ਪੰਜਾਬ ਦੇ 84 ਦਿਹਾਤੀ ਸੀ.ਐੱਚ.ਸੀਜ਼. ਵਿੱਚ 84% ਮਾਹਿਰ ਡਾਕਟਰ ਗਾਇਬ, ਇੱਕ ਵੀ ਕੇਂਦਰ ਪੂਰਾ ਨਹੀਂ: ਵਿਜੇ ਸਾਂਪਲਾ
ਇਸ਼ਤਿਹਾਰਾਂ 'ਤੇ ਕਰੋੜਾਂ ਫੂਕਣ ਵਾਲੀ 'ਆਪ' ਨੇ ਸਬ-ਡਿਵੀਜ਼ਨਲ ਤੇ ਜ਼ਿਲ੍ਹਾ ਹਸਪਤਾਲ ਕੀਤੇ ਡਾਕਟਰ-ਵਿਹੂਣੇ: ਵਿਜੇ ਸਾਂਪਲਾ
ਚੰਡੀਗੜ੍ਹ, 11 ਨਵੰਬਰ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਭਗਵੰਤ ਮਾਨ ਸਰਕਾਰ ਦੇ 'ਸਿਹਤ ਕ੍ਰਾਂਤੀ' ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਜਿਵੇਂ 'ਸਿੱਖਿਆ ਕ੍ਰਾਂਤੀ' ਵਿੱਚ 60% ਪ੍ਰਿੰਸੀਪਲ (1,153) ਤੇ 35,000 ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਛੱਡ ਕੇ ਇਸ਼ਤਿਹਾਰਬਾਜ਼ੀ ਕੀਤੀ ਗਈ, ਉਵੇਂ ਹੀ ਹੁਣ ਸਿਹਤ ਢਾਂਚਾ ਵੀ ਵੈਂਟੀਲੇਟਰ 'ਤੇ ਹੈ। ਉਨ੍ਹਾਂ ਇਹ ਦਾਅਵਾ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ('ਹੈਲਥ ਡਾਇਨਾਮਿਕਸ ਆਫ਼ ਇੰਡੀਆ: 2024-25') ਦੇ ਹਵਾਲੇ ਨਾਲ ਕੀਤਾ।
ਦਿਹਾਤੀ ਤੇ ਸ਼ਹਿਰੀ ਸੀ.ਐੱਚ.ਸੀਜ਼. 'ਚ ਮਾਹਿਰਾਂ ਦਾ ਭਾਰੀ ਸੰਕਟ
ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸਾਂਪਲੇ ਦੱਸਿਆ ਕਿ ਕੇਂਦਰੀ ਰਿਪੋਰਟ ਮੁਤਾਬਕ 84 ਦਿਹਾਤੀ ਕਮਿਊਨਿਟੀ ਹੈਲਥ ਸੈਂਟਰਾਂ (CHCs) ਵਿੱਚੋਂ ਇੱਕ ਵੀ ਕੇਂਦਰ ਅਜਿਹਾ ਨਹੀਂ, ਜਿੱਥੇ ਚਾਰੇ ਮੁੱਖ ਮਾਹਿਰ (ਸਰਜਨ, ਗਾਇਨੀਕੋਲੋਜਿਸਟ, ਫਿਜ਼ੀਸ਼ੀਅਨ, ਬੱਚਿਆਂ ਦੇ ਡਾਕਟਰ) ਮੌਜੂਦ ਹੋਣ। ਮਨਜ਼ੂਰਸ਼ੁਦਾ 268 ਅਸਾਮੀਆਂ ਵਿੱਚੋਂ 224 (ਲਗਭਗ 84%) ਖਾਲੀ ਹਨ ਤੇ ਸਿਰਫ਼ 44 ਮਾਹਿਰ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਸਰਜਨ ਦੀਆਂ 67 ਵਿੱਚੋਂ 10, ਗਾਇਨੀਕੋਲੋਜਿਸਟ ਦੀਆਂ 71 ਵਿੱਚੋਂ 11, ਫਿਜ਼ੀਸ਼ੀਅਨ ਦੀਆਂ 56 ਵਿੱਚੋਂ 8 ਅਤੇ ਬੱਚਿਆਂ ਦੇ ਮਾਹਿਰਾਂ ਦੀਆਂ 74 ਵਿੱਚੋਂ 15 ਅਸਾਮੀਆਂ ਹੀ ਭਰੀਆਂ ਹਨ। ਐਮਰਜੈਂਸੀ ਸਰਜਰੀ ਲਈ ਜ਼ਰੂਰੀ ਅਨੈਸਥੀਸੀਆ ਮਾਹਿਰਾਂ ਦੀਆਂ 29 ਵਿੱਚੋਂ 26 ਅਸਾਮੀਆਂ ਖਾਲੀ ਹਨ। 79 ਸ਼ਹਿਰੀ ਸੀ.ਐੱਚ.ਸੀਜ਼. ਵਿੱਚੋਂ ਵੀ ਸਿਰਫ਼ 3 ਕੇਂਦਰ ਪੂਰੇ ਹਨ, ਜਿੱਥੇ 346 ਵਿੱਚੋਂ 225 ਅਸਾਮੀਆਂ ਖਾਲੀ ਹਨ।
ਸਬ-ਡਿਵੀਜ਼ਨਲ ਤੇ ਜ਼ਿਲ੍ਹਾ ਹਸਪਤਾਲ ਵੀ ਬਦਹਾਲ; ਸਿਹਤ ਮੰਤਰੀ ਦੀ ਚੁੱਪ
ਸਬ-ਡਿਵੀਜ਼ਨਲ ਹਸਪਤਾਲਾਂ ਵਿੱਚ 575 ਵਿੱਚੋਂ 235 ਡਾਕਟਰ ਅਤੇ 661 ਵਿੱਚੋਂ 390 ਮਾਹਿਰ ਹੀ ਤਾਇਨਾਤ ਹਨ, ਜਦਕਿ ਜ਼ਿਲ੍ਹਾ ਹਸਪਤਾਲਾਂ ਵਿੱਚ 570 ਵਿੱਚੋਂ 328 ਡਾਕਟਰ ਅਤੇ 713 ਵਿੱਚੋਂ 533 ਮਾਹਿਰ ਕੰਮ ਕਰ ਰਹੇ ਹਨ। ਇਨ੍ਹਾਂ ਅੰਕੜਿਆਂ 'ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਚੁੱਪ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਦਾ ਪ੍ਰਚਾਰ ਦੇ ਨਾਂ ਉੱਤੇ ਪੰਜਾਬ ਦੇ ਪੂਰੇ ਹੈਲਥ ਸਿਸਟਮ ਦਾ ਭੱਠਾ ਬਿਠਾ ਦਿੱਤਾ ਗਿਆ। ਭਾਜਪਾ ਪੰਜਾਬ ਨੇ ਮੰਗ ਕੀਤੀ ਕਿ 'ਆਪ' ਸਰਕਾਰ ਸੀ.ਐੱਚ.ਸੀਜ਼. ਤੇ ਹਸਪਤਾਲਾਂ ਵਿੱਚ ਖਾਲੀ ਡਾਕਟਰਾਂ ਅਤੇ ਮਾਹਿਰਾਂ ਦੀਆਂ ਅਸਾਮੀਆਂ ਸਮਾਂਬੱਧ ਢੰਗ ਨਾਲ ਤੁਰੰਤ ਭਰੇ ਅਤੇ ਸਿਹਤ ਬਜਟ, ਇਸ਼ਤਿਹਾਰਾਂ ਤੇ ਭਰਤੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ।
- Download Babushahi App
-
-