ਲੋਕ ਮੰਗ! ਪਿੰਡ ਕਸੌਲੀ ’ਚ ਰੋਡਵੇਜ਼ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਸਤੰਬਰ 2026: ਪਿੰਡ ਕਸੌਲੀ ਦੇ ਵਸਨੀਕਾਂ ਨੇ ਪਿੰਡ ਵਿੱਚ ਸਰਕਾਰੀ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਇੱਕ ਪੱਤਰ ਉਨ੍ਹਾਂ ਵੱਲੋਂ ਸੀਐਮ ਵਿੰਡੋ ਨੂੰ ਭੇਜਿਆ ਗਿਆ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਭੇਜ ਕੇ ਲੰਮੇ ਸਮੇਂ ਤੋਂ ਚੱਲ ਰਹੀ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਪਿੰਡ ਵਾਸੀ ਅਮਰਜੀਤ ਕੌਰ, ਤੇਜਪਾਲ ਸਿੰਘ, ਸੁਰਜੀਤ ਸਿੰਘ, ਬਰਿੰਦਰ ਸਿੰਘ, ਗੁਰਦੀਪ ਸਿੰਘ, ਪੁਸ਼ਪਿੰਦਰ ਸ਼ਰਮਾ, ਸਾਧੂ ਰਾਮ, ਵਿਨੋਦ ਕੁਮਾਰ, ਸੁਖਵਿੰਦਰ ਕੌਰ ਤੇ ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਸੌਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਬੱਸ ਸੇਵਾ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਆਵਾਜਾਈ ਦੇ ਸਾਧਨ ਸੀਮਤ ਹੋਣ ਕਾਰਨ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਹੋਰ ਸਿਖਲਾਈ ਸੰਸਥਾਵਾਂ ਤੱਕ ਪਹੁੰਚਣ ਵਿੱਚ ਦਿੱਕਤ ਆਉਂਦੀ ਹੈ। ਇਸ ਤੋਂ ਇਲਾਵਾ ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਇਲਾਜ ਲਈ ਡੇਰਾਬੱਸੀ, ਲਾਲੜੂ, ਚੰਡੀਗੜ੍ਹ ਸਮੇਤ ਵੱਡੇ ਹਸਪਤਾਲਾਂ ਤੱਕ ਜਾਣ ਲਈ ਨਿੱਜੀ ਵਾਹਨਾਂ ਜਾਂ ਮਹਿੰਗੇ ਆਵਾਜਾਈ ਸਾਧਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਵਸਨੀਕਾਂ ਅਨੁਸਾਰ ਨੇੜਲੇ ਪਿੰਡ ਬਸੌਲੀ ਵਿੱਚੋਂ ਪੰਜਾਬ ਰੋਡਵੇਜ਼ ਦੀ ਬੱਸ ਰੋਜ਼ਾਨਾ ਚੰਡੀਗੜ੍ਹ, ਲਾਲੜੂ ਅਤੇ ਹੰਡੇਸਰਾ ਦੇ ਰੂਟ ’ਤੇ ਆਉਂਦੀ-ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਸੌਲੀ ਪਿੰਡ ਇਸ ਰੂਟ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਬੱਸ ਸੇਵਾ ਦਾ ਲਾਭ ਨਹੀਂ ਮਿਲ ਰਿਹਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਰੂਟ ਵਿੱਚ ਕਸੌਲੀ ਨੂੰ ਸ਼ਾਮਲ ਕਰਕੇ ਪਿੰਡ ਵਿੱਚ ਸਰਕਾਰੀ ਰੋਡਵੇਜ਼ ਬੱਸ ਦੇ ਠਹਿਰਾਅ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ, ਮਰੀਜ਼ਾਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
- Download Babushahi App
-
-