ਬਠਿੰਡਾ ਪੁਲਿਸ ਨੇ ਦੋ ਨਸ਼ਾ ਤਸਕਰ ਗ੍ਰਿਫਤਾਰ ਕਰਕੇ ਬਰਾਮਦ ਕੀਤਾ ਡੇਢ ਕਿੱਲੋ ਚਿੱਟਾ
ਅਸ਼ੋਕ ਵਰਮਾ
ਬਠਿੰਡਾ, 6 ਦਸੰਬਰ 2025:ਬਠਿੰਡਾ ਪੂਲਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਡੇਢ ਕਿੱਲੋ ਚਿੱਟਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਅੱਜ ਐਸਪੀ ਹਿਨਾ ਗੁਪਤਾ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਖੁਲਾਸਾ ਕਰਦਿਆਂ ਦੱਸਿਆ ਕਿ ਸੀਆਈਏ ਸਟਾਫ 2 ਦੀ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਜੀਦਾ ਟੋਲ ਪਲਾਜੇ ਕੋਲ ਨਾਕਾ ਲਾਇਆ ਹੋਇਆ ਸੀ। ਇਸ ਮੌਕ।ੇ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਹਾਂਡਾ ਅਮੇਜ਼ ਕਾਰ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ ਤੇ ਇਹ ਚਿੱਟਾ ਬਰਾਮਦ ਹੋਇਆ ਹੈ। ਗ੍ਰਿਫਤਾਰ ਨਸ਼ਾ ਤਸਕਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਾਣਾ ਪੁੱਤਰ ਦਰਸ਼ਨ ਸਿੰਘ ਵਾਸੀ ਕੋਟ ਭਾਰਾ ਹਾਲ ਅਬਾਦ ਗਲੀ ਨੰਬਰ 01 ਹਾਜੀ ਰਤਨ ਬਠਿੰਡਾ ਅਤੇ ਸੰਦੀਪ ਸਿੰਘ ਉਰਫ ਦੀਪੂ ਪੁੱਤਰ ਚਰਨਜੀਤ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਵਜੋਂ ਹੋਈ ਹੈ।
ਐਸਪੀ ਨੇ ਦੱਸਿਆ ਕਿ ਅਦਾਲਤ ਚੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਮਨਪ੍ਰੀਤ ਸਿੰਘ ਬੇਰੁਜ਼ਗਾਰ ਹੈ ਅਤੇ ਉਸ ਖਿਲਾਫ ਪੰਜ ਮੁਕੱਦਮੇ ਦਰਜ ਹੋਏ ਸਨ ਜਿੰਨ੍ਹਾਂ ਵਿੱਚੋਂ ਦੋ ਚੋਂ ਉਹ ਬਰੀ ਹੋ ਚੁੱਕਿਆ ਹੈ ਜਦੋਂਕਿ ਇੱਕ ਮੁਕੱਦਮਾ ਸੁਣਵਾਈ ਅਧੀਨ ਹੈ। ਇਸੇ ਤਰਾਂ ਹੀ ਥਾਣਾ ਸਦਰ ’ਚ ਦਰਜ ਦੋ ਮੁਕੱਦਮਿਆਂ ਚੋਂ ਇੱਕ ’ਚ ਦੋ ਸਾਲ ਦੀ ਸਜ਼ਾ ਅਤੇ 4 ਹਜ਼ਾਰ ਜੁਰਮਾਨਾ ਹੋਇਆ ਹੈ ਜਦੋਂਕਿ ਦੂਸਰੇ ’ਚ ਦੋ ਮਹੀਨੇ ਦੀ ਸਜ਼ਾ ਤੇ 15 ਹਜ਼ਾਰ ਜੁਰਮਾਨਾ ਹੋਇਆ ਸੀ। ਪੁਲਿਸ ਅਨੁਸਾਰ ਸੰਦੀਪ ਸਿੰਘ ਟੈਕਸੀ ਚਲਾਉਂਦਾ ਹੈ ਅਤੇ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।