ਮੁੱਖ ਮੰਤਰੀ ਸਿਹਤ ਯੋਜਨਾ:ਹੁਣ ਤੱਕ 2464 ਲੋਕਾਂ ਨੇ ਸਰਕਾਰੀ ਹਸਪਤਾਲਾਂ 'ਚ ਕਰਵਾਇਆ ਮੁਫ਼ਤ ਇਲਾਜ
ਡੀਸੀ ਵੱਲੋਂ ਲੋਕਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2026 : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਇਸ ਯੋਜਨਾ ਤਹਿਤ 2464 ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਇਲਾਜ ਮਿਲ ਚੁੱਕਾ ਹੈ । ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹਾ ਬਠਿੰਡਾ ਦੇ 106089 ਲੋਕ ਆਪਣਾ ਰਜਿਸਟ੍ਰੇਸ਼ਨ ਕਰਵਾ ਚੁਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਲਈ ਕਿਸੇ ਵੀ ਨੇੜੇ ਦੇ ਸਰਕਾਰੀ ਹਸਪਤਾਲ, ਵਿਸ਼ੇਸ਼ ਕੈਂਪ ਜਾਂ ਕਾਮਨ ਸਰਵਿਸ ਸੈਂਟਰ ਵਿਖੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਮੌਕੇ ਇਕ ਪਰਿਵਾਰ ਦੇ 18 ਸਾਲ ਤੋਂ ਵੱਧ ਉਮਰ ਦੇ ਦੋ ਲੋਕ ਜਾਣ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਅਤੇ ਵੋਟਰ ਆਈ ਕਾਰਡ ਲਾਜ਼ਮੀ ਹੋਵੇ।
ਪਿੰਡ ਚੱਕ ਰਾਮ ਸਿੰਘ ਵਾਲਾ ਦੇ ਵਾਸੀ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਹਤ ਯੋਜਨਾ ਤਹਿਤ ਆਪਣੇ ਚੂਲੇ ਦਾ ਇਲਾਜ ਕਰਵਾਇਆ ਜਿਸ ਦਾ ਪ੍ਰਾਈਵੇਟ ਹਸਪਤਾਲ 'ਚ ਖਰਚਾ 2 ਲੱਖ ਰੁਪਏ ਦੱਸਿਆ ਗਿਆ ਸੀ। ਪਰ ਭਗਵਾਨ ਸਿੰਘ ਨੇ ਇਹ ਇਲਾਜ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਮੁਫ਼ਤ ਕਰਵਾਇਆ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਉਨ੍ਹਾਂ ਨੂੰ ਚੰਗੀ ਮਦਦ ਮਿਲੀ ਹੈ । ਸੰਦੀਪ ਕੌਰ ਵਾਸੀ ਪਿੰਡ ਰਾਈਆ ਨੇ ਦੱਸਿਆ ਕਿ ਉਨ੍ਹਾਂ 17 ਫਰਵਰੀ ਨੂੰ ਆਪਣੇ ਗੋਡੇ ਦਾ ਅਪ੍ਰੇਸ਼ਨ (ਗੋਡਾ ਬਦਲਿਆ) ਸਰਕਾਰੀ ਹਸਪਤਾਲ ਬਠਿੰਡਾ ਵਿੱਖੇ ਮੁਫ਼ਤ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਆਪਣਾ ਕਾਰਡ ਬਣਵਾਇਆ ਅਤੇ ਉਸ ਕਾਰਡ ਦੀ ਮਦਦ ਨਾਲ ਸਰਕਾਰੀ ਹਸਪਤਾਲ ਚ ਅਪ੍ਰੇਸ਼ਨ ਮੁਫ਼ਤ ਕਰਵਾਇਆ ਜਦਕਿ ਕਿ ਪ੍ਰਾਈਵੇਟ ਹਸਪਤਾਲ ਨੇ ਇਸ ਦਾ ਖਰਚਾ ਕਰੀਬ 4.50 ਲੱਖ ਰੁਪਏ ਦੱਸਿਆ ਸੀ। ਨਾਲ ਹੀ ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਵੱਲੋਂ ਉਨ੍ਹਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕੀਤੀ ਗਈ।
ਕਮਲੇਸ਼ ਕੁਮਾਰ ਸਾਬਕਾ ਐੱਮ.ਸੀ. ਰਾਮਪੁਰਾ ਫੂਲ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦੱਸਿਆ ਕਿ ਉਸ ਦੀ ਬੇਟੀ ਦਾ ਅਪ੍ਰੇਸ਼ਨ 19 ਫਰਵਰੀ ਨੂੰ ਸਫਲ ਤਰੀਕੇ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤਾ ਗਿਆ। ਪ੍ਰਾਈਵੇਟ ਹਸਪਤਾਲ ਵੱਲੋਂ 60 ਤੋਂ 70 ਹਜ਼ਾਰ ਰੁਪਏ ਦਾ ਖਰਚਾ ਦੱਸਿਆ ਗਿਆ ਸੀ। ਕਮਲੇਸ਼ ਕੁਮਾਰ ਨੇ ਆਪਣੀ ਧੀ ਦਾ ਅਪ੍ਰੇਸ਼ਨ ਮੁਫ਼ਤ ਬਿਨਾਂ ਕਿਸੇ ਲਾਗਤ ਤੋਂ ਸਰਕਾਰੀ ਸਿਵਲ ਹਸਪਤਾਲ ਰਾਮਪੁਰਾ ਵਿਖੇ ਕਰਵਾਇਆ। ਇਸੇ ਤਰ੍ਹਾਂ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਦੇ ਵਾਸੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਕੇਵਲ ਸਿੰਘ ਦੇ ਗੋਡਿਆਂ ਦਾ ਮੁਫ਼ਤ ਇਲਾਜ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਮਰੀਜ਼ ਦੀ ਚੰਗੇ ਸਾਂਭ-ਸੰਭਾਲ ਹੋਈ ਹੈ ਅਤੇ ਉਨ੍ਹਾਂ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਅੱਜ ਬੈਠਕ ਕੀਤੀ ਗਈ ਜਿਥੇ ਉਨ੍ਹਾਂ ਮੌਕੇ ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਹਦਿਅਤ ਕੀਤੀ ਕਿ ਲੋਕਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਪੂਰੀ ਤਨਦੇਹੀ ਨਾਲ ਕੀਤਾ ਜਾਵੇ ਤਾਂ ਜੋ ਕੋਈ ਵੀ ਬਠਿੰਡਾ ਵਾਸੀ ਇਸ ਸਕੀਮ ਦੇ ਲਾਹੇ ਤੋਂ ਵਾਂਝਾ ਨਾ ਰਹੇ। ਇਸ ਮੌਕੇ ਮੈਡਮ ਹਰਸ਼ਿਤਾ ਆਈ.ਏ.ਐਸ (ਯੂਟੀ), ਐਸ.ਡੀ.ਐਮ ਬਠਿੰਡਾ ਸ਼੍ਰੀ ਬਲਕਰਨ ਸਿੰਘ ਮਾਹਲ, ਐਸ.ਡੀ.ਐਮ ਰਾਮਪੁਰਾ ਵੀਰਪਾਲ ਕੌਰ, ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸੀ.ਐਸ.ਸੀ. ਦੇ ਜ਼ਿਲ੍ਹਾ ਇੰਚਾਰਜ ਸ਼੍ਰੀ ਤਰਸੇਮ ਸਿੰਘ ਬਰਾੜ ਅਤੇ ਹੋਰ ਬੈਠਕ ਵਿੱਚ ਮੌਜੂਦ ਸਨ।
Click to Follow Babushahi Facebook page →