ਬਠਿੰਡਾ ਦੇ ਜੋਗਾ ਨਗਰ ਵਾਸੀਆਂ ਨੂੰ ਕੂੜੇ ਕਰਕਟ ਅਤੇ ਪਾਣੀ ਦੀਆਂ ਦਿੱਕਤਾਂ ਦਰਪੇਸ਼
ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ 2025 :ਮਹਾਂਨਗਰ ਅੰਦਰ ਸੀਵਰੇਜ਼, ਪਾਣੀ , ਟ੍ਰੈਫਿਕ ਅਤੇ ਕੂੜੇ ਕਰਕਟ ਵਰਗੀਆਂ ਦਿੱਕਤਾਂ ਘਟਣ ਦੀ ਬਜਾਏ ਦਿਨੋ ਦਿਨ ਵੱਧ ਰਹੀਆਂ ਹਨ। ਨਗਰ ਨਿਗਮ ਵੱਲੋਂ ਬੇਸ਼ੱਕ ਹਰ ਸਾਲ ਇਨ੍ਹਾਂ ਸੱਮਿਸਆਵਾਂ ਨੂੰ ਦੂਰ ਕਰਨ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਫਿਰ ਵੀ ਸ਼ਹਿਰ ਦੇ ਲੋਕ ਇਨ੍ਹਾਂ ਮੁਸ਼ਕਲਾਂ ਤੋਂ ਬਾਹਰ ਨਹੀਂ ਨਿਕਲ ਸਕੇ । ਮਾਨਸਾ ਰੋਡ ’ਤੇ 13 ਨੰਬਰ ਵਾਰਡ ਅਧੀਨ ਪੈਂਦੇ ਜੋਗਾ ਨਗਰ ਦੇ ਵਸਿੰਦੇ ਕੂੜੇ ਕਰਕਟ ਦੇ ਢੇਰਾਂ ਅਤੇ ਪੀਣ ਵਾਲੇ ਪਾਣੀ ਵਿੱਚ ਆ ਰਹੇ ਸੀਵਰੇਜ਼ ਦੇ ਗੰਦੇ ਪਾਣੀ ਤੋਂ ਖਾਸੇ ਔਖੇ ਹਨ ਜੋ ਤਾਜਾ ਮਿਸਾਲ ਸਾਹਮਣੇ ਆਈ ਹੈ। ਇਥੋਂ ਦੇ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸੱਮਿਸਆ ਇਕ ਸਿਰਦਰਦੀ ਬਣੀ ਹੋਈ ਹੈ ਜਿਥੇ ਲੋਕਾਂ ਨੂੰ ਸਾਫ ਸੁਥਰਾ ਵਾਟਰ ਵਰਕਸ ਦਾ ਪਾਣੀ ਨਹੀਂ ਮਿਲ ਰਿਹਾ ਜਿਸ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਨਗਰ ਵਿਖੇ ਹਫਤਾ ਹਫਤਾ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਜੋ ਕੂੜਾ ਕਰਕਟ ਚੁੱਕਣ ਵਾਲੇ ਕਰਮਚਾਰੀਆਂ ਵੱਲੋਂ ਚੁੱਕਿਆ ਨਹੀਂ ਜਾਂਦਾ। ਇਨ੍ਹਾਂ ਦਿੱਕਤਾਂ ਨੂੰ ਲੈ ਕੇ ਲੋਕਾਂ ਨੇ ਇੱਕਠੇ ਹੋ ਕੇ ਨਗਰ ਨਿਗਮ ਕਮਿਸ਼ਨਰ ਬਠਿੰਡਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਐਡਵੋਕੇਟ ਰਣਜੀਤ ਸਿੰਘ, ਰਾਜ ਕੁਮਾਰ , ਸ਼ੰਕਰ ਲਾਲ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਭੀਮ ਸੈਨ, ਕਸ਼ਮੀਰ ਸਿੰਘ, ਉਰਮਲਾ ਰਾਣੀ, ਗੁਰਬਖਸ਼ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਵਾਟਰ ਵਰਕਸ ਦੇ ਪਾਣੀ ਨਾਲ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪਾਣੀ ਪੀਣ ਯੋਗ ਨਾ ਹੋਣ ਕਾਰਨ ਉਨ੍ਹਾਂ ਨੂੰ ਬਾਹਰੋਂ ਆਰ ਓ ਸਿਸਟਮ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਹਫਤਾ ਹਫਤਾ ਉਨ੍ਹਾਂ ਦੇ ਮੁੱਹਲੇ ਵਿੱਚ ਕੂੜਾ ਕਰਕਟ ਪਿਆ ਰਹਿੰਦਾ ਹੈ ਕਿਉਂਕਿ ਕੂੜਾ ਕਰਕਟ ਚੁੱਕਣ ਵਾਲੇ ਕਰਮਚਾਰੀ ਸਮੇਂ ਸਿਰ ਨਹੀਂ ਆਉਂਦੇ ਜਿਸ ਨਾਲ ਹਰ ਸਮੇਂ ਸੜਾਂਦ ਮਾਰਦੀ ਰਹਿੰਦੀ ਹੈ। ਉਨ੍ਹਾਂ ਨੇ ਰੋਸ਼ ਜਾਹਰ ਕਰਦਿਆਂ ਕਿਹਾ ਕਿ ਲੋਕਾਂ ਤੋਂ ਕੂੜੇ ਅਤੇ ਪਾਣੀ ਦੇ ਬਿਲ ਤਾਂ ਰੈਗੂਲਰ ਭਰਵਾਏ ਜਾ ਰਹੇ ਹਨ ਪਰ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਰਿਹਾ। ਲੋਕਾਂ ਨੇ ਮੰਗ ਕੀਤੀ ਇਨ੍ਹਾਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਵੇ। ਜਦੋਂ ਇਸ ਸਬੰਧੀ ਸੰਬਧਿਤ ਜੇਈ ਇੰਜੀ. ਮੋਹਿਤ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਕਿਸੇ ਕਾਰਨ ਫੋਨ ਨਹੀਂ ਚੁੱਕਿਆ ਗਿਆ।
ਜਲਦੀ ਹੱਲ ਕਰਨ ਦਾ ਭਰੋਸਾ
ਨਗਰ ਨਿਗਮ ਬਠਿੰਡਾ ਦੇ ਦਫਤਰ ਪਹੁੰਚੇ ਲੋਕਾਂ ਨੂੰ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਭਰੋਸਾ ਦਿਵਾਇਆ ਕਿ ਉਹ ਚੈੱਕ ਕਰਵਾ ਕੇ ਪਾਣੀ ਤੇ ਕੂੜੇ ਕਰਕਟ ਦੀ ਸਮੱਸਿਆ ਨੂੰ ਦੂਰ ਕਰਵਾਉਣ ਦੀ ਕੋਸ਼ਿਸ ਕਰਨਗੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।