ਬਠਿੰਡਾ ਜੇਲ੍ਹ ਦੇ ਸਾਬਕਾ ਸੁਪਰਡੈਂਟ ਤੋਂ ਤੰਗ ਆਕੇ ਬਜ਼ੁਰਗ ਵੱਲੋਂ ਆਤਮਹੱਤਿਆ
ਅਸ਼ੋਕ ਵਰਮਾ
ਬਠਿੰਡਾ , 19 ਅਗਸਤ 2026 : ਕੇਂਦਰੀ ਜੇਲ੍ਹ ਬਠਿੰਡਾ ਦੇ ਇੱਕ ਸਾਬਕਾ ਸੁਪਰਡੈਂਟ ਤੋਂ ਤੰਗ ਆਕੇ ਹੁਣ ਉਸਦੇ ਹੀ ਇੱਕ ਰਿਸ਼ਤੇਦਾਰ ਸਾਬਕਾ ਫ਼ੌਜੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵੀਰ ਸਿੰਘ (63 ) ਪੁੱਤਰ ਕਾਕਾ ਸਿੰਘ ਵਾਸੀ ਰਾਮਪੁਰਾ ਫੂਲ ਵਜੋਂ ਹੋਈ ਹੈ। ਬਲਵੀਰ ਸਿੰਘ ਨੇ ਬਠਿੰਡਾ ਦੇ ਬੰਦ ਪਏ ਥਰਮਲ ਦੀ ਝੀਲ ਨੰਬਰ 2 ਵਿੱਚ ਅੱਜ ਦੁਪਿਹਰ ਵੇਲੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਬਜੁਰਗ ਸਕੂਟਰ ’ਤੇ ਸਵਾਰ ਹੋ ਕੇ ਆਇਆ ਜਿਸ ਨੂੰ ਖੜ੍ਹਾ ਕਰਕੇ ਉਸ ਨੇ ਤੁਰੰਤ ਹੀ ਝੀਲ ਨੰਬਰ 2 ਵਿੱਚ ਛਾਲ ਮਾਰ ਦਿੱਤੀ। ਲੋਕਾਂ ਵੱਲੋਂ ਜਾਣਕਾਰੀ ਦੇਣ ’ਤੇ ਪੁਲਿਸ ਅਤੇ ਨੌਜਵਾਨ ਵੈਲਫ਼ੇਅਰ ਟੀਮ ਮੌਕੇ ’ਤੇ ਪੁੱਜੀ ਜਿੰਨ੍ਹਾਂ ਪੁਲਿਸ ਤੇ ਐਨਡੀਆਰਐਫ ਦੀ ਮੱਦਦ ਨਾਲ ਕੁੱਝ ਹੀ ਸਮੇਂ ਦੌਰਾਨ ਬਜੁਰਗ ਦੀ ਲਾਸ਼ ਨੂੰ ਬਾਹਰ ਕੱਢ ਲਿਆ।
ਇਸ ਮੌਕੇ ਸੁਸਾਇਟੀ ਦੇ ਵਲੰਟੀਅਰਾਂ ਨੇ ਲਾਸ਼ ਨੂੰ ਫੌਰੀ ਤੌਰ ’ਤੇੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਖੁਦਕਸ਼ੀ ਕਰਨ ਤੋਂ ਪਹਿਲਾਂ ਬਜੁਰਗ ਨੇ ਕੋਈ ਵੀਡੀਓ ਵੀ ਬਣਾਈ ਹੈ ਜਿਸ ’ਚ ਉਸ ਨੇ ਆਪਣੇ ਹੀ ਰਿਸ਼ਤੇਦਾਰ ਤੇ ਸਾਬਕਾ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਉਸ ਦੀ ਪਤਨੀ ਸੁਖਵੰਤ ਕੌਰ ਸੁੱਖੀ ਉਰਫ਼ ਪਾਇਲ, ਭੈਣਾਂ ਬਲਵੀਰ ਕੌਰ ਤੇ ਗੁਰਦੀਪ ਕੌਰ ਤੋਂ ਇਲਾਵਾ ਭਾਣਜਾ ਅੰਕਿਤ ਉਰਫ਼ ਗੁਰਨੂਰ ’ਤੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਬਜੁਰਗ ਵੱਲੋਂ ਖੁਦਕਸ਼ੀ ਨੋਟ ਲਿਖਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਪੁਲਿਸ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।
ਮ੍ਰਿਤਕ ਬਲਵੀਰ ਸਿੰਘ ਸਾਬਕਾ ਫ਼ੌਜੀ ਹੈ ਅਤੇ ਉਹ ਗੋਬਿੰਦਪੁਰਾ ਕੇਂਦਰੀ ਜੇਲ੍ਹ ਵਿੱਚ ਠੇਕਾ ਆਧਾਰਤ ਕੋਈ ਕੰਮ ਕਰਦਾ ਸੀ। ਡੀਐਸਪੀ ਸਿਟੀ ਅਰੁਣ ਮੁੰਡਨ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਲਾਸ਼ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤੀ ਗਈ ਹੈ ਅਤੇ ਵਾਰਿਸਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਨੇ ਵੀਡੀਓ ’ਚ ਜਿੰਨ੍ਹਾਂ ਦਾ ਨਾਮ ਲਿਆ ਹੈ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸੇ ਸਾਬਕਾ ਜੇਲ੍ਹ ਅਧਿਕਾਰੀ ’ਤੇ ਕੁੱਝ ਦਿਨ ਪਹਿਲਾਂ ਇੱਕ ਔਰਤ ਨੇ ਵੀ ਕਈ ਤਰਾਂ ਦੇ ਗੰਭੀਰ ਦੋਸ਼ ਲਾਏ ਸਨ। ਇਸ ਔਰਤ ਨੇ ਨਿਹੰਗ ਜੱਥੇਬੰਦੀ ਦੀ ਸਹਾਇਤਾ ਨਾਲ ਕਾਰਵਾਈ ਲਈ ਧਰਨਾ ਵੀ ਲਾਇਆ ਸੀ।
- Download Babushahi App
-
-