ਬਾਰ ਐਸੋਸੀਏਸ਼ਨ ਮਾਨਸਾ ਦੇ ਵਫਦ ਵੱਲੋਂ ਦਿਲਜੋਤ ਦੀ ਮੌਤ ਸਬੰਧੀ ADCP ਲੁਧਿਆਣਾ ਨਾਲ ਮੁਲਾਕਾਤ
ਅਸ਼ੋਕ ਵਰਮਾ
ਮਾਨਸਾ, 21 ਜਨਵਰੀ 2026 :ਮਾਨਸਾ ਬਾਰ ਐਸੋਸੀਏਸ਼ਨ ਦੇ ਇੱਕ ਵਫਦ ਨੇ ਦਿਲਜੋਤ ਸ਼ਰਮਾ ਦੀ ਸ਼ੱਕੀ ਮੌਤ ਦੇ ਮਾਮਲੇ ਸਬੰਧੀ ADCP ਲੁਧਿਆਣਾ ਸ੍ਰੀ ਜਸ਼ਨਦੀਪ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ। ਇਸ ਵਫਦ ਦੀ ਅਗਵਾਈ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਦਾਸ ਸਿੰਘ ਮਾਨ ਨੇ ਕੀਤੀ। ਵਫਦ ਵਿੱਚ ਐਡਵੋਕੇਟ ਸ੍ਰੀ ਗੁਰਲਾਭ ਸਿੰਘ ਮਾਹਲ, ਐਡਵੋਕੇਟ ਸ੍ਰੀ ਮਨਿੰਦਰ ਸਿੰਘ, ਐਡਵੋਕੇਟ ਬਲਵੀਰ ਕੌਰ ਅਤੇ ਐਡਵੋਕੇਟ ਨੀਸ਼ ਵੀ ਸ਼ਾਮਲ ਸਨ।
ਮੁਲਾਕਾਤ ਦੌਰਾਨ ADCP ਲੁਧਿਆਣਾ ਵੱਲੋਂ ਵਫਦ ਨੂੰ ਜਾਣਕਾਰੀ ਦਿੱਤੀ ਗਈ ਕਿ ਮਾਮਲੇ ਨਾਲ ਸਬੰਧਿਤ ਵਿਸਰਾ ਰਿਪੋਰਟ ਹਾਲੇ ਪ੍ਰਾਪਤ ਹੋਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ DMC ਹਸਪਤਾਲ ਦੇ ਰਿਕਾਰਡ ਅਨੁਸਾਰ ਦਿਲਜੋਤ ਸ਼ਰਮਾ ਨੂੰ ਪੈਨਕ੍ਰਿਆਸ ਨਾਲ ਸਬੰਧਿਤ ਬਿਮਾਰੀ ਕਾਰਨ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਇੱਕ ਸੁਸਾਇਡ ਨੋਟ ਮਿਲਣ ਦੀ ਵੀ ਪੁਸ਼ਟੀ ਕੀਤੀ ਗਈ, ਜਿਸ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਲੋੜੀਂਦੇ ਯਤਨ ਜਾਰੀ ਹਨ।
ਇਸ ਸੰਦਰਭ ਵਿੱਚ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਕਿ ਮਾਮਲੇ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਫ਼ੋਨ ਨੰਬਰਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਦਿਲਜੋਤ ਸ਼ਰਮਾ ਨਾਲ ਹੋਈਆਂ ਸੰਬੰਧਿਤ ਚੈਟਾਂ ਦਾ ਰਿਕਾਰਡ ਹਾਸਲ ਕੀਤਾ ਜਾਵੇ। ਨਾਲ ਹੀ, ਵਿਸਰਾ ਰਿਪੋਰਟ ਜਲਦੀ ਤੋਂ ਜਲਦੀ ਮੰਗਵਾਉਣ ਅਤੇ ਸੁਸਾਇਡ ਨੋਟ ਦੇ ਦਸਤਖਤਾਂ ਦਾ ਮਿਲਾਣ ਦਿਲਜੋਤ ਕੌਰ ਦੇ ਸਰਕਾਰੀ ਰਿਕਾਰਡਾਂ, ਜਿਵੇਂ ਕਿ ਬੈਂਕ ਦਸਤਾਵੇਜ਼ਾਂ ਵਿੱਚ ਮੌਜੂਦ ਦਸਤਖਤਾਂ ਨਾਲ ਕਰਵਾਉਣ ਦੀ ਵੀ ਮੰਗ ਰੱਖੀ ਗਈ।
ADCP ਲੁਧਿਆਣਾ ਸ੍ਰੀ ਜਸ਼ਨਦੀਪ ਸਿੰਘ ਗਿੱਲ ਵੱਲੋਂ ਬਾਰ ਐਸੋਸੀਏਸ਼ਨ ਦੀਆਂ ਉਕਤ ਸਾਰੀਆਂ ਮੰਗਾਂ ਨੂੰ ਤੁਰੰਤ ਮੰਨਦੇ ਹੋਏ ਸੰਬੰਧਿਤ ਵਿਭਾਗਾਂ ਨੂੰ ਜ਼ਰੂਰੀ ਪੱਤਰ ਜਾਰੀ ਕਰ ਦਿੱਤੇ ਗਏ ਅਤੇ ਦਿਲਜੋਤ ਕੌਰ ਨੂੰ ਪੂਰਾ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਮਾਨਸਾ ਬਾਰ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਕਿ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਜਾਣਗੇ ਅਤੇ ਇਹ ਸੰਘਰਸ਼ ਪੂਰੀ ਦ੍ਰਿੜਤਾ ਨਾਲ ਜਾਰੀ ਰਹੇਗਾ।