ਭਗਵੰਤ ਮਾਨ ਸਰਕਾਰ ਵੱਲੋਂ ਮਾਨਸਾ ਵਿਖੇ 'ਸਤਿਕਾਰ ਘਰ' ਦਾ ਉਦਘਾਟਨ
ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਨਾਲ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ
Babushahi Network
ਚੰਡੀਗੜ੍ਹ, 21 ਜਨਵਰੀ 2026- ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ 'ਸਤਿਕਾਰ ਘਰ' ਦਾ ਉਦਘਾਟਨ ਕੀਤਾ ਗਿਆ ਹੈ, ਜੋ ਬਜ਼ੁਰਗਾਂ ਲਈ ਇੱਕ ਮਜ਼ਬੂਤ ਅਤੇ ਮਨੁੱਖੀ ਸਮਾਜਿਕ ਸੁਰੱਖਿਆ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵੱਲ ਇੱਕ ਹੋਰ ਅਹਿਮ ਕਦਮ ਹੈ। ਇਹ ਸਹੂਲਤ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਰਿਵਾਰਕ ਸਹਾਇਤਾ ਤੋਂ ਸਖਣੇ ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਰਿਹਾਇਸ਼ੀ ਦੇਖਭਾਲ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦਿੱਤੀ ਜਾ ਰਹੀ ਹੈ।
'ਸਤਿਕਾਰ ਘਰ' ਪਹਿਲਕਦਮੀ ਜ਼ਿਲ੍ਹਾ ਪੱਧਰ 'ਤੇ ਬਜ਼ੁਰਗਾਂ ਦੀ ਦੇਖਭਾਲ, ਸੁਰੱਖਿਆ ਅਤੇ ਭਾਵਨਾਤਮਕ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਿਆਪਕ ਵਚਨਬੱਧਤਾ ਨੂੰ ਦਰਸਾਉਂਦੀ ਹੈ। ਲੰਬੇ ਸਮੇਂ ਤੋਂ ਢਾਂਚਾਗਤ ਸੰਸਥਾਗਤ ਸਹਾਇਤਾ ਦੀ ਉਡੀਕ ਕਰ ਰਹੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਸਮਰਪਿਤ ਰਿਹਾਇਸ਼ੀ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾ ਕੇ ਉਨ੍ਹਾਂ ਦੀਆਂ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।
ਮਾਨਸਾ ਵਿਖੇ 28 ਕਨਾਲਾਂ ਵਿੱਚ ਫੈਲਿਆ ਸੀਨੀਅਰ ਸਿਟੀਜ਼ਨ ਹੋਮ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਕੁੱਲ 72 ਬਜ਼ੁਰਗਾਂ ਦੇ ਠਹਿਰ ਦੀ ਸਮਰੱਥਾ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ 'ਤੇ ਸਮਾਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਹਨ ਅਤੇ ਹਰੇਕ ਮੰਜ਼ਿਲ 'ਤੇ ਸੱਤ ਕਮਰਿਆਂ ਵਿੱਚ 24 ਬਜ਼ੁਰਗ ਠਹਿਰ ਸਕਦੇ ਹਨ। ਇਹ ਲੇਆਉਟ ਸਾਰੇ ਬਜ਼ੁਰਗਾਂ ਲਈ ਪਹੁੰਚਯੋਗਤਾ, ਆਰਾਮ ਅਤੇ ਠਹਿਰ ਦੀ ਸਮਾਨਤਾ ਨੂੰ ਯਕੀਨੀ ਬਣਾਉਂਦਾ ਹੈ।
ਇਨ੍ਹਾਂ ਬਜ਼ੁਰਗਾਂ ਲਈ ਸੁਚਾਰੂ ਕੰਮਕਾਜ ਅਤੇ ਨਿਰੰਤਰ ਦੇਖਭਾਲ ਨੂੰ ਯਕੀਨੀ ਬਣਾਉਣ ਲਈ 19 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਦੇਖਭਾਲ, ਰੱਖ-ਰਖਾਅ ਅਤੇ ਪ੍ਰਬੰਧਕੀ ਲੋੜਾਂ ਨੂੰ ਕਵਰ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਬਜ਼ੁਰਗਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਉਣ ਲਈ ਆਊਟਸੋਰਸਡ ਸਟਾਫ਼ ਜ਼ਰੀਏ ਕਾਰਜਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਜੀਵਨ ਦੇ ਹਰ ਪੜਾਅ 'ਤੇ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਦੇ ਉਦੇਸ਼ ਨਾਲ ਮਾਨਸਾ ਵਿਖੇ 'ਸਤਿਕਾਰ ਘਰ' ਦਾ ਉਦਘਾਟਨ ਪੰਜਾਬ ਸਰਕਾਰ ਦੇ ਸਮਾਵੇਸ਼ੀ ਸ਼ਾਸਨ ਅਤੇ ਬਜ਼ੁਰਗਾਂ ਦੀ ਭਲਾਈ 'ਤੇ ਕੇਂਦਰਿਤ ਹੈ। ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਜਨਤਕ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ ਜੋ ਉਨ੍ਹਾਂ ਲਈ ਮਾਣ, ਦੇਖਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਬਰਕਰਾਰ ਰੱਖਦੇ ਹਨ, ਜਿਸ ਵਿੱਚ ਸੀਨੀਅਰ ਸਿਟੀਜ਼ਨ ਹੋਮ ਇਸ ਪਹੁੰਚ ਦੇ ਇੱਕ ਮੁੱਖ ਥੰਮ੍ਹ ਵਜੋਂ ਉਭਰਿਆ ਹੈ।