ਲੁੱਟ ਦੀ ਕੋਸ਼ਿਸ਼ ਦੌਰਾਨ ਅਕਾਊਂਟੈਂਟ ਨੂੰ ਗੋਲੀ ਮਾਰਨ ਵਾਲੇ ਦੋ ਮੁਲਜ਼ਮ ਲੁਧਿਆਣਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ
---ਵਾਰਦਾਤ ਵਿੱਚ ਵਰਤਿਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ, ਦੇਸੀ ਪਿਸਤੌਲ .315 ਬੋਰ, ਦੋ ਜਿੰਦਾ ਕਾਰਤੂਸ ਅਤੇ ਦਾਤਰ ਬਰਾਮਦ; ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 19 ਨਵੰਬਰ 2026
ਲੁਧਿਆਣਾ ਵਿੱਚ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਕਰਦਿਆਂ ਇੱਕ ਅਕਾਊਂਟੈਂਟ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਲਈ ਵਰਤਿਆ ਗਿਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ, ਦੇਸੀ ਪਿਸਤੌਲ .315 ਬੋਰ, ਦੋ ਜਿੰਦਾ ਕਾਰਤੂਸ ਅਤੇ ਇੱਕ ਲੋਹੇ ਦਾ ਦਾਤਰ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਇਹ ਵਾਰਦਾਤ 17 ਨਵੰਬਰ ਨੂੰ ਦੁਪਹਿਰ ਕਰੀਬ 11:50 ਤੋਂ 12 ਵਜੇ ਦਰਮਿਆਨ ਵਾਪਰੀ ਸੀ। ਰਾਮਗੜ੍ਹ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦੇ ਪ੍ਰਮੋਦ ਸਿੰਘ ਆਪਣੀ ਐਕਟਿਵਾ ’ਤੇ ਦਫ਼ਤਰ ਜਾ ਰਹੇ ਸਨ। ਇਸ ਦੌਰਾਨ ਪੰਜ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਆ ਕੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਪੈਸਿਆਂ ਤੇ ਮੋਬਾਈਲ ਫੋਨ ਦੀ ਮੰਗ ਕੀਤੀ। ਜਦੋਂ ਪ੍ਰਮੋਦ ਸਿੰਘ ਨੇ ਵਿਰੋਧ ਕੀਤਾ ਤਾਂ ਇੱਕ ਹਮਲਾਵਰ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੇ ਖੱਬੇ ਪੱਟ ਵਿੱਚ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਥਾਣਾ ਜਮਾਲਪੁਰ ਵਿਖੇ ਮੁਕੱਦਮਾ ਨੰਬਰ 292, ਮਿਤੀ 17 ਨਵੰਬਰ 2026 ਨੂੰ ਧਾਰਾ 109, 304, 126(2), 62, 3(5) ਬੀ.ਐੱਨ.ਐੱਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਸੀ.ਪੀ. ਦਿਹਾਤੀ ਗੁਰਸੇਵਕ ਸਿੰਘ, ਏ.ਡੀ.ਸੀ.ਪੀ. ਜ਼ੋਨ-4 ਜਸ਼ਨਦੀਪ ਸਿੰਘ ਗਿੱਲ ਅਤੇ ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਵਿਗਿਆਨਕ ਤਰੀਕੇ ਨਾਲ ਜਾਂਚ ਅਤੇ ਖੁਫੀਆ ਸੂਚਨਾਵਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਸੂਰਜ ਸਿੰਘ ਉਰਫ਼ ਬਾਬੂ ਅਤੇ ਵਿਸ਼ਾਲ ਕੁਮਾਰ ਉਰਫ਼ ਆਂਡਾ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੂਰਜ ਸਿੰਘ ਉਰਫ਼ ਬਾਬੂ (18), ਪੁੱਤਰ ਪੱਪੂ ਸਿੰਘ, ਵਾਸੀ ਜਸਵੀਰ ਕਲੋਨੀ, ਪਿੰਡ ਗੋਬਿੰਦਗੜ੍ਹ, ਲੁਧਿਆਣਾ ਅਤੇ ਵਿਸ਼ਾਲ ਕੁਮਾਰ ਉਰਫ਼ ਆਂਡਾ (18), ਪੁੱਤਰ ਹਰਿੰਦਰ ਸਾਹ, ਵਾਸੀ ਜ਼ਿਲ੍ਹਾ ਸਾਰਨ, ਬਿਹਾਰ, ਹਾਲ ਵਾਸੀ ਆਦਰਸ਼ ਕਲੋਨੀ, ਪਿੰਡ ਗੋਬਿੰਦਗੜ੍ਹ, ਲੁਧਿਆਣਾ ਵਜੋਂ ਹੋਈ ਹੈ।
ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿੱਚ ਇੱਕ ਕਾਲੇ ਰੰਗ ਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ ਦੋ ਜਿੰਦਾ ਕਾਰਤੂਸ ਅਤੇ ਇੱਕ ਲੋਹੇ ਦਾ ਦਾਤਰ ਸ਼ਾਮਲ ਹੈ।
ਪੁਲਿਸ ਅਨੁਸਾਰ ਇਸ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਸੰਦੀਪ ਅਤੇ ਦਲੀਪ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-