ਪੱਤਰਕਾਰਾਂ ਦੇ ਰੋਸ ਮਗਰੋਂ ਪ੍ਰਬੰਧਕਾਂ ਨੂੰ ਯਾਦ ਆਇਆ ਸਤਿਕਾਰ
ਜਗਰਾਓ (ਦੀਪਕ ਜੈਨ)
ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਕਾਰਨ ਮੀਡੀਆ ਭਾਈਚਾਰੇ ਵਿੱਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਿੱਚ ਬੈਠਣ ਤੋਂ ਰੋਕਣ ਅਤੇ ਅੰਦਰ ਜਾਣ ਦੀ ਇਜਾਜ਼ਤ ਨਾ ਦੇਣ ਦੇ ਮਾਮਲੇ ਨੇ ਪ੍ਰਬੰਧਕੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ।.ਪ੍ਰਾਪਤ ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀ.ਪੀ.ਆਰ.ਓ.) ਵੱਲੋਂ ਪ੍ਰੈੱਸ ਲਈ ਬੈਠਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਜਦੋਂ ਪੱਤਰਕਾਰ ਚਾਹ ਪੀਣ ਲਈ ਗਏ ਹੋਏ ਸਨ ਤਾਂ ਆਮ ਆਦਮੀ ਪਾਰਟੀ ਦੇ ਆਗੂ ਤੇਜਪਾਲ ਸਿੰਘ ਨੇ ਮੰਚ ਤੋਂ ਸੰਬੋਧਨ ਕਰਦਿਆਂ ਦਾਖਾ ਦੇ ਐੱਸ.ਐੱਚ.ਓ. ਨਿਰਮਲ ਸਿੰਘ ਨੂੰ ਪ੍ਰੈੱਸ ਲਈ ਰੱਖੀਆਂ ਕੁਰਸੀਆਂ ’ਤੇ ਮਹਿਲਾਵਾਂ ਨੂੰ ਬਿਠਾਉਣ ਦੀ ਹਦਾਇਤ ਕਰ ਦਿੱਤੀ। ਜਦੋਂ ਪੱਤਰਕਾਰ ਵਾਪਸ ਆ ਕੇ ਆਪਣੀਆਂ ਨਿਰਧਾਰਤ ਸੀਟਾਂ ਵੱਲ ਜਾਣ ਲੱਗੇ ਤਾਂ ਪ੍ਰਬੰਧਕਾਂ ਵੱਲੋਂ ਇਹ ਕਹਿ ਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਕਿ ਪ੍ਰੈੱਸ ਨੂੰ ਕੋਈ ਸੱਦਾ-ਪੱਤਰ ਨਹੀਂ ਦਿੱਤਾ ਗਿਆ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਪੱਤਰਕਾਰ ਸਮਾਗਮ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਆਗੂ ਪਾਲੀ ਡੱਲਾ ਦੇ ਧਿਆਨ ਵਿੱਚ ਲਿਆਂਦਾ। ਪੱਤਰਕਾਰਾਂ ਅਨੁਸਾਰ, ਇਸ ਦੇ ਬਾਵਜੂਦ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਮਗਰੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਵੀ ਇਹ ਮਾਮਲਾ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਪੱਤਰਕਾਰਾਂ ਨੂੰ ਮੁੜ ਸਮਾਗਮ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਹ ਸਮਾਗਮ ਦੇ ਮੁੱਖ ਦੁਆਰ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।ਇਸ ਵਿਵਹਾਰ ਤੋਂ ਖ਼ਫ਼ਾ ਹੋਏ ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਨੇ ਸਖ਼ਤ ਸਟੈਂਡ ਲੈਂਦਿਆਂ ਸਮਾਗਮ ਦੇ ਬਾਹਰ ਹੀ ਰੋਸ ਪ੍ਰਗਟਾਉਣ ਦਾ ਐਲਾਨ ਕਰ ਦਿੱਤਾ। ਪੱਤਰਕਾਰਾਂ ਵੱਲੋਂ ਇਕਜੁੱਟ ਹੋ ਕੇ ਲਏ ਗਏ ਇਸ ਸਟੈਂਡ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੀਡੀਆ ਨੂੰ ਮੁੜ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ ਪੱਤਰਕਾਰਾਂ ਲਈ ਵੱਖਰੀ ਥਾਂ ਨਿਰਧਾਰਤ ਕਰਕੇ ਕੁਰਸੀਆਂ ਲਗਾਈਆਂ ਗਈਆਂ।ਇਸ ਘਟਨਾਕ੍ਰਮ ਦੌਰਾਨ ਮੀਡੀਆ ਨਾਲ ਹੋਏ ਵਿਵਹਾਰ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚ ਗਈ ਸੀ। ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਵਾਰ-ਵਾਰ ਜਗਰਾਉਂ ਦੇ ਮੀਡੀਆ ਦਾ ਜ਼ਿਕਰ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਤੇ ਨੇੜਤਾ ਬਣਾਈ ਰੱਖੀ।ਲੋਕਤੰਤਰ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਅਤੇ ਜਨਤਕ ਸਮਾਗਮਾਂ ਦੀ ਕਵਰੇਜ ਲਈ ਪੱਤਰਕਾਰਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਦੇ ਸਵਾਲ ਨੂੰ ਲੈ ਕੇ ਇਸ ਘਟਨਾ ਨੇ ਚਰਚਾ ਛੇੜ ਦਿੱਤੀ ਹੈ। ਪੱਤਰਕਾਰਾਂ ਦਾ ਮੰਨਣਾ ਹੈ ਕਿ ਜਨਤਕ ਪ੍ਰੋਗਰਾਮਾਂ ਵਿੱਚ ਮੀਡੀਆ ਨਾਲ ਸਤਿਕਾਰਪੂਰਨ ਵਿਵਹਾਰ ਅਤੇ ਪ੍ਰਬੰਧਾਂ ਵਿੱਚ ਤਾਲਮੇਲ ਬਣਾਈ ਰੱਖਣਾ ਪ੍ਰਸ਼ਾਸਨ ਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ।ਇਸ ਮੌਕੇ ਹੇਮ ਰਾਜ ਬੱਬਰ, ਕੁਲਦੀਪ ਸਿੰਘ ਲੋਹਟ, ਵਿਨੋਦ ਕੁਮਾਰ, ਕਮਲ ਪੱਪੂ, ਕੁੰਵਰ ਸ਼ਰਮਾ, ਜਗਪਾਲ ਸਿੰਘ ਸਿਵੀਆਂ ਅਤੇ ਲੱਕੀ ਹੇਰਾਂ, ਹਰਜਿੰਦਰ ਸਿੰਘ ਸਿੱਧੂ ਆਦਿ ਸਮੇਤ ਹੋਰ ਪੱਤਰਕਾਰ ਹਾਜ਼ਰ ਸਨ।
- Download Babushahi App
-
-