ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਤਿਆਰ ਸਿਹਤ ਕਾਰਡ ਵੰਡਣ ਲਈ ਕੈਂਪ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2026। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਤਿਆਰ ਕੀਤੇ ਗਏ ਸਿਹਤ ਕਾਰਡ ਹੁਣ ਬਠਿੰਡਾ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਵੰਡੇ ਜਾਣਗੇ। ਇਸ ਸਬੰਧੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਅੱਜ ਹੋਟਲ ਗੋਲਡ ਸਟਾਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਸ੍ਰੀ ਰਾਜਨ ਅਮਰਦੀਪ ਸਿੰਘ ਵੀ ਮੌਜੂਦ ਸਨ। ਅਮਰਜੀਤ ਮਹਿਤਾ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਦੇ ਸਿਹਤ ਕਾਰਡ ਤਿਆਰ ਹੋ ਚੁੱਕੇ ਹਨ। ਇਨ੍ਹਾਂ ਕਾਰਡਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਬਠਿੰਡਾ ਸ਼ਹਿਰ ਵਿੱਚ ਪੜਾਅਵਾਰ ਢੰਗ ਨਾਲ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਕਾਰਡ ਪ੍ਰਾਪਤ ਕਰਨ ਲਈ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ 1 ਅਕਤੂਬਰ ਨੂੰ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਵਾਰਡ ਨੰਬਰ 46 ਵਿੱਚ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਸਿਹਤ ਕਾਰਡ ਵੰਡੇ ਜਾਣਗੇ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਆਸ਼ਾ ਵਰਕਰ ਵੀ ਮੌਜੂਦ ਰਹਿਣਗੀਆਂ, ਜੋ ਲਾਭਪਾਤਰੀਆਂ ਨੂੰ ਲੋੜੀਂਦੀ ਜਾਣਕਾਰੀ ਅਤੇ ਸਹਿਯੋਗ ਪ੍ਰਦਾਨ ਕਰਨਗੀਆਂ। ਲਾਭਪਾਤਰੀਆਂ ਨੂੰ ਫੋਨ ਰਾਹੀਂ ਸੂਚਿਤ ਕਰਕੇ ਕੈਂਪ ਵਿੱਚ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਦੇ ਸਿਹਤ ਕਾਰਡ ਵੰਡੇ ਜਾਣਗੇ।
ਸ੍ਰੀ ਅਮਰਜੀਤ ਮਹਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਲਾਭਪਾਤਰੀ ਕਿਸੇ ਮਜਬੂਰੀ ਜਾਂ ਜ਼ਰੂਰੀ ਕਾਰਨ ਕਰਕੇ ਕੈਂਪ ਵਿੱਚ ਪਹੁੰਚ ਕੇ ਆਪਣਾ ਸਿਹਤ ਕਾਰਡ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਸ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਫੋਨ ਰਾਹੀਂ ਆਪਣੀ ਅਸਮਰੱਥਾ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਬਾਅਦ ਸਬੰਧਤ ਵਿਅਕਤੀ ਤੱਕ ਉਸ ਦਾ ਸਿਹਤ ਕਾਰਡ ਘਰ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਯੋਜਨਾਵਾਂ ਬਣਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਯੋਜਨਾ ਦਾ ਲਾਭ ਅਸਲ ਲਾਭਪਾਤਰੀ ਤੱਕ ਆਸਾਨੀ ਨਾਲ ਪਹੁੰਚੇ।ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੋਚ ਹੈ ਕਿ ਸੂਬੇ ਦਾ ਹਰੇਕ ਵਿਅਕਤੀ ਤੰਦਰੁਸਤ ਅਤੇ ਖੁਸ਼ਹਾਲ ਰਹੇ ਅਤੇ ਉਸ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸੇ ਸੋਚ ਤਹਿਤ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵੀ ਲੋਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਮਹਿਤਾ ਨੇ ਕਿਹਾ ਕਿ ਸਿਹਤ ਸਬੰਧੀ ਸਹੂਲਤ ਲਈ ਕਿਸੇ ਲੋੜਵੰਦ ਪਰਿਵਾਰ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਿਆਰ ਕੀਤੇ ਗਏ ਸਿਹਤ ਕਾਰਡਾਂ ਦੀ ਵੰਡ ਕੈਂਪਾਂ ਰਾਹੀਂ ਕਰਨ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਬਠਿੰਡਾ ਸ਼ਹਿਰ ਦੇ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਕਾਰਡ ਤਿਆਰ ਹੋ ਚੁੱਕੇ ਹਨ, ਉਹ ਸਬੰਧਤ ਫੋਨ ਸੂਚਨਾ ਅਨੁਸਾਰ ਨਿਰਧਾਰਤ ਕੈਂਪ ਵਿੱਚ ਪਹੁੰਚ ਕੇ ਆਪਣਾ ਕਾਰਡ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਕੈਂਪ ਵਿੱਚ ਪਹੁੰਚਣਾ ਸੰਭਵ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਟੀਮ ਨੂੰ ਫੋਨ ਰਾਹੀਂ ਜਾਣਕਾਰੀ ਦੇ ਕੇ ਘਰ ’ਤੇ ਕਾਰਡ ਪਹੁੰਚਾਉਣ ਦੀ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ।
- Download Babushahi App
-
-