ਲੁਧਿਆਣਾ: ਸ਼ਰਮਾ ਹਲਵਾਈ ਚੌਕ ਨੇੜੇ ਵੱਡਾ ਸੜਕ ਧਸਾਅ, ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਉੱਠੇ ਗੰਭੀਰ ਸਵਾਲ
-ਮਿੱਟੀ ਪਾ ਕੇ ਮਾਮਲਾ ਦਬਾਉਣ ਦੀ ਬਜਾਏ ਧਸਾਅ ਦੇ ਅਸਲ ਕਾਰਨ ਦੀ ਤਕਨੀਕੀ ਜਾਂਚ ਕਰਵਾਉਣ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ 22 ਅਗਸਤ 2026- ਲੁਧਿਆਣਾ: ਪੁਰਾਣੇ ਸ਼ਰਮਾ ਹਲਵਾਈ ਚੌਕ ਨੇੜੇ ਸੜਕ ਦੇ ਇੱਕ ਵੱਡੇ ਹਿੱਸੇ ਦੇ ਧੱਸ ਜਾਣ ਕਾਰਨ ਇਲਾਕੇ ਦੀ ਸੜਕ ਸੁਰੱਖਿਆ ਅਤੇ ਨਗਰ ਨਿਗਮ ਦੀ ਰੱਖ-ਰਖਾਅ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਪ੍ਰਭਾਵਿਤ ਥਾਂ ਟਿਮੀ ਬੇਕਰ ਦੇ ਸਾਹਮਣੇ, ਸਿਟੀ ਪਲਾਜ਼ਾ ਦੇ ਬਿਲਕੁਲ ਸਾਹਮਣੇ, ਸੁਮਨ ਹਸਪਤਾਲ ਰੋਡ ’ਤੇ ਯੈੱਸ ਬੈਂਕ ਨੇੜੇ ਸਥਿਤ ਹੈ। ਇਹ ਸਥਾਨ ਬਸੰਤ ਆਰਟ (ਪੇਂਟਰ) ਰੋਡ ਅਤੇ ਦੀਪ ਹਸਪਤਾਲ ਰੋਡ ਵੱਲ ਜਾਣ ਵਾਲੀ ਸੜਕ ਤੋਂ ਕੁਝ ਪਹਿਲਾਂ ਪੈਂਦਾ ਹੈ।
ਸਮਾਜ ਸੇਵੀ ਅਤੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਇਸੇ ਸਥਾਨ ’ਤੇ ਪਹਿਲਾਂ ਵੀ ਸੜਕ ਵਿੱਚ ਛੋਟਾ ਜਿਹਾ ਧਸਾਅ ਪੈਦਾ ਹੋਇਆ ਸੀ, ਜਿਸ ਸਬੰਧੀ ਨਗਰ ਨਿਗਮ ਨੂੰ ਜਾਣੂ ਕਰਵਾਇਆ ਗਿਆ ਸੀ। ਉਸ ਸਮੇਂ ਮੌਕੇ ’ਤੇ ਮਿੱਟੀ ਪਾ ਕੇ ਅਤੇ ਉਪਰਲੀ ਪੱਧਰ ’ਤੇ ਮੁਰੰਮਤ ਕਰਕੇ ਸਮੱਸਿਆ ਨੂੰ ਅਸਥਾਈ ਤੌਰ ’ਤੇ ਠੀਕ ਕੀਤਾ ਗਿਆ ਸੀ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਹੁਣ ਧਸਾਅ ਦਾ ਆਕਾਰ ਪਹਿਲਾਂ ਨਾਲੋਂ ਕਾਫ਼ੀ ਵੱਡਾ ਦਿਖਾਈ ਦੇ ਰਿਹਾ ਹੈ। ਇਸ ਲਈ ਸਿਰਫ਼ ਮੁੜ ਮਿੱਟੀ ਜਾਂ ਮਲਬਾ ਪਾ ਕੇ ਸੜਕ ਨੂੰ ਉਪਰੋਂ ਸਮਤਲ ਕਰਨਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕ ਦੇ ਹੇਠਾਂ ਸੀਵਰੇਜ ਲਾਈਨ ਵਿੱਚ ਨੁਕਸਾਨ, ਪਾਣੀ ਦੀ ਲੀਕੇਜ, ਜ਼ਮੀਨ ਵਿੱਚ ਪਾਣੀ ਦਾ ਰਿਸਾਅ ਜਾਂ ਕਿਸੇ ਹੋਰ ਅੰਡਰਗਰਾਊਂਡ ਢਾਂਚੇ ਦੀ ਖ਼ਰਾਬੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਧਸਾਅ ਦੇ ਮੂਲ ਕਾਰਨ ਦੀ ਪਛਾਣ ਕੀਤੇ ਬਿਨਾਂ ਸਿਰਫ਼ ਖੱਡ ਨੂੰ ਭਰ ਦਿੱਤਾ ਗਿਆ ਤਾਂ ਭਵਿੱਖ ਵਿੱਚ ਸੜਕ ਮੁੜ ਧੱਸ ਸਕਦੀ ਹੈ ਅਤੇ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ। ਇਸ ਨਾਲ ਰਾਹਗੀਰਾਂ, ਦੋਪਹੀਆ ਵਾਹਨ ਚਾਲਕਾਂ ਅਤੇ ਹੋਰ ਵਾਹਨਾਂ ਲਈ ਹਾਦਸੇ ਦਾ ਖ਼ਤਰਾ ਵੱਧ ਸਕਦਾ ਹੈ।
ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਸੜਕਾਂ ਧੱਸਣ ਦੀਆਂ ਸ਼ਿਕਾਇਤਾਂ
ਅਰਵਿੰਦ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਦੇ ਧੱਸਣ ਅਤੇ ਜ਼ਮੀਨ ਬੈਠਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਮੁਤਾਬਕ ਹਾਲ ਹੀ ਵਿੱਚ ਮੁੱਖ ਮਾਡਲ ਟਾਊਨ ਚੌਕ ਵਿੱਚ ਵੀ ਇਸੇ ਤਰ੍ਹਾਂ ਦੀ ਗੰਭੀਰ ਸਮੱਸਿਆ ਸਾਹਮਣੇ ਆਈ ਹੈ। ਇਹ ਇਲਾਕਾ ਹਸਪਤਾਲਾਂ, ਗੁਰਦੁਆਰੇ, ਸਕੂਲਾਂ, ਮੰਦਰਾਂ ਅਤੇ ਮੁੱਖ ਬਾਜ਼ਾਰ ਨਾਲ ਘਿਰਿਆ ਹੋਣ ਕਾਰਨ ਇੱਥੇ ਆਵਾਜਾਈ ਅਤੇ ਲੋਕਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ।
ਅਸਥਾਈ ਨਹੀਂ, ਪੱਕੇ ਹੱਲ ਦੀ ਮੰਗ
ਅਰਵਿੰਦ ਸ਼ਰਮਾ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸ਼ਰਮਾ ਹਲਵਾਈ ਚੌਕ ਨੇੜੇ ਧੱਸੀ ਸੜਕ ਦਾ ਤੁਰੰਤ ਤਕਨੀਕੀ ਨਿਰੀਖਣ ਕਰਵਾਇਆ ਜਾਵੇ। ਸੜਕ ਦੇ ਹੇਠਾਂ ਮੌਜੂਦ ਸੀਵਰੇਜ, ਪਾਣੀ ਦੀਆਂ ਪਾਈਪਾਂ ਅਤੇ ਹੋਰ ਅੰਡਰਗਰਾਊਂਡ ਬੁਨਿਆਦੀ ਢਾਂਚੇ ਦੀ ਜਾਂਚ ਕਰਕੇ ਧਸਾਅ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾਵੇ ਅਤੇ ਉਸ ਤੋਂ ਬਾਅਦ ਪੱਕੀ ਮੁਰੰਮਤ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਾਰ-ਵਾਰ ਸੜਕਾਂ ਦੇ ਧੱਸਣ ਦੀਆਂ ਘਟਨਾਵਾਂ ਸੜਕ ਨਿਰਮਾਣ ਦੀ ਗੁਣਵੱਤਾ, ਅੰਡਰਗਰਾਊਂਡ ਇਨਫਰਾਸਟਰਕਚਰ ਅਤੇ ਨਗਰ ਨਿਗਮ ਦੀ ਮਾਨੀਟਰਿੰਗ ਤੇ ਰੱਖ-ਰਖਾਅ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਅਤੇ ਸਿਰਫ਼ ਅਸਥਾਈ ਪੈਚਵਰਕ ਦੀ ਬਜਾਏ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਇਆ ਜਾਵੇ।
- Download Babushahi App
-
-