ਭਾਜਪਾ ਪੰਜਾਬ 'ਚ ਜਬਰ-ਜਨਾਹ ਦੇ ਦੋਸ਼ੀਆਂ ਅਤੇ ਭ੍ਰਿਸ਼ਟ ਆਗੂਆਂ ਨੂੰ ਕਰ ਰਹੀ ਹੈ ਸ਼ਾਮਲ : ਅਮਨ ਅਰੋੜਾ
ਪੰਜਾਬ ਵਿੱਚ ਭਾਜਪਾ ਕੋਲ ਕੋਈ ਲੀਡਰਸ਼ਿਪ, ਏਜੰਡਾ ਜਾਂ ਸਿਆਸੀ ਆਧਾਰ ਨਹੀਂ ਹੈ: ਅਮਨ ਅਰੋੜਾ
ਅਜਿਹੇ ਦਾਗੀ ਆਗੂਆਂ ਦੇ ਦਮ 'ਤੇ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਭਾਜਪਾ ਦਾ ਸੁਪਨਾ 'ਮੁੰਗੇਰੀ ਲਾਲ ਕੇ ਹਸੀਨ ਸਪਨੇ' ਵਾਂਗ ਹੈ: ਅਮਨ ਅਰੋੜਾ
ਇੱਕ ਵਿਧਾਇਕ ਜਬਰ-ਜਨਾਹ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ, ਦੂਜੇ ਨੇ ਮਾਸੂਮ ਬੱਚਿਆਂ ਦੀ ਮੌਤ 'ਤੇ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ, ਭਾਜਪਾ ਉਨ੍ਹਾਂ ਦੇ ਸ਼ਾਮਲ ਹੋਣ ਦਾ ਜਸ਼ਨ ਮਨਾ ਰਹੀ ਹੈ: ਬਲਤੇਜ ਪੰਨੂ
ਚੰਡੀਗੜ੍ਹ 2 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਜਬਰ-ਜਨਾਹ ਦੇ ਦੋਸ਼ਾਂ, ਗੰਭੀਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਪੰਜਾਬ ਪੁਲਿਸ 'ਤੇ ਫਾਇਰਿੰਗ ਵਰਗੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਆਗੂਆਂ ਦੇ ਸਹਾਰੇ ਪੰਜਾਬ ਜਿੱਤਣਾ ਚਾਹੁੰਦੀ ਹੈ।
ਪਾਰਟੀ ਨੇ ਕਿਹਾ ਕਿ ਪੰਜਾਬ ਵਿੱਚ ਆਪਣੀ ਲੀਡਰਸ਼ਿਪ ਅਤੇ ਸੰਗਠਨਾਤਮਕ ਆਧਾਰ ਬਣਾਉਣ ਦੀ ਬਜਾਏ, ਭਾਜਪਾ ਉਨ੍ਹਾਂ ਵਿਅਕਤੀਆਂ ਨੂੰ ਸ਼ਾਮਲ ਕਰ ਰਹੀ ਹੈ ਜਿਨ੍ਹਾਂ ਨੂੰ ਹੋਰ ਰਾਜਨੀਤਿਕ ਪਾਰਟੀਆਂ ਵੱਲੋਂ ਉਨ੍ਹਾਂ ਦੇ ਆਚਰਨ ਕਾਰਨ ਪਹਿਲਾਂ ਹੀ ਮੁਅੱਤਲ, ਬਰਖਾਸਤ ਜਾਂ ਦੂਰ ਕਰ ਦਿੱਤਾ ਗਿਆ ਸੀ। 'ਆਪ' ਨੇ ਇਸ਼ਾਰਾ ਕੀਤਾ ਕਿ ਉਸ ਨੇ ਆਪਣੇ ਵਿਧਾਇਕਾਂ ਵਿਰੁੱਧ ਕਾਰਵਾਈ ਕੀਤੀ ਸੀ, ਜਦੋਂ ਕਿ ਭਾਜਪਾ ਅਜਿਹੇ ਵਿਅਕਤੀਆਂ ਦਾ ਆਪਣੀ ਪਾਰਟੀ ਵਿੱਚ ਸਵਾਗਤ ਕਰ ਰਹੀ ਹੈ।
ਇੱਕ ਬਿਆਨ ਵਿੱਚ, ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਨੂੰ ਇਸ ਲਈ ਸ਼ਾਮਲ ਕਰ ਰਹੀ ਹੈ ਕਿਉਂਕਿ ਪੰਜਾਬ ਵਿੱਚ ਉਸ ਕੋਲ ਲੀਡਰਸ਼ਿਪ, ਏਜੰਡਾ ਅਤੇ ਸੰਗਠਨਾਤਮਕ ਆਧਾਰ ਦੀ ਘਾਟ ਹੈ। ਉਨ੍ਹਾਂ ਕਿਹਾ, “ਕੱਲ੍ਹ ਪੰਜਾਬ ਨੇ ਦੇਖਿਆ ਕਿ ਭਾਜਪਾ ਦੂਜੀਆਂ ਪਾਰਟੀਆਂ ਦੇ ਉਨ੍ਹਾਂ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ ਜੋ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਚਾਹੇ ਉਹ ਭ੍ਰਿਸ਼ਟਾਚਾਰ, ਜਬਰ-ਜਨਾਹ ਜਾਂ ਪੁਲਿਸ 'ਤੇ ਫਾਇਰਿੰਗ ਦੀਆਂ ਘਟਨਾਵਾਂ ਨਾਲ ਸਬੰਧਤ ਹੋਣ। ਭਾਜਪਾ ਕੋਲ ਪੰਜਾਬ ਵਿੱਚ ਨਾ ਤਾਂ ਲੀਡਰਸ਼ਿਪ ਹੈ, ਨਾ ਕੋਈ ਏਜੰਡਾ ਹੈ ਅਤੇ ਨਾ ਹੀ ਕੋਈ ਰਾਜਨੀਤਿਕ ਆਧਾਰ ਹੈ, ਇਸੇ ਲਈ ਉਹ ਅਜਿਹੇ ਵਿਅਕਤੀਆਂ ਨੂੰ ਸ਼ਾਮਲ ਕਰਨ ਦਾ ਸਹਾਰਾ ਲੈ ਰਹੀ ਹੈ।”
ਅਮਨ ਅਰੋੜਾ ਨੇ ਅੱਗੇ ਕਿਹਾ, “ਪੰਜਾਬ ਦੇ ਲੋਕ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ। ਜੇਕਰ ਭਾਜਪਾ ਨੂੰ ਲੱਗਦਾ ਹੈ ਕਿ ਉਹ ਅਜਿਹੇ ਵਿਅਕਤੀਆਂ ਦੇ ਭਰੋਸੇ ਪੰਜਾਬ 'ਚ ਸਰਕਾਰ ਬਣਾ ਸਕਦੀ ਹੈ ਤਾਂ ਇਹ 'ਮੁੰਗੇਰੀ ਲਾਲ ਕੇ ਹਸੀਨ ਸਪਨੇ' ਤੋਂ ਵੱਧ ਕੁਝ ਨਹੀਂ ਹੈ। ਪੂਰੇ ਸੂਬੇ ਨੇ ਭਾਜਪਾ ਦੀਆਂ ਪੰਜਾਬ ਵਿਰੋਧੀ ਮਨਸ਼ਾਵਾਂ ਨੂੰ ਦੇਖ ਲਿਆ ਹੈ।”
ਇਸ ਦੌਰਾਨ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਉਨ੍ਹਾਂ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਜਸ਼ਨ ਮਨਾ ਰਹੀ ਹੈ ਜਿਨ੍ਹਾਂ ਤੋਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਆਚਰਨ ਕਾਰਨ ਪਹਿਲਾਂ ਹੀ ਦੂਰੀ ਬਣਾ ਲਈ ਸੀ। ਉਨ੍ਹਾਂ ਕਿਹਾ, “ਭਾਜਪਾ ਉਨ੍ਹਾਂ ਤਿੰਨ ਵਿਧਾਇਕਾਂ ਨੂੰ ਸ਼ਾਮਲ ਕਰਨ ਤੋਂ ਬਹੁਤ ਖੁਸ਼ ਹੈ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਲਾਂਭੇ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਜਬਰ-ਜਨਾਹ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਦੂਜੇ ਨੇ ਮਾਸੂਮ ਬੱਚਿਆਂ ਦੀ ਜਾਨ ਜਾਣ 'ਤੇ ਵੀ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਇਹੋ ਕਾਰਨ ਸਨ ਕਿ ਪਾਰਟੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਸੀ ਅਤੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ।”
ਬਲਤੇਜ ਪੰਨੂ ਨੇ ਅੱਗੇ ਕਿਹਾ, “ਦੋ ਜਾਂ ਤਿੰਨ ਵਿਅਕਤੀਆਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਸਾਡੀ ਪਾਰਟੀ ਆਪਣੇ ਸਿਧਾਂਤਾਂ ਅਤੇ ਪੰਜਾਬ ਪ੍ਰਤੀ ਆਪਣੀ ਵਚਨਬੱਧਤਾ 'ਤੇ ਕਾਇਮ ਹੈ। ਕੋਈ ਵੀ ਵਿਅਕਤੀ ਸੰਗਠਨ ਨਾਲੋਂ ਵੱਡਾ ਨਹੀਂ ਹੁੰਦਾ।”
ਇੱਕ ਬਿਆਨ ਵਿੱਚ 'ਆਪ' ਨੇ ਕਿਹਾ, “ਆਮ ਆਦਮੀ ਪਾਰਟੀ ਦਾ ਗਠਨ ਦੇਸ਼ ਦੀ ਰਾਜਨੀਤੀ ਨੂੰ ਬਦਲਣ ਅਤੇ ਇਸ ਨੂੰ ਭ੍ਰਿਸ਼ਟਾਚਾਰ, ਅਵਸਰਵਾਦ ਅਤੇ ਸੱਤਾ ਦੀ ਰਾਜਨੀਤੀ ਤੋਂ ਮੁਕਤ ਕਰਨ ਲਈ ਕੀਤਾ ਗਿਆ ਸੀ। ਸਾਡੇ ਲਈ ਪੰਜਾਬ ਦੇ ਹਿੱਤ ਹਮੇਸ਼ਾ ਨਿੱਜੀ ਆਗੂਆਂ, ਰਾਜਨੀਤਿਕ ਅਹੁਦਿਆਂ ਜਾਂ ਪਾਰਟੀ ਦੇ ਲਹਾਅ-ਫਾਇਦਿਆਂ ਤੋਂ ਉੱਪਰ ਰਹੇ ਹਨ। ਜਦੋਂ ਵੀ ਸਾਡੇ ਸੰਗਠਨ ਅੰਦਰ ਕਿਸੇ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕੀਤਾ ਹੈ ਜਾਂ ਪਾਰਟੀ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ, ਅਸੀਂ ਬਿਨਾਂ ਕਿਸੇ ਝਿਜਕ ਦੇ ਕਾਰਵਾਈ ਕੀਤੀ ਹੈ। ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਪਾਰਟੀ ਦੇ ਸਿਧਾਂਤਾਂ ਜਾਂ ਪੰਜਾਬ ਦੇ ਹਿੱਤਾਂ ਤੋਂ ਵੱਡਾ ਨਹੀਂ ਹੈ।”
ਪਾਰਟੀ ਨੇ ਅੱਗੇ ਕਿਹਾ, “ਭਾਜਪਾ ਦਾ ਰਵੱਈਆ ਇਸ ਦੇ ਬਿਲਕੁਲ ਉਲਟ ਹੈ। ਪੰਜਾਬ ਦੇ ਲੋਕਾਂ ਵਿਚਕਾਰ ਸੰਗਠਨ ਬਣਾਉਣ ਜਾਂ ਜਨਤਕ ਸੇਵਾ ਰਾਹੀਂ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਬਜਾਏ, ਉਹ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਨਕਾਰੇ, ਮੁਅੱਤਲ ਜਾਂ ਹਟਾਏ ਗਏ ਆਗੂਆਂ ਨੂੰ ਇਕੱਠਾ ਕਰਨ ਵਿੱਚ ਮਸਰੂਫ਼ ਹੈ। ਭਾਜਪਾ ਨੇ ਅਸਲ ਵਿੱਚ ਆਪਣੇ ਆਪ ਨੂੰ ਇੱਕ 'ਕਬਾੜ ਦੀ ਦੁਕਾਨ' ਬਣਾ ਲਿਆ ਹੈ, ਜਿੱਥੇ ਰਾਜਨੀਤਿਕ ਤੌਰ 'ਤੇ ਛਾਂਟੇ ਗਏ ਵਿਅਕਤੀਆਂ ਦੇ ਆਚਰਨ ਜਾਂ ਪਿਛਲੇ ਕੰਮਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।”
- Download Babushahi App
-
-