ਮੁੰਡਿਆਂ ਤੇ ਕੁੜੀਆਂ ਦੇ ਗਰੋਹ ਨੇ ਚਾਕੂ ਦੀ ਨੋਕ ’ਤੇ ਟਰੱਕ ਡਰਾਈਵਰ ਨੂੰ ਲੁੱਟਿਆ, ਹਮਲਾ ਕਰਕੇ ਕੀਤਾ ਜ਼ਖਮੀ
ਰੌਲਾ ਪਾ ਕੇ ਪਿੱਛਾ ਕਰਨ ’ਤੇ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਕੀਤਾ ਪੁਲਸ ਹਵਾਲੇ
ਰੋਹਿਤ ਗੁਪਤਾ
ਗੁਰਦਾਸਪੁਰ :
ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੋਖੂਵਾਲ ਬਾਈਪਾਸ ਨੇੜੇ ਅਣਪਛਾਤੇ ਮੁੰਡਿਆਂ ਅਤੇ ਕੁੜੀਆਂ ਨੇ ਟਰਾਲਾ ਡਰਾਈਵਰ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਜਖਮੀ ਡਰਾਈਵਰ ਵੱਲੋਂ ਰੌਲਾ ਪਾਏ ਜਾਣ ’ਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਬੁੱਧੂ ਰਾਮ ਪੁੱਤਰ ਰਾਜੂ ਰਾਮ ਵਾਸੀ ਰਾਜਸਥਾਨ ਨੇ ਦੱਸਿਆ ਕਿ ਉਹ ਟਰਾਲਾ ਡਰਾਈਵਰ ਹੈ ਅਤੇ ਮੰਗਲਵਾਰ ਨੂੰ ਉਹ ਟਰਾਲੇ ’ਤੇ ਸੀਮੇਂਟ ਲੱਦ ਕੇ ਪਠਾਨਕੋਟ ਵੱਲ ਜਾ ਰਿਹਾ ਸੀ। ਜਦੋਂ ਉਹ ਬਟਾਲਾ ਸਥਿਤ ਗੋਖੂਵਾਲ ਬਾਈਪਾਸ ਸਥਿਤ ਪਿੰਡ ਅਹਿਮਦਾਬਾਦ ਨੇੜੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਉਸਦੇ ਟਰਾਲੇ ਦੇ ਟਾਇਰਾਂ ਵਿਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਨੂੰ ਉੱਤਰ ਕੇ ਦੇਖਣ ਲੱਗਾ ਤਾਂ ਇੰਨੇ ਨੂੰ ਦੋ ਨੌਜਵਾਨ ਤੇ ਦੋ ਲੜਕੀਆਂ ਆਈਆਂ, ਜਿੰਨ੍ਹਾਂ ਕੋਲ ਚਾਕੂ ਸਨ। ਉਕਤ ਡਰਾਈਵਰ ਨੇ ਅੱਗੇ ਦੱਸਿਆ ਕਿ ਉਕਤ ਲੜਕੇ ਅਤੇ ਲੜਕੀਆਂ ਨੇ ਉਸ ਤੇ ਚਾਕੂਆਂ ਨਾਲ ਵਾਰ ਕੀਤਾ, ਜਿਸ ’ਤੇ ਉਸ ਵਲੋਂ ਬਾਂਹ ਅੱਗੇ ਕਰਕੇ ਆਪਣਾ ਬਚਾਅ ਕੀਤਾ ਪਰ ਇਸ ਦੌਰਾਨ ਉਸਦੀ ਬਾਂਹ ਤੇ ਚਾਕੂ ਲੱਗਣ ਨਾਲ ਉਹ ਜ਼ਖਮੀ ਹੋ ਗਿਆ । ਉਸ ਨੇ ਅੱਗੇ ਦੱਸਿਆ ਕਿ ਉਕਤ ਮੁੰਡੇ ਤੇ ਕੁੜੀਆਂ ਉਸ ਕੋਲੋਂ 8 ਹਜ਼ਾਰ ਰੁਪਏ ਜੋ ਕਿ ਉਸਦੀ ਜੈਕੇਟ ਵਿਚ ਸਨ, ਖੋਹ ਕੇ ਖੇਤਾਂ ਵੱਲ ਨੂੰ ਭੱਜ ਗਏ, ਜਿਸ ’ਤੇ ਉਸ ਵਲੋਂ ਰੌਲਾ ਪਾਏ ਜਾਣ ’ਤੇ ਲੋਕ ਇਕੱਠੇ ਹੋ ਗਏ, ਜਿੰਨ੍ਹਾਂ ਦੀ ਮਦਦ ਨਾਲ ਖੋਹ ਕਰਨ ਵਾਲੇ ਲੜਕੇ-ਲੜਕੀਆਂ ਕਾਬੂ ਕਰ ਲਿਆ ਅਤੇ ਫਿਰ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਹਵਾਲੇ ਕਰ ਦਿੱਤਾ। ਜ਼ਖਮੀ ਡਰਾਈਵਰ ਬੁੱਧੂ ਰਾਮ ਨੂੰ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ। ਇਸ ਸਬੰਧੀ ਜਦੋਂ ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਟਰਾਲਾ ਡਰਾਈਵਰ ਦੇ ਬਿਆਨ ਏਐਸਆਈ ਇਕਬਾਲ ਸਿੰਘ ਵੱਲੋਂ ਕਲਮਬੰਦ ਕਰ ਲਏ ਹਨ । ਥਾਣਾ ਮੁਖੀ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।