ਖੱਬੇ ਪੱਖੀ ਪਾਰਟੀਆਂ ਵੱਲੋਂ ਮਨਰੇਗਾ ਅਤੇ ਬਿਜਲੀ ਸੋਧ ਬਿੱਲ ਸਮੇਤ ਵੱਖ-ਵੱਖ ਮੁੱਦਿਆਂ ਤੇ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ 2025 :ਖੱਬੀਆਂ ਪਾਰਟੀਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਸੀਪੀ ਆਈ ਸੀਪੀਆਈਐਮ ਅਤੇ ਸੀਪੀ ਆਈ ਐਮ ਐਲ ਦੇ ਵਰਕਰਾਂ ਨੇ ਅੱਜ ਜਿਲ੍ਹਾ ਕਚਹਿਰੀਆਂ ਬਠਿੰਡਾ ਦੇ ਸਾਹਮਣੇ ਧਰਨਾ ਲਾਉਣ ਪਿੱਛੋਂ ਰੋਹ ਭਰਪੂਰ ਰੋਸ ਮੁਜ਼ਾਹਰਾ ਅਤੇ ਰੋਸ ਮਾਰਚ ਕੀਤਾ । ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਸੀਪੀਆਈਐਮ ਦੇ ਤਹਿਸੀਲ ਸਕੱਤਰ ਬਲਕਾਰ ਸਿੰਘ ਮੰਡੀ ਕਲਾਂ ਨੇ ਬੋਲਦਿਆਂ ਹੋਇਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ 2005 ਨੂੰ ਖਤਮ ਕਰਕੇ ਮਜ਼ਦੂਰਾਂ ਨਾਲ ਬਹੁਤ ਵੱਡਾ ਧਰੋਹ ਕਮਾਇਆ ਹੈ।ਨਵੇਂ ਬਣਾਏ ਰੁਜ਼ਗਾਰ ਗਰੰਟੀ ਕਾਨੂੰਨ ਵਿੱਚ ਮਜ਼ਦੂਰਾਂ ਦਾ ਕੰਮ ਮੰਗਣ ਦਾ ਮੁੱਢਲਾ ਅਧਿਕਾਰ ਖਤਮ ਕਰ ਦਿੱਤਾ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੋਧਾਂ ਕਰਕੇ ਜਿਸ ਵਿੱਚ ਕੇਂਦਰ ਦਾ ਹਿੱਸਾ 90% ਤੋਂ 60 ਪ੍ਰਤੀਸ਼ਤ ਕਰਕੇ ਅਤੇ ਮੋਦੀ ਸਰਕਾਰ ਦੀ ਲਗਾਤਾਰ ਬਜਟ ਵਿੱਚ ਫੰਡ ਘਟਾਉਣ ਦੀ ਨੀਤੀ ਮਜ਼ਦੂਰ ਪੱਖੀ ਕਾਨੂੰਨ ਖਤਮ ਕਰਨ ਦੀ ਬਦਨੀਤੀ ਨੂੰ ਉਜਾਗਰ ਕਰਦਾ ਹੈ ।
ਉਹਨਾਂ ਕਿਹਾ ਕਿ ਪਹਿਲਾਂ ਹੀ ਕੰਗਾਲ ਹੋ ਚੁੱਕੀਆਂ ਰਾਜ ਸਰਕਾਰਾਂ ਦਾ ਬਜਟ ਹਿੱਸਾ 40% ਕਰਕੇ ਵੱਡਾ ਬੋਝ ਰਾਜ ਸਰਕਾਰਾਂ ਦੇ ਸਿਰ ਮੜ ਦਿੱਤਾ ਹੈ। ਰਾਜ ਸਰਕਾਰਾਂ ਕੋਲ ਬਜਟ ਨਾ ਹੋਣ ਕਾਰਨ ਇਸ ਸਕੀਮ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ ।ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਦਾ ਪੁਰਾਣਾ ਕਾਨੂੰਨ ਬਹਾਲ ਕੀਤਾ ਜਾਵੇ,200 ਦਿਨ ਕੰਮ ਗਰੰਟੀ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ । ਕੇਂਦਰ ਸਰਕਾਰ ਦੁਆਰਾ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਦਾ ਸਖਤ ਵਿਰੋਧ ਕਰਦਿਆਂ ਉਹਨਾਂ ਮੰਗ ਕੀਤੀ ਕਿ ਅਜਿਹੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਬਿਜਲੀ ਅਤੇ ਖੇਤੀ ਸੈਕਟਰ ਪ੍ਰਾਈਵੇਟ ਬਗਿਆੜਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਜਿਸ ਨਾਲ ਕਾਰਪੋਰੇਟੀ ਲੁੱਟ ਹੋਰ ਤੇਜ਼ ਹੋਵੇਗੀ । ਬਿਜਲੀ ਅਤੇ ਖੇਤੀ ਦੇ ਬੀਜ ਆਮ ਲੋਕਾਂ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ।ਉਹਨਾਂ ਮੰਗ ਕੀਤੀ ਕਿ ਬਿਜਲੀ ਅਤੇ ਖੇਤੀ ਲਈ ਸਰਕਾਰੀ ਢਾਂਚੇ ਦਾ ਵਿਕਾਸ ਕੀਤਾ ਜਾਵੇ ਅਤੇ ਸਰਕਾਰ ਇਹਨਾਂ ਖੇਤਰਾਂ ਵਿੱਚ ਪ੍ਰਾਈਵੇਟ ਦਾਖਲਾ ਬਿਲਕੁਲ ਬੰਦ ਕਰੇ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਮੁਲਾਜ਼ਮ ਆਗੂ ਪੂਰਨ ਸਿੰਘ ਗੁੰਮਟੀ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਬਣੇ ਹੋਏ ਸਾਰੇ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ । ਜਿਸ ਨਾਲ ਮਜ਼ਦੂਰਾਂ ਦੇ ਮੁਢਲੇ ਅਧਿਕਾਰ ਖਤਮ ਹੋ ਗਏ ਹਨ । ਇਸ ਕਾਨੂੰਨ ਨਾਲ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹ ਜਿਸ ਦੇ ਜਿਸ ਦੇ ਮਾੜੇ ਸਿੱਟੇ ਸਾਹਮਣੇ ਆ ਰਹੇ ਹਨ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਲੇਬਰ ਕੋਡ ਰੱਦ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕ ਬਹਾਲ ਕੀਤੇ ਜਾਣ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਫੁੱਲੋ ਮਿੱਠੀ, ਵਿਨੋਦ ਸਿੰਘ ਬਠਿੰਡਾ, ਅਮਰਜੀਤ ਸਿੰਘ ਭੋਖੜਾ ਰਾਜਾ ਸਿੰਘ ਦਾਨ ਸਿੰਘ ਵਾਲਾ ਰਜਿੰਦਰ ਸਿੰਘ ਬਲਾਹੜ ਮਹਿਮਾ ਅਤੇ ਬਨਵਾਰੀ ਲਾਲ ਬਠਿੰਡਾ ਨੇ ਵੀ ਸੰਬੋਧਨ ਕੀਤਾ ।