ਲੰਡੇ ਫਾਟਕ ਨੇੜੇ ਪੁਲਿਸ ਤੇ ਨਗਰ ਕੌਂਸਲ ਦੀ ਸਾਂਝੀ ਕਾਰਵਾਈ
ਨਸ਼ਾ ਮਾਮਲਿਆਂ ਨਾਲ ਜੁੜੇ ਵਿਅਕਤੀ ਦਾ ਘਰ ਢਾਹਿਆ
ਜਗਰਾਉਂ, 26 ਅਗਸਤ (ਦੀਪਕ ਜੈਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਗਰਾਉਂ ਪੁਲਿਸ ਅਤੇ ਨਗਰ ਕੌਂਸਲ ਜਗਰਾਉਂ ਵੱਲੋਂ ਅੱਜ ਸਾਂਝੀ ਕਾਰਵਾਈ ਕਰਦਿਆਂ ਲੰਡੇ ਫਾਟਕ ਨੇੜੇ ਸਥਿਤ ਮੁਹੱਲਾ ਰਾਮਪੁਰਾ ਦੇ ਵਸਨੀਕ ਅਮਰਪਾਲ ਉਰਫ਼ ਸੇਵਕ ਉਰਫ਼ ਗੁਰਸੇਵਕ ਸਿੰਘ ਪੁੱਤਰ ਗੁਰਦਾਸ ਸਿੰਘ ਦੇ ਘਰ ’ਤੇ ਪੀਲਾ ਪੰਜਾ ਚਲਾ ਕੇ ਉਸ ਨੂੰ ਢਾਹ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੀਆਂ ਗਤੀਵਿਧੀਆਂ ਅਤੇ ਅਜਿਹੇ ਮਾਮਲਿਆਂ ਨਾਲ ਸਬੰਧਤ ਜਾਇਦਾਦਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਕੀਤੀ ਗਈ ਹੈ। ਡੀ ਐਸ ਪੀ ਜਸਵਿੰਦਰ ਢੀਂਡਸਾਂ ਨੇ ਦੱਸਿਆ ਕਿ ਸਬੰਧਤ ਵਿਅਕਤੀ ਖ਼ਿਲਾਫ਼ ਵੱਖ-ਵੱਖ ਸਮਿਆਂ ਦੌਰਾਨ ਸੰਗੀਨ ਧਾਰਾਵਾਂ ਤਹਿਤ ਕਰੀਬ 10 ਮੁਕੱਦਮੇ ਦਰਜ ਹੋਣ ਦਾ ਰਿਕਾਰਡ ਸਾਹਮਣੇ ਆਇਆ ਹੈ।
ਨਸ਼ਿਆਂ ਦੇ ਪੈਸੇ ਨਾਲ ਬਣਾਈ ਜਾਇਦਾਦ ’ਤੇ ਕਾਰਵਾਈ ਦਾ ਦਾਅਵਾ
ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀਆਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਅਜਿਹੀ ਜਾਇਦਾਦ, ਜੇਕਰ ਕਾਨੂੰਨੀ ਜਾਂਚ ਵਿੱਚ ਨਸ਼ਿਆਂ ਦੇ ਕਾਰੋਬਾਰ ਤੋਂ ਹੋਈ ਆਮਦਨ ਨਾਲ ਸਬੰਧਤ ਪਾਈ ਜਾਂਦੀ ਹੈ ਅਤੇ ਲਾਗੂ ਕਾਨੂੰਨੀ ਪ੍ਰਕਿਰਿਆ ਪੂਰੀ ਹੁੰਦੀ ਹੈ, ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਕਾਰਵਾਈ ਵੀ ਇਸੇ ਮੁਹਿੰਮ ਦਾ ਹਿੱਸਾ ਸੀ। ਕਾਰਵਾਈ ਦੌਰਾਨ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
- Download Babushahi App
-
-