ਵਿਦਿਆ ਵਿੰਗਜ਼ ਵੱਲੋਂ ਖੇਡ ਟੂਰਨਾਮੈਂਟ, ਵਿਦਿਆਰਥੀਆਂ ਨੂੰ ‘ਪੜ੍ਹਾਈ ਦੇ ਨਾਲ ਖੇਡਾਂ’ ਦਾ ਸੁਨੇਹਾ
ਸੁਖਮਿੰਦਰ ਭੰਗੂ
ਲੁਧਿਆਣਾ, 26 ਅਕਤੂਬਰ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਦਿਆ ਵਿੰਗਜ਼ ਵੱਲੋਂ ਐਤਵਾਰ ਨੂੰ ਸਾਊਥ ਸਿਟੀ, ਲੁਧਿਆਣਾ ਵਿਖੇ ਖੇਡ ਟੂਰਨਾਮੈਂਟ ਕਰਵਾਇਆ ਗਿਆ। ‘ਪੜ੍ਹਾਈ ਵੀ, ਖੇਡਾਂ ਵੀ’ ਦੇ ਸੁਨੇਹੇ ’ਤੇ ਆਧਾਰਿਤ ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਟੂਰਨਾਮੈਂਟ ਦੌਰਾਨ ਗਲੀ ਕ੍ਰਿਕਟ, ਪਿਕਲਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਟੀਮ ਭਾਵਨਾ, ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ।
ਵਿਦਿਆ ਵਿੰਗਜ਼ ਅਨੁਸਾਰ, ਸਿੱਖਿਆ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਵੀ ਇਸ ਦਾ ਅਹਿਮ ਹਿੱਸਾ ਹੈ। ਖੇਡਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ, ਅਗਵਾਈ ਕਰਨ ਦੀ ਯੋਗਤਾ ਅਤੇ ਆਪਸੀ ਸਹਿਯੋਗ ਵਰਗੇ ਗੁਣ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਉਪਰਾਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਉਤਸ਼ਾਹਿਤ ਕਰਨਾ ਸੀ। ਸੰਸਥਾ ਨੇ ‘ਸਿਹਤਮੰਦ ਸਰੀਰ, ਸਿਹਤਮੰਦ ਮਨ’ ਦੇ ਸਿਧਾਂਤ ਨੂੰ ਉਭਾਰਦਿਆਂ ਇਹ ਸੰਦੇਸ਼ ਦਿੱਤਾ ਕਿ ਸਰੀਰਕ ਤੰਦਰੁਸਤੀ ਅਤੇ ਅਕਾਦਮਿਕ ਸਫ਼ਲਤਾ ਇੱਕ-ਦੂਜੇ ਦੇ ਪੂਰਕ ਹਨ।
ਵਿਦਿਆ ਵਿੰਗਜ਼ ਵੱਲੋਂ ਕਰਵਾਇਆ ਗਿਆ ਇਹ ਟੂਰਨਾਮੈਂਟ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਪੜ੍ਹਾਈ ਦੇ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨ ਵੱਲ ਇੱਕ ਉਪਰਾਲਾ ਰਿਹਾ।
- Download Babushahi App
-
-