ਬਿਜਲੀ ਸੋਧ ਬਿੱਲ 2025 ਅਤੇ ਚਾਰ ਲੇਬਰ ਕੋਡਾਂ ਖਿਲਾਫ਼ 12 ਫਰਵਰੀ ਨੂੰ ਬਿਜਲੀ ਕਾਮੇ ਕਰਨਗੇ ਹੜਤਾਲ
- ਪੈਨਸ਼ਨਰਜ਼ ਜਥੇਬੰਦੀਆਂ ਦੇ ਵਰਕਰ ਕਾਲੇ ਬਿੱਲੇ ਲਗਾ ਕੇ ਕਰਨਗੇ ਰੋਸ ਪ੍ਰਦਰਸ਼ਨ
ਰਵੀ ਜੱਖੂ
ਲੁਧਿਆਣਾ 5 ਫਰਵਰੀ 2026- ਕੇਂਦਰ ਦੀ ਮੋਦੀ ਸਰਕਾਰ ਦੀਆਂ ਪੂੰਜੀਪਤੀਆਂ ਦੇ ਹਿੱਤ ਸੁਰੱਖਿਅਤ ਰੱਖਣ ਵਾਲੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 10 ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਦੇ ਦੇਸ਼ ਵਿਆਪੀ ਸੱਦੇ ਅਤੇ ਸਯੁੰਕਤ ਕਿਸਾਨ ਮੋਰਚੇ ਦੀ ਡਟਵੀਂ ਹਮਾਇਤ ਪ੍ਰਾਪਤ 12 ਫਰਵਰੀ ਦੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਵਿੱਚ ਪਾਵਰਕਾਮ ਅਤੇ ਟ੍ਰਾਂਸਕੋ ਦੇ ਬਿਜਲੀ ਕਾਮੇ ਵੱਧ ਚੜ ਕੇ ਹਿੱਸਾ ਲੈ ਕੇ ਪਾਵਰ ਸੈਕਟਰ ਦਾ ਭੋਗ ਪਾਉਣ ਵਾਲੇ ਬਿਜਲੀ ਸੋਧ ਬਿੱਲ 2025 ਅਤੇ ਦੇਸ਼ ਵਿੱਚ ਧੱਕੇ ਨਾਲ ਚਾਰ ਲੇਬਰ ਕੋਡ ਲਾਗੂ ਕਰਨ ਸਮੇਤ ਲੋਕ ਵਿਰੋਧੀ ਨੀਤੀਆਂ ਦਾ ਜ਼ਬਰਦਸਤ ਵਿਰੋਧ ਕਰਨਗੇ ।
ਇਸੇ ਤਰ੍ਹਾਂ ਪਾਵਰਕਾਮ ਦੀਆਂ ਪੈਨਸ਼ਨਰਜ਼ ਜਥੇਬੰਦੀਆਂ ਦੇ ਵਰਕਰ ਕਾਲੇ ਬਿੱਲੇ ਲਗਾ ਕੇ ਸਮੁੱਚੇ ਪੰਜਾਬ ਵਿੱਚ ਸੰਘਰਸ਼ਸ਼ੀਲ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਕੇ ਹਾਕਮਾਂ ਦੀਆਂ ਦੇਸ਼ ਗਹਿਣੇ ਪਾਉਣ ਵਾਲੀਆਂ ਨੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨਗੇ। ਇਸ ਸਬੰਧੀ ਫੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੇ ਥੜੇ ਵਿੱਚ ਸ਼ਾਮਲ ਜਥੇਬੰਦੀਆਂ ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ , ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ , ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ , ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ ) ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੇ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਸਹਿਮਤੀ ਨਾਲ ਲਿਆ ।
ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਤਬਾਹ ਕਰਕੇ ਕਰਾਸ ਸਬਸਿਡੀਆਂ ਨੂੰ ਵੀ ਹੜੱਪ ਜਾਵੇਗਾ । ਜਿਸ ਨਾਲ ਬਿਜਲੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ । ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹੱਥਾਂ ਵਿੱਚ ਦੇਣ ਦੀਆਂ ਨੀਤੀਆਂ ਨਾਲ ਠੇਕਾ ਪ੍ਰਣਾਲੀ ਨੂੰ ਬੜਾਵਾ ਮਿਲੇਗਾ ਅਤੇ ਪੱਕੇ ਰੁਜ਼ਗਾਰ ਦਾ ਖਾਤਮਾ ਹੋ ਜਾਵੇਗਾ। ਮੁਲਾਜ਼ਮ ਆਗੂਆਂ ਨੇ ਮਿਹਨਤਕਸ਼ ਜਮਾਤ ਦਾ ਪੱਖ ਪੂਰਨ ਵਾਲੇ 29 ਕਿਰਤ ਕਾਨੂੰਨ ਖਤਮ ਕਰਕੇ ਦੇਸ਼ ਵਿੱਚ ਧੱਕੇ ਨਾਲ ਲਾਗੂ ਕੀਤੇ ਚਾਰ ਲੇਬਰ ਕੋਡਾਂ ਦੀ ਵੀ ਜੋਰਦਾਰ ਨਿੰਦਾ ਕੀਤੀ ।
ਇਸ ਮੀਟਿੰਗ ਵਿੱਚ ਹਾਜ਼ਰ ਆਗੂਆਂ ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ , ਕੁਲਵਿੰਦਰ ਸਿੰਘ ਢਿੱਲੋਂ , ਬਲਦੇਵ ਸਿੰਘ ਮੰਡਾਲੀ , ਸੁਖਵਿੰਦਰ ਸਿੰਘ ਚਾਹਲ , ਸਰਿੰਦਰਪਾਲ ਲਹੌਰੀਆ, ਦਵਿੰਦਰ ਸਿੰਘ ਪਿਸੋਰ, ਹਰਮਨਦੀਪ , ਜਰਨੈਲ ਸਿੰਘ , ਰਵੇਲ ਸਿੰਘ ਸਹਾਏਪੁਰ , ਰਾਧੇਸ਼ਿਆਮ , ਬਾਬਾ ਅਮਰਜੀਤ ਸਿੰਘ , ਕੌਰ ਸਿੰਘ ਸੋਹੀ , ਦਲੀਪ ਕੁਮਾਰ , ਪਵਨਪ੍ਰੀਤ ਸਿੰਘ , ਗੁਰਪਿਆਰ ਸਿੰਘ ਆਦਿ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦਾ ਅਹਿਦ ਕਰਦਿਆਂ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕੇ ਜੇਕਰ ਬਿਜਲੀ ਸੋਧ ਬਿੱਲ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਿਨ ਨੂੰ ਕਾਲਾ ਦਿਨ ਮੰਨ ਕੇ ਜਬਰਦਸਤ ਵਿਰੋਧ ਕੀਤਾ ਜਾਵੇਗਾ ।
ਆਗੂਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਦੀ ਮੁਲਾਜ਼ਮ ਮਸਲਿਆਂ ਨੂੰ ਮੰਨ ਕੇ ਲਾਗੂ ਨਾਂ ਕੀਤੇ ਜਾਣ ਲਈ ਜੋਰਦਾਰ ਨਿੰਦਾ ਕਰਦਿਆਂ ਤਾੜਨਾ ਕੀਤੀ ਕੇ ਜੇਕਰ ਮੀਟਿੰਗਾਂ ਵਿੱਚ ਹੋਈਆਂ ਸਹਿਮਤੀਆਂ ਨੂੰ ਇੰਨ - ਬਿੰਨ ਲਾਗੂ ਨਾਂ ਕੀਤਾ ਗਿਆ ਅਤੇ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਨੀਤੀ ਦਾ ਹੋਈਆਂ ਸਹਿਮਤੀਆਂ ਮੁਤਾਬਕ ਤਿਆਗ ਨਾਂ ਕੀਤਾ ਗਿਆ ਤਾਂ ਮੈਨੇਜਮੈਂਟ ਖਿਲਾਫ਼ ਮੁੜ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।