ਰੌਬੀ ਕੰਗ ਵੱਲੋਂ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਲਾਇਬ੍ਰੇਰੀ ਦਾ ਉਦਘਾਟਨ
ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਅਤੇ ਪੜ੍ਹਨ ਦੀ ਆਦਤ ਵਿਕਸਤ ਕਰਨ ਦਾ ਦਿੱਤਾ ਸੱਦਾ
ਪਰਮੋਦ ਭਾਰਤੀ
ਨਵਾਂਸ਼ਹਿਰ, 3 ਨਵੰਬਰ,2026
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਅੰਦਰ ਪੜ੍ਹਨ-ਲਿਖਣ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਹਲਕਾ ਇੰਚਾਰਜ ਨਵਾਂਸ਼ਹਿਰ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਨਵੀਂ ਉਸਾਰੀ ਗਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਹ ਲਾਇਬ੍ਰੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹੱਤਵਪੂਰਨ 'ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਰੌਬੀ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਕੂਲਾਂ ਵਿੱਚ ਅਜਿਹਾ ਸਿੱਖਿਆਦਾਇਕ ਮਾਹੌਲ ਸਿਰਜਣ ਲਈ ਵਚਨਬੱਧ ਹੈ, ਜਿੱਥੇ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਇਲਾਵਾ ਗਿਆਨ ਦੇ ਵਿਸ਼ਾਲ ਭੰਡਾਰ ਤੱਕ ਪਹੁੰਚ ਮਿਲ ਸਕੇ।
ਉਨ੍ਹਾਂ ਕਿਹਾ ਕਿ ਸਕੂਲ ਦੀ ਲਾਇਬ੍ਰੇਰੀ ਸਿਰਫ਼ ਕਿਤਾਬਾਂ ਰੱਖਣ ਦੀ ਥਾਂ ਨਹੀਂ ਹੁੰਦੀ, ਸਗੋਂ ਇਹ ਗਿਆਨ, ਕਲਪਨਾ, ਸਿਰਜਣਾਤਮਕਤਾ ਅਤੇ ਸੁਤੰਤਰ ਸੋਚ ਦੇ ਨਵੇਂ ਦਰਵਾਜ਼ੇ ਖੋਲ੍ਹਣ ਦਾ ਮਾਧਿਅਮ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੜ੍ਹਨ ਦੀ ਰੁਚੀ ਮਨੁੱਖ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਦੀ ਹੈ, ਵਿਸ਼ਲੇਸ਼ਣ ਕਰਨ ਦੀ ਸਮਰੱਥਾ ਵਧਾਉਂਦੀ ਹੈ ਅਤੇ ਭਾਸ਼ਾਈ ਹੁਨਰ ਨੂੰ ਨਿਖਾਰਦੀ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ, ਜਿੱਥੇ ਬੱਚਿਆਂ ਦਾ ਧਿਆਨ ਅਕਸਰ ਮੋਬਾਈਲ ਅਤੇ ਹੋਰ ਡਿਜੀਟਲ ਸਾਧਨਾਂ ਵੱਲ ਭਟਕਦਾ ਹੈ, ਉੱਥੇ ਲਾਇਬ੍ਰੇਰੀਆਂ ਉਨ੍ਹਾਂ ਨੂੰ ਮੁੜ ਕਿਤਾਬਾਂ ਨਾਲ ਜੋੜਨ, ਜਗਿਆਸਾ ਜਗਾਉਣ, ਇਕਾਗਰਤਾ ਵਧਾਉਣ ਅਤੇ ਜੀਵਨ ਭਰ ਸਿੱਖਦੇ ਰਹਿਣ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸੁਚੱਜੀ ਲਾਇਬ੍ਰੇਰੀ ਸਕੂਲ ਦਾ ਬੌਧਿਕ ਕੇਂਦਰ ਬਣ ਕੇ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਨ, ਆਪਣੀ ਪ੍ਰਤਿਭਾ ਪਛਾਣਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਸਕਦੀ ਹੈ।
ਇਸ ਮੌਕੇ ਡਾ. ਕਮਲਜੀਤ ਲਾਲ, ਸਕੱਤਰ ਆਰਗੇਨਾਈਜ਼ੇਸ਼ਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਸਕੂਲ ਦੀ ਮੁੱਖ ਅਧਿਆਪਕਾ ਅਤੇ ਸਟੇਟ ਐਵਾਰਡੀ ਮੀਨਾਕਸ਼ੀ ਭੱਲਾ ਨੇ ਪੰਜਾਬ ਸਰਕਾਰ ਅਤੇ ਇਸ ਉਪਰਾਲੇ ਨਾਲ ਜੁੜੇ ਸਮੂਹ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲਾਇਬ੍ਰੇਰੀ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਵੀ ਅਹਿਮ ਮੌਕੇ ਪ੍ਰਦਾਨ ਕਰੇਗੀ।
ਇਸ ਮੌਕੇ ਅਮਰੀਕਾ ਨਿਵਾਸੀ ਪ੍ਰਵਾਸੀ ਭਾਰਤੀ, ਉੱਘੇ ਸਿੱਖਿਆ ਸ਼ਾਸਤਰੀ ਜਸਪਾਲ ਨਾਗਰਾ, ਸਟੇਟ ਐਵਾਰਡੀ ਅਧਿਆਪਕ ਰਾਮ ਲਾਲ, ਪਰਮੋਦ ਭਾਰਤੀ ਅਤੇ ਗੁਰਦਿਆਲ ਮਾਨ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿੱਚ ਬਲਵਿੰਦਰ ਕੁਮਾਰ ਐਮ.ਸੀ., ਪਲਵਿੰਦਰ ਕੌਰ ਨਾਗਰਾ ਸਾਬਕਾ ਮੁੱਖ ਅਧਿਆਪਕਾ, ਸਰਪੰਚ ਜਸਵਿੰਦਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਬਲਜੀਤ ਕੌਰ, ਵਿਵੇਕ ਮਰਕੰਡਾ, ਪਰਮਜੀਤ ਕੁਮਾਰ, ਲੱਡੂ ਮਹਾਲੋਂ, ਸੁਰਿੰਦਰ ਝੱਲੀ, ਵਰਿੰਦਰ ਸਿੰਘ, ਲੱਕੀ ਲੱਧੜ, ਅਸੀਮ ਸਕਸੈਨਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਗ੍ਰਾਮ ਪੰਚਾਇਤ ਦੇ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਨੁਮਾਇੰਦਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ।
- Download Babushahi App
-
-