ਮੁੱਖ ਮੰਤਰੀ ਦੀ ਫੇਰੀ ਦੇ ਚਲਦੇ ਕੱਲ ਡਰੋਨ ਕੈਮਰਿਆਂ ਨੂੰ ਚਲਾਉਣ ਅਤੇ ਉਡਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 25 ਨਵੰਬਰ 2025- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਮਿਤੀ 26 ਨਵੰਬਰ ਨੂੰ ਸਵੇਰੇ 10.00 ਵਜੇ "ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿਲਜ਼ ਲਿਮਟਿਡ ਪਨਿਆੜ, ਜਿਲ੍ਹਾ ਗੁਰਦਾਸਪੁਰ" ਵਿਖੇ 5000 ਟੀ.ਸੀ.ਡੀ ਤੱਕ ਦੀ ਸਮਰੱਥਾ ਦੀ ਰਿਫਾਂਇਡ ਸਲਫਰ ਰਹਿਤ ਨਵੀਂ ਸੂਗਰ ਮਿੱਲ ਅਤੇ ਕੋ-ਜਨਰੇਸ਼ਨ ਪਲਾਂਟ ਦਾ ਉਦਘਾਟਨ ਕਰਨ ਲਈ ਅਤੇ ਇਸ ਤੋਂ ਬਾਅਦ 11.00 ਵਜੇ "ਗੁਰਦਾਸਪੁਰ ਰੋਡ, ਨਜਦੀਕ ਮੇਨ ਰੋਡ ਕੋਰੀਡੋਰ, ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਵਿਖੇ" ਪਧਾਰ ਰਹੇ ਹਨ।
ਇਸ ਦੇ ਮੱਦੇ ਨਜ਼ਰ ਹਰ ਤਰ੍ਹਾਂ ਦੇ ਪੁੱਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਲਾਜਮੀ ਹਨ, ਤਾਂ ਜੋ ਕੋਈ ਵੀ ਅਣ-ਸੁਖਾਂਵੀ ਘਟਨਾਂ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ। ਇਸ ਦੇ ਤਹਿਤ ਡਰੋਨ ਕੈਮਰਿਆਂ ਨੂੰ ਚਲਾਉਣ/ਉਡਾਉਣ ਤੇ ਪਾਬੰਦੀ ਲਗਾਉਣੀ ਵੀ ਜਰੂਰੀ ਬਣ ਜਾਂਦੀ ਹੈ, ਕਿਉਂਕਿ ਡਰੋਨ ਕੈਮਰਿਆ ਦਾ ਫਾਇਦਾ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰ ਕਿਸੇ ਮੰਦਭਾਗੀ ਘਟਨਾਂ ਨੂੰ ਅੰਜਾਮ ਦੇ ਸਕਦੇ ਹਨ।
ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ, ਅਦਿੱਤਿਆ ਉੱਪਲ, ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਮਿਤੀ 26.11.2025 ਨੂੰ ਡਰੋਨ ਕੈਮਰਿਆਂ ਨੂੰ ਚਲਾਉਣ ਅਤੇ ਉਡਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ।