਾਰਿਤ ਅਤੇ ਸੂਝ ਭਰਪੂਰ ਜਾਣਕਾਰੀ ਨੂੰ ਬੜਾਵਾ ਦੇਣਾ ਹੈ ਅਤੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਅੰਗਦਾਤਾ ਵਜੋਂ ਰਜਿਸਟਰ ਕਰਨ ਦਾ ਫੈਸਲਾ ਹਰ ਵਿਅਕਤੀ ਦੀ ਆਪਣੀ ਨਿੱਜੀ ਪਸੰਦ ਹੈ।
ਜੀਵਾਂਸ਼ ਕਮਿਊਨਿਟੀ ਆਪਣੀਆਂ ਆਊਟਰੀਚ ਗਤੀਵਿਧੀਆਂ ਨਾਲ ਜਾਗਰੂਕਤਾ ਵਰਕਸ਼ਾਪਾਂ, ਸੈਮੀਨਾਰ, ਨਾਟਕੀ ਪੇਸ਼ਕਾਰੀਆਂ, ਜਨਤਕ ਪਹੁੰਚ ਮੁਹਿੰਮਾਂ, ਟ੍ਰਾਂਸਪਲਾਂਟ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ; ਮਿੱਥ-ਬਨਾਮ-ਤੱਥ ਜਾਗਰੂਕਤਾ ਸੈਸ਼ਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਆਯੋਜਿਤ ਕਰੇਗੀ।ਇਸ ਤੋਂ ਇਲਾਵਾ ਅੰਗਦਾਨ ਸੰਬੰਧੀ ਜਾਗਰੂਕਤਾ ਨੂੰ ਹੋਰ ਵਿਆਪਕ ਬਣਾਉਣ ਲਈ ਹਸਪਤਾਲਾਂ, ਐਨਜੀਓ ਅਤੇ ਨਾਗਰਿਕ ਸੰਸਥਾਵਾਂ ਨਾਲ ਸਹਿਯੋਗ ਵੀ ਕੀਤਾ ਜਾਵੇਗਾ।ਸੰਸਥਾ ਨੇ ਵਿਦਿਅਕ ਸੰਸਥਾਵਾਂ, ਸਿਹਤ ਸੰਭਾਲ ਸੰਗਠਨਾਂ, ਸਿਵਲ ਸੋਸਾਇਟੀ ਸਮੂਹਾਂ ਅਤੇ ਆਮ ਨਾਗਰਿਕਾਂ ਨੂੰ ਵੀ ਇੱਕ ਮੁਹਿੰਮ ਨਾਲ ਜੁੜਨ ਅਤੇ ਅੰਗਦਾਨ ਦੇ ‘ਜੀਵਨ ਬਚਾਉਣ ਵਾਲੇ ਪ੍ਰਭਾਵ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਸਿਹਤ ਸੰਭਾਲ ਖੇਤਰ ਦੇ ਪ੍ਰਸਿੱਧ ਮਾਹਰਾਂ ਦੇ ਇੱਕ ਵਿਸ਼ੇਸ਼ ਪੈਨਲ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਅਤੇ ਪ੍ਰਸਿੱਧ ਪੰਜਾਬੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਰੌਣੀ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨਾਲ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ, ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ, ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ ਸ.ਪਰਮਪਾਲ ਸਿੰਘ ਢਿੱਲੋਂ, ਵਿਦਿਆਰਥੀ ਭਲਾਈ ਅਤੇ ਸਾਬਕਾ ਵਿਦਿਆਰਥੀ ਮਾਮਲੇ ਦੇ ਡਾਇਰੈਕਟਰ ਡਾ.ਗਗਨਦੀਪ ਭੁੱਲਰ, ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਸੀਜੀਸੀ ਲਾਂਡਰਾਂ ਦੇ ਹੋਰ ਡਾਇਰੈਕਟਰ, ਮੁਖੀ, ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਸਮਾਜਿਕ ਵਰਕਰ ਵੀ ਮੌਜੂਦ ਸਨ।
ਇਸ ਪਹਿਲਕਦਮੀਂ ਨੂੰ ਸਹਿਯੋਗ ਦੇਣ ਵਾਲੇ ਪ੍ਰਸਿੱਧ ਸਿਹਤ ਸੰਭਾਲ ਮਾਹਿਰਾਂ ਦੇ ਪੈਨਲ, ਜੋ ਸੀਜੀਸੀ ਦੀ ‘ਜੀਵਾਂਸ਼’ ਕਮਿਊਨਿਟੀ ਦੇ ਮੈਡੀਕਲ ਐਡਵਾਇਜ਼ਰੀ ਬੋਰਡ ਵਜੋਂ ਸੇਵਾਵਾਂ ਨਿਭਾਉਣਗੇ ਉਹ ਡਾ.ਅਮਨਦੀਪ ਸਿੰਘ, ਹੈਪੇਟੋਲੋਜਿਸਟ, ਪੀਆਈਐਲਬੀਐਸ, ਮੋਹਾਲੀ, ਡਾ.ਮੁਕੇਸ਼ ਚਾਵਲਾ, ਹੇਮੇਟੋਲੋਜਿਸਟ, ਆਨਕੋਲੋਜਿਸਟ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਫਿਜ਼ੀਸ਼ੀਅਨ, ਲਿਵਾਸਾ ਹਸਪਤਾਲ, ਮੋਹਾਲੀ, ਡਾ.ਐਚਐਸ ਬੇਦੀ, ਕਾਰਡੀਓਵੈਸਕੁਲਰ ਸਰਜਨ, ਸ਼ਾਲਬੀ ਹਸਪਤਾਲ, ਮੋਹਾਲੀ, ਡਾ.ਕਸ਼ਿਸ਼ ਦੱਤਾ, ਪਲਮੋਨੋਲੋਜਿਸਟ, ਮੈਕਸ ਹਸਪਤਾਲ, ਮੋਹਾਲੀ, ਡਾ.ਅਮਨਦੀਪ ਸਿੰਘ, ਨਿਊਰੋਲੋਜਿਸਟ, ਮਾਈ ਇੰਡਸ ਹਸਪਤਾਲ, ਸੈਕਟਰ 69, ਮੋਹਾਲੀ ਅਤੇ ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ, ਫੇਜ਼ 1, ਮੋਹਾਲੀ, ਡਾ.ਜਿਤੇਂਦਰ ਜਿਨਾਗਲ, ਕੌਰਨੀਆ ਕੈਟਰੈਕਟ ਅਤੇ ਰਿਫ੍ਰੈਕਟਿਵ ਸਰਜਨ, ਸਹਾਇਕ ਪ੍ਰੋਫੈਸਰ, ਐਡਵਾਂਸਡ ਆਈ ਸੈਂਟਰ, ਮਾਨਯੋਗ ਸਕੱਤਰ ਚੰਡੀਗੜ੍ਹ ਓਫਥਲਮੋਲੋਜੀਕਲ ਸੋਸਾਇਟੀ, ਪੀਜੀਆਈਐਮਈਆਰ ਚੰਡੀਗੜ੍ਹ, ਡਾ.ਅਮਿਤ ਸ਼ਰਮਾ, ਨੈਫਰੋਲੋਜਿਸਟ ਅਤੇ ਕਿਡਨੀ ਟ੍ਰਾਂਸਪਲਾਂਟ ਫਿਜ਼ੀਸ਼ੀਅਨ, ਫੋਰਟਿਸ ਹਸਪਤਾਲ, ਮੋਹਾਲੀ, ਯਸ਼ਪ੍ਰੀਤ, ਟ੍ਰਾਂਸਪਲਾਂਟ ਕੋਆਰਡੀਨੇਟਰ, ਪੀਆਈਐਲਬੀਐਸ, ਮੋਹਾਲੀ ਹਨ। ਜੋ ਜੀਵਾਂਸ਼ ਕਮਿਊਨਿਟੀ ਨੂੰ ਅੰਗਦਾਨ, ਟ੍ਰਾਂਸਪਲਾਂਟ ਅਤੇ ਇਸ ਨਾਲ ਜੁੜੇ ਸਿਹਤ ਸੰਬੰਧੀ ਪੱਖਾਂ ਬਾਰੇ ਮਾਰਗਦਰਸ਼ਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਇਸ ਪਹਿਲਕਦਮੀਂ ਲਈ ਆਪਣੀ ਦਿਲੋਂ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਅੰਗਦਾਨ ਵਰਗੇ ਨੇਕ ਉਪਰਾਲੇ ਨੂੰ ਅੱਗੇ ਵਧਾਉਣ ਅਤੇ ਇਸਦੀ ਜੀਵਨ ਬਚਾਉਣ ਵਾਲੀ ਸੰਭਾਵਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜੀਵਾਂਸ਼ ਕਮਿਊਨਿਟੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਜਾਗਰੂਕ, ਹਮਦਰਦ ਅਤੇ ਉਦੇਸ਼ ਸੰਚਾਲਿਤ ਬਣ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਸ ਖਾਸ ਉਦੇਸ਼ ਨੂੰ ਬੜਾਵਾ ਦੇਣ ਲਈ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਕਰਨ ਦੇ ਸਭ ਤੋਂ ਉੱਤਮ ਰੂਪਾਂ ਵਿੱਚੋਂ ਇੱਕ ਹੈ ਅਤੇ ਅੰਗਦਾਨ ਇੱਕ ਨਿਰਸਵਾਰਥ ਕਾਰਜ ਹੈ ਜਿਸ ਵਿੱਚ ਕੀਮਤੀ ਜਾਨਾਂ ਬਚਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਜੀਵਨ ਦਾ ਤੋਹਫ਼ਾ ਦੇ ਕੇ, ਅੰਗਦਾਤਾ ਨਾ ਸਿਰਫ਼ ਮੁਸ਼ਕਿਲ ਵਿੱਚੋਂ ਗੁਜ਼ਰ ਰਹੇ ਪਰਿਵਾਰਾਂ ਲਈ ਉਮੀਦ ਦੀ ਕਿਰਨ ਬਣਦੇ ਹਨ, ਸਗੋਂ ਇੱਕ ਅਜਿਹੀ ਪ੍ਰੇਰਣਾਦਾਇਕ ਵਿਰਾਸਤ ਵੀ ਛੱਡ ਜਾਂਦੇ ਹਨ, ਜਿਸ ਰਾਹੀਂ ਉਨ੍ਹਾਂ ਦੀ ਦਿਆਲਤਾ ਅਤੇ ਹਮਦਰਦੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਿਆ ਜਾ ਸਕਦਾ ਹੈ।
ਮੁਹਿੰਮ ਲਾਂਚ ਮੌਕੇ ਸੰਬੋਧਨ ਕਰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਸਿਰਫ ਕਲਾਸਰੂਮ ਤੱਕ ਸੀਮਿਤ ਨਹੀਂ ਹੁੰਦੀ। ਇੱਕ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵਚਨਬੱਧ ਸੰਸਥਾ ਹੋਣ ਦੇ ਨਾਤੇ ਸਾਡਾ ਮੰਨਣਾ ਹੈ ਕਿ ਸਾਡੇ ਵਿਦਿਆਰਥੀ ਇੱਕ ਅਜਿਹੇ ਉਦੇਸ਼ ਦੇ ਰਾਜਦੂਤ ਬਣ ਸਕਦੇ ਹਨ ਜਿਸ ਵਿੱਚ ਜ਼ਿੰਦਗੀਆਂ ਨੂੰ ਬਦਲਣ ਦੀ ਸਮਰੱਥਾ ਹੈ। ਇਹ ਪਹਿਲ ਜਾਗਰੂਕਤਾ, ਹਮਦਰਦੀ ਅਤੇ ਸਹੀ ਜਾਣਕਾਰੀ ਦੇ ਆਧਾਰ ’ਤੇ ਫੈਸਲਾ ਲੈਣ ਨਾਲ ਸੰਬੰਧਿਤ ਹੈ।
ਸੀਜੀਸੀ ਲਾਂਡਰਾਂ ਨੇ ਹਰ ਸਾਲ ‘ਅੰਗਦਾਨ ਜਾਗਰੂਕਤਾ ਹਫ਼ਤਾ’ ਮਨਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਵੱਖ-ਵੱਖ ਵਿਸ਼ਿਆਂ ਅਤੇ ਵਿਭਾਗਾਂ ਜਿਵੇਂ ਕਿ ਵਕਾਲਤ, ਸਵੈ ਸੇਵਾ ਅਤੇ ਖੋਜ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਅੰਗਦਾਨ ਸੰਬੰਧੀ ਜਿੰਮੇਵਾਰ ਅਤੇ ਜਾਣਕਾਰੀ ਆਧਾਰਿਤ ਜਾਗਰੂਕਤਾ ਨੂੰ ਹੋਰ ਵਿਆਪਕ ਬਣਾਇਆ ਜਾ ਸਕੇ।
- Download Babushahi App
-
-